17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪੰਜਾਬੀ ’ਵਰਸਿਟੀ ਵਿਖੇ ਚਾਰ ਦਿਨਾ ਰਾਜ ਪੱਧਰੀ ਅੰਤਰ-ਵਰਸਿਟੀ ਯੁਵਕ ਮੇਲਾ ਆਰੰਭ

ਪਟਿਆਲਾ, 17 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦਾ ਚਾਰ ਦਿਨਾਂ ‘ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲਾ ֈ ’ ਆਰੰਭ ਹੋ ਗਿਆ ਹੈ। ਇਸ ਯੁਵਕ ਮੇਲੇ ਦਾ ਉਦਘਾਟਨ ਉਪ-ਕੁਲਪਤੀ ਡਾ.

ਅਜੀਤ ਡੈਸਕ 18-11-2026
ਪਟਿਆਲਾ, 17 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦਾ ਚਾਰ ਦਿਨਾਂ ‘ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲਾ ֈ ’ ਆਰੰਭ ਹੋ ਗਿਆ ਹੈ। ਇਸ ਯੁਵਕ ਮੇਲੇ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤਾ। ਉੱਘੇ ਲੋਕ ਗਾਇਕ ਪੰਮੀ ਬਾਈ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਜ਼ਿਕਰਯੋਗ ਹੈ ਕਿ ਇਸ ਚਾਰ ਦਿਨਾਂ ਯੁਵਕ ਮੇਲੇ ਦੌਰਾਨ ਪੰਜਾਬ ਦੀਆਂ 23 ਵੱਖ-ਵੱਖ ਯੂਨੀਵਰਸਿਟੀਆਂ ਦੇ ਯੁਵਕ ਮੇਲਿਆਂ ਵਿਚ ਜੇਤੂ ਵਿਦਿਆਰਥੀ 56 ਵੱਖ-ਵੱਖ ਕਲਾ ਅਤੇ ਸੱਭਿਆਚਾਰਕ ਵੰਨਗੀਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਉਦਘਾਟਨੀ ਸ਼ਬਦਾਂ ਵਿਚ ਕਿਹਾ ਕਿ ਯੁਵਕ ਮੇਲੇ ਮਹਿਜ਼ ਮੁਕਾਬਲਿਆਂ ਜਾਂ ਇਨਾਮਾਂ ਤੱਕ ਸੀਮਤ ਨਹੀਂ ਹੁੰਦੇ, ਸਗੋਂ ਇਹ ਨੌਜਵਾਨਾਂ ਦੀ ਪ੍ਰਤਿਭਾ, ਸਿਰਜਣਾਤਮਕਤਾ ਅਤੇ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਦੇ ਮਹੱਤਵਪੂਰਨ ਮੰਚ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਉਦੇਸ਼ ਕੇਵਲ ਡਿਗਰੀਆਂ ਹਾਸਲ ਕਰਨਾ ਨਹੀਂ, ਬਲਕਿ ਅਜਿਹੇ ਸੰਵੇਦਨਸ਼ੀਲ, ਸਿਰਜਣਸ਼ੀਲ ਅਤੇ ਜ਼ਿੰਮੇਵਾਰ ਨਾਗਰਿਕ ਤਿਆਰ ਕਰਨਾ ਵੀ ਹੈ, ਜੋ ਸਮਾਜ ਅਤੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਣ। ਇਸ ਮਕਸਦ ਦੀ ਪੂਰਤੀ ਲਈ ਯੁਵਕ ਮੇਲੇ ਵਿਸ਼ੇਸ਼ ਸਥਾਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਦਾ ਆਪਣਾ ਅਮੀਰ ਸੱਭਿਆਚਾਰਕ ਵਿਰਸਾ ਹੈ ਅਤੇ ਸਾਡੀ ਨੌਜਵਾਨ ਪੀੜ੍ਹੀ ਇਸ ਵਿਰਾਸਤ ਦੀ ਅਸਲ ਵਾਰਿਸ ਹੈ। ਅਜਿਹੇ ਮੇਲੇ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਦੇ ਪ੍ਰਗਟਾਵੇ ਲਈ ਇੱਕ ਸਾਂਝਾ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮੁਕਾਬਲੇ ਦੀ ਭਾਵਨਾ ਦੇ ਨਾਲ-ਨਾਲ ਆਪਸੀ ਸਾਂਝ , ਸਹਿਯੋਗ ਅਤੇ ਖੇਡ ਭਾਵਨਾ ਨੂੰ ਵੀ ਇਸ ਮੇਲੇ ਦਾ ਅਹਿਮ ਹਿੱਸਾ ਬਣਾਉਣ। ਮੁੱਖ ਮਹਿਮਾਨ ਪੰਮੀ ਬਾਈ ਨੇ ਕਿਹਾ ਕਿ ਪੰਜਾਬੀ ਲੋਕ ਕਲਾ, ਲੋਕ ਸੰਗੀਤ ਅਤੇ ਸੱਭਿਆਚਾਰਕ ਪਰੰਪਰਾਵਾਂ ਸਾਡੀ ਅਨਮੋਲ ਪੂੰਜੀ ਹਨ। ਇਨ੍ਹਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਨੌਜਵਾਨਾਂ ਦੀ ਸਰਗਰਮ ਭੂਮਿਕਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਮਿੱਟੀ, ਬੋਲੀ ਅਤੇ ਵਿਰਸੇ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ। ਮੇਲੇ ਦੇ ਪਹਿਲੇ ਦਿਨ ਭੰਗੜੇ ਦੇ ਮੁਕਾਬਲਿਆਂ ਅਤੇ ਦਰਸ਼ਕਾਂ ਦੇ ਉਤਸ਼ਾਹ ਨੇ ਉਦਘਾਟਨ ਸਮਾਰੋਹ ਨੂੰ ਸਿਖਰ ’ਤੇ ਪਹੁੰਚਾਇਆ। ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਦੱਸਿਆ ਕਿ ਇਹ ਮੇਲਾ ਚਾਰ ਦਿਨ ਪੰਜ ਵੱਖ-ਵੱਖ ਮੰਚਾਂ ’ਤੇ ਸਮਾਨੰਤਰ ਚੱਲੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਸਮੂਹ ਸ਼ਬਦ, ਸ਼ਾਸਤਰੀ ਸੰਗੀਤ, ਕਲਾਸਿਕਲ ਨਾਚ, ਮਾਈਮ, ਭੰਡ, ਸਟੈਂਡ ਅਪ ਕਮੇਡੀ, ਮਿਮਿਕਰੀ, ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਕੁਇਜ਼, ਪੰਜਾਬੀ ਮੁਹਾਵਰੇਦਾਰ ਵਾਰਤਾਲਾਪ, ਕਰੋਸ਼ੀਏ ਦੀ ਬੁਣਤੀ, ਨਾਲਾ ਬੁਣਨਾ, ਕਢਾਈ (ਬਾਗ), ਕਢਾਈ (ਫੁਲਕਾਰੀ), ਪੱਖੀ ਬਣਾਉਣਾ, ਗੁੱਡੀਆਂ ਪਟੋਲੇ ਬਣਾਉਣਾ, ਪਰਾਂਦਾ ਬਣਾਉਣਾ, ਰੱਸਾ ਵੱਟਣਾ, ਟੋਕਰੀ ਬਣਾਉਣਾ, ਛਿੱਕੂ ਬਣਾਉਣਾ, ਪੀੜੀ ਬੁਣਨੀ, ਮਿੱਟੀ ਦੇ ਖਿਡੌਣੇ, ਖਿੱਦੋ ਬਣਾਉਣਾ, ਇੰਨੂੰ ਬਣਾਉਣਾ ਆਦਿ ਦੇ ਮੁਕਾਬਲੇ ਹੋਏ।
ਪਿਛਲੀ ਖ਼ਬਰ ਗੁ. ਘੋੜਿਆਂ ਵਾਲਾ ਵਿਖੇ ਪਹਿਲੀ ਪਾਤਿਸ਼ਾਹੀ ਤੇ ਚੌਥੀ ਪਾਤਿਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ... ਅਗਲੀ ਖ਼ਬਰ ਹਰ ਸਹਾਇ ਸੇਵਾ ਦਲ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੱਗੀ ਖਾਨਾ ਵਿਖੇ ਦੰਦਾਂ ਦਾ ਨਿਰੀਖਣ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।