ਪੱਕੀ ਸਰਕਾਰੀ ਮੰਡੀ, ਕਾਲਜ, ਬੱਸ ਸੇਵਾ ਤੇ ਪੁਲਿਸ ਥਾਣਾ-ਡਕਾਲਾ ਵਾਸੀਆਂ ਦੀਆਂ ਚਾਰ ਵੱਡੀਆਂ ਮੰਗਾਂ ਲੰਮੇ ਸਮੇਂ ਤੋਂ ਅਧੂਰੀਆਂ
ਡਕਾਲਾ, 4 ਅਕਤੂਬਰ (ਰਵਿੰਦਰ ਸਿੰਘ ਪੰਜੇਟਾ)-ਹਲਕਿਆਂ ਦੀ ਹੱਦਬੰਦੀ ਦੌਰਾਨ ਹਲਕਾ ਡਕਾਲਾ ਨੂੰ ਹਲਕਾ ਸਮਾਣਾ ਵਿਚ ਸ਼ਾਮਲ ਕਰ ਦਿੱਤਾ ਗਿਆ ਸੀ, ਜਦਕਿ ਹਲਕਾ ਸਨੌਰ ਦੇ 152 ਪਿੰਡ ਵੀ ਹਲਕਾ ਸਮਾਣਾ ਵਿੱਚ ਪਾ ਦਿੱਤੇ ਗਏ ਸਨ। ਹੱਦਬੰਦੀ ਤੋਂ ਬਾਅਦ ਇਲਾਕੇ ਦੀ ਸਿਆਸੀ ਤਸਵੀਰ ਜ਼ਰੂਰ ਬਦਲੀ, ਪਰ ਡਕਾਲਾ ਅਤੇ ਇਸ ਨਾਲ ਲੱਗਦੇ ਪਿੰਡਾਂ ਦੀਆਂ ਕਈ ਮੁੱਢਲੀਆਂ ਲੋੜਾਂ ਅੱਜ ਵੀ ਪੂਰੀਆਂ ਨਹੀਂ ਹੋ ਸਕੀਆਂ।
ਪ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਕਾਂਗਰਸ ਦੀ ਦਿਹਾਤੀ ਜ਼ਿਲ੍ਹਾ ਪਟਿਆਲਾ ਗੁਰਸ਼ਰਨ ਕੌਰ ਰੰਧਾਵਾ, ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ ਡਕਾਲਾ
05-10-2026
ਡਕਾਲਾ, 4 ਅਕਤੂਬਰ (ਰਵਿੰਦਰ ਸਿੰਘ ਪੰਜੇਟਾ)-ਹਲਕਿਆਂ ਦੀ ਹੱਦਬੰਦੀ ਦੌਰਾਨ ਹਲਕਾ ਡਕਾਲਾ ਨੂੰ ਹਲਕਾ ਸਮਾਣਾ ਵਿਚ ਸ਼ਾਮਲ ਕਰ ਦਿੱਤਾ ਗਿਆ ਸੀ, ਜਦਕਿ ਹਲਕਾ ਸਨੌਰ ਦੇ 152 ਪਿੰਡ ਵੀ ਹਲਕਾ ਸਮਾਣਾ ਵਿੱਚ ਪਾ ਦਿੱਤੇ ਗਏ ਸਨ। ਹੱਦਬੰਦੀ ਤੋਂ ਬਾਅਦ ਇਲਾਕੇ ਦੀ ਸਿਆਸੀ ਤਸਵੀਰ ਜ਼ਰੂਰ ਬਦਲੀ, ਪਰ ਡਕਾਲਾ ਅਤੇ ਇਸ ਨਾਲ ਲੱਗਦੇ ਪਿੰਡਾਂ ਦੀਆਂ ਕਈ ਮੁੱਢਲੀਆਂ ਲੋੜਾਂ ਅੱਜ ਵੀ ਪੂਰੀਆਂ ਨਹੀਂ ਹੋ ਸਕੀਆਂ। ਡਕਾਲਾ ਅਤੇ ਆਸ-ਪਾਸ ਦਾ ਇਲਾਕਾ ਖੇਤੀਬਾੜੀ ਪ੍ਰਧਾਨ ਹੋਣ ਦੇ ਬਾਵਜੂਦ ਇੱਥੇ ਅਜੇ ਤੱਕ ਪੱਕੀ ਸਰਕਾਰੀ ਅਨਾਜ ਮੰਡੀ ਦੀ ਸਹੂਲਤ ਨਹੀਂ ਹੈ। ਕਿਸਾਨਾਂ ਨੂੰ ਆਪਣੀ ਫ਼ਸਲ ਦੀ ਖਰੀਦ-ਵੇਚ ਲਈ ਨਿੱਜੀ ਮੰਡੀਆਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਡਕਾਲਾ ਵਾਸੀਆਂ ਬੀਬੀ ਪ੍ਰਕਾਸ਼ ਕੌਰ, ਬੀਬੀ ਸੁਰੇਸ਼ ਰਾਣੀ, ਕੁਲਦੀਪ ਸਿੰਘ, ਦਾ ਕਹਿਣਾ ਹੈ ਕਿ ਡਕਾਲਾ ਵਿਚ ਪੱਕੀ ਸਰਕਾਰੀ ਅਨਾਜ ਮੰਡੀ ਸਥਾਪਤ ਹੋਣ ਨਾਲ ਆਸ-ਪਾਸ ਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਸਿੱਧਾ ਲਾਭ ਮਿਲ ਸਕਦਾ ਹੈ ਅਤੇ ਫ਼ਸਲ ਦੀ ਖਰੀਦ-ਵੇਚ ਲਈ ਆਵਾਜਾਈ ਦੀ ਸਮੱਸਿਆ ਵੀ ਘੱਟ ਹੋ ਸਕਦੀ ਹੈ। ਸਿੱਖਿਆ ਦੇ ਖੇਤਰ ਵਿੱਚ ਵੀ ਡਕਾਲਾ ਇਲਾਕੇ ਵਿੱਚ ਕਈ ਸਹੂਲਤਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਇੱਥੇ ਸਰਕਾਰੀ ਲੜਕੀਆਂ ਦਾ ਕਾਲਜ ਨਾ ਹੋਣ ਕਾਰਨ ਇਲਾਕੇ ਦੀਆਂ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਲਈ ਦੂਰ-ਦੁਰਾਡੇ ਜਾਣਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਡਕਾਲਾ ਵਿੱਚ ਸਰਕਾਰੀ ਲੜਕੀਆਂ ਦਾ ਕਾਲਜ ਸਥਾਪਤ ਕੀਤਾ ਜਾਵੇ, ਤਾਂ ਜੋ ਇਲਾਕੇ ਦੀਆਂ ਲੜਕੀਆਂ ਨੂੰ ਨੇੜੇ ਹੀ ਉੱਚ ਸਿੱਖਿਆ ਦੀ ਸਹੂਲਤ ਮਿਲ ਸਕੇ। ਇਸੇ ਤਰ੍ਹਾਂ ਡਕਾਲਾ ਇਲਾਕੇ ਵਿਚ ਸਰਕਾਰੀ ਬੱਸ ਸੇਵਾ ਦੀ ਵੀ ਘਾਟ ਹੈ। ਵਿਦਿਆਰਥੀਆਂ, ਬਜ਼ੁਰਗਾਂ ਅਤੇ ਆਮ ਲੋਕਾਂ ਨੂੰ ਆਉਣ-ਜਾਣ ਲਈ ਨਿੱਜੀ ਸਾਧਨਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਡਕਾਲਾ ਅਤੇ ਆਸ-ਪਾਸ ਦੇ ਪਿੰਡਾਂ ਨੂੰ ਮੁੱਖ ਸ਼ਹਿਰਾਂ ਨਾਲ ਜੋੜਨ ਲਈ ਨਿਯਮਤ ਸਰਕਾਰੀ ਬੱਸ ਸੇਵਾ ਦੀ ਲੋੜ ਹੈ, ਪਰ ਇਹ ਸਹੂਲਤ ਅਜੇ ਤੱਕ ਪੂਰੀ ਤਰ੍ਹਾਂ ਉਪਲਬਧ ਨਹੀਂ ਹੋ ਸਕੀ। ਦੂਜੇ ਪਾਸੇ, ਡਕਾਲਾ ਖੇਤਰ ਵਿਚੋਂ ਲੰਘਦੇ ਹਾਈਵੇਅ ਨੂੰ ਦੇਖਦਿਆਂ ਪੁਲਿਸ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਮੌਜੂਦਾ ਪੁਲਿਸ ਚੌਕੀ ਨੂੰ ਅਪਗ੍ਰੇਡ ਕਰਕੇ ਪੁਲਿਸ ਥਾਣੇ ਦਾ ਦਰਜਾ ਦਿੱਤਾ ਜਾਵੇ ਅਤੇ ਇਸ ਨੂੰ ਹਾਈਵੇਅ ਦੇ ਨੇੜੇ ਢੁੱਕਵੀਂ ਥਾਂ ’ਤੇ ਸਥਾਪਤ ਕੀਤਾ ਜਾਵੇ। ਇਸ ਨਾਲ ਹਾਈਵੇਅ ’ਤੇ ਸੜਕ ਹਾਦਸਾ ਜਾਂ ਹੋਰ ਐਮਰਜੈਂਸੀ ਵਾਪਰਨ ਦੀ ਸਥਿਤੀ ਵਿੱਚ ਪੁਲਿਸ ਮੁਲਾਜ਼ਮ ਮੌਕੇ ’ਤੇ ਜਲਦੀ ਪਹੁੰਚ ਸਕਣਗੇ ਅਤੇ ਲੋੜੀਂਦੀ ਕਾਰਵਾਈ ਸਮੇਂ ਸਿਰ ਕੀਤੀ ਜਾ ਸਕੇਗੀ। ਇਲਾਕਾ ਵਾਸੀ ਬਲਬੀਰ ਸਿੰਘ ਅਤੇ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਡਕਾਲਾ ਖੇਤਰ ਨਾਲ ਸਬੰਧਤ ਆਗੂ ਸਮੇਂ-ਸਮੇਂ ’ਤੇ ਸਰਕਾਰ ਵਿੱਚ ਅਹਿਮ ਅਹੁਦਿਆਂ ’ਤੇ ਰਹੇ ਹਨ। ਇਸ ਖੇਤਰ ਨਾਲ ਸਬੰਧਤ ਆਗੂ ਖਜ਼ਾਨਾ ਮੰਤਰੀ ਅਤੇ ਮੰਡੀ ਬੋਰਡ ਦੇ ਚੇਅਰਮੈਨ ਵਰਗੇ ਅਹਿਮ ਅਹੁਦਿਆਂ ’ਤੇ ਵੀ ਰਹੇ ਹਨ। ਇਸ ਦੇ ਬਾਵਜੂਦ ਪੱਕੀ ਸਰਕਾਰੀ ਅਨਾਜ ਮੰਡੀ, ਸਰਕਾਰੀ ਲੜਕੀਆਂ ਦਾ ਕਾਲਜ, ਸਰਕਾਰੀ ਬੱਸ ਸੇਵਾ ਅਤੇ ਮਜ਼ਬੂਤ ਪੁਲਿਸ ਪ੍ਰਬੰਧ ਵਰਗੀਆਂ ਮੁੱਢਲੀਆਂ ਮੰਗਾਂ ਦਾ ਅਜੇ ਤੱਕ ਪੂਰਾ ਨਾ ਹੋਣਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੂੰ ਡਕਾਲਾ ਦੀਆਂ ਇਨ੍ਹਾਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਇਨ੍ਹਾਂ ਨੂੰ ਅਮਲੀ ਰੂਪ ਵਿੱਚ ਪੂਰਾ ਕਰਨਾ ਚਾਹੀਦਾ ਹੈ।