30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪੁਆਧੀ ਪੰਜਾਬੀ ਸੱਥ ਨੇ ਸਰਕਾਰੀ ਕਾਲਜ ਮੁਹਾਲੀ ਵਿਖੇ 23 ਵਾਂ ਸਾਲਾਨਾ ਸਨਮਾਨ ਸਮਾਗਮ ਕਰਵਾਇਆ

ਐੱਸ. ਏ.

ਪੁਆਧੀ ਪੰਜਾਬੀ ਸੱਥ ਦੇ 23ਵੇਂ ਸਾਲਾਨਾ ਸਨਮਾਨ ਸਮਾਗਮ ਦੌਰਾਨ ਸਨਮਾਨਿਤ ਸ਼ਖ਼ਸੀਅਤਾਂ ਪ੍ਰਬੰਧਕਾਂ ਨਾਲ। ਅਜੀਤ ਤਸਵੀਰ 30-11-2026
ਐੱਸ. ਏ. ਐੱਸ. ਨਗਰ, 29 ਨਵੰਬਰ (ਪ੍ਰੋ. ਅਵਤਾਰ ਸਿੰਘ)-ਪੁਆਧੀ ਪੰਜਾਬੀ ਸੱਥ ਮੁਹਾਲੀ ਦਾ 23ਵਾਂ ਸਾਲਾਨਾ ਸਨਮਾਨ ਸਮਾਗਮ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਮੁਹਾਲੀ ਵਿਖੇ ਕਰਵਾਇਆ। ਇਸ ਮੌਕੇ ਪ੍ਰਧਾਨਗੀ ਮੰਡਲ ‘ਚ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਚੇਅਰਮੈਨ ਡਾ. ਮਨਮੋਹਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਗੁਰਮੀਤ ਸਿੰਘ, ਦੀਪ ਨਰਸਿੰਗ ਹੋਮ ਸ੍ਰੀ ਅਨੰਦਪੁਰ ਸਾਹਿਬ ਦੇ ਡਾਇਰੈਕਟਰ ਡਾ. ਤੇਗ ਬਹਾਦਰ ਸਿੰਘ (ਸੋਹਾਣਾ), ਸਮਾਜ-ਸੇਵੀ ਨਿਰਮਲ ਸਿੰਘ ਤੰਗੌਰੀ ਤੇ ਸੱਥ ਦੇ ਮੁਖੀ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਸ਼ਾਮਿਲ ਸਨ। ਸਮਾਗਮ ਦੀ ਸ਼ੁਰੂਆਤ ਮੌਕੇ ਸਰਕਾਰੀ ਕਾਲਜ ਮੁਹਾਲੀ ਦੀ ਪ੍ਰਿੰ. ਜਸਪ੍ਰੀਤ ਕੌਰ ਬੈਂਸ ਵਲੋਂ ਸਵਾਗਤੀ ਸ਼ਬਦ ਡਾ. ਸੁਖਵਿੰਦਰ ਸਿੰਘ ਨੇ ਬੋਲੇ। ਇਸ ਤੋਂ ਬਾਅਦ ਡਾ. ਸਿਮਰਜੀਤ ਕੌਰ ਨੇ ਸਾਹਿਤਕ ਗੀਤ ਤੇ ਜਸਵਿੰਦਰ ਕੌਰ ਨੇ ਲੋਕ ਗੀਤ ਗਾ ਕੇ ਮਾਹੌਲ ਬਣਾਇਆ। ਇਸੇ ਦੌਰਾਨ ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਂ ਨੇ ਸਮੁੱਚੇ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਸਮਾਗਮ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਆਧ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਦੌਰਾਨ ਮਾਸਟਰ ਸਰੂਪ ਸਿੰਘ ਨੰਬਰਦਾਰ ਪੁਰਸਕਾਰ ਉੱਘੇ ਚਿੱਤਰਕਾਰ ਅਮਰਾਓ ਸਿੰਘ ਗਿੱਲ (ਚਿੱਲਾ) ਨੂੰ ਦਿੱਤਾ ਗਿਆ, ਜੋ ਕਿ ਉਚੇਚੇ ਤੌਰ ‘ਤੇ ਯੂ. ਐੱਸ. ਏ. ਤੋਂ ਆਏ ਸਨ। ਇਸੇ ਤਰ੍ਹਾਂ ਜਥੇਦਾਰ ਅੰਗਰੇਜ਼ ਸਿੰਘ ਬਡਹੇੜੀ ਪੁਰਸਕਾਰ ਉੱਘੇ ਸ਼ਾਇਰ ਪਰਮਿੰਦਰ ਸੋਢੀ ਨੂੰ ਦਿੱਤਾ, ਜੋ ਕਿ ਉਚੇਚੇ ਤੌਰ ‘ਤੇ ਜਾਪਾਨ ਤੋਂ ਆਏ ਸਨ। ਇਸ ਤੋਂ ਇਲਾਵਾ ਸਾਹਿਤਕਾਰ ਗੁਰਬਖਸ਼ ਸਿੰਘ ਕੇਸਰੀ ਪੁਰਸਕਾਰ ਨਾਵਲਕਾਰ ਨਕਸ਼ਦੀਪ ਪੰਜਕੋਹਾ ਨੂੰ ਦਿੱਤਾ ਗਿਆ, ਜੋ ਕਿ ਅਮਰੀਕਾ ਤੋਂ ਸੱਥ ਦੇ ਸੱਦੇ ‘ਤੇ ਪੁੱਜੇ ਸਨ, ਜਦਕਿ ਮਾਸਟਰ ਰਘਬੀਰ ਸਿੰਘ ਬੈਦਵਾਣ ਪੁਰਸਕਾਰ ਉੱਘੇ ਕਿੱਸਾ ਗਾਇਕ ਹਰਪਾਲ ਸਿੰਘ ਪਾਲਾ (ਮਾਣਕਪੁਰ ਸ਼ਰੀਫ) ਨੂੰ ਅਤੇ ਸਰਦਾਰਨੀ ਰਵਿੰਦਰ ਕੌਰ ਪੁਰਸਕਾਰ ਪੰਜਾਬੀ ਲੇਖਿਕਾ ਮਨਜੀਤ ਕੌਰ ਮੀਤ (ਮਲੋਆ) ਨੂੰ ਪ੍ਰਦਾਨ ਕੀਤਾ। ਪੁਰਸਕਾਰ ‘ਚ ਨਕਦ ਰਾਸ਼ੀ, ਲੋਈ, ਸਨਮਾਨ-ਪੱਤਰ, ਯਾਦ-ਚਿੰਨ੍ਹ ਤੇ ਪੁਸਤਕਾਂ ਦਾ ਸੈੱਟ ਸ਼ਾਮਿਲ ਸੀ। ਇਸੇ ਦੌਰਾਨ ਪੁਸਤਕ ਪੁਰਸਕਾਰ ਜ਼ੈਲਦਾਰ ਸਿੰਘ ਹਸਮੁਖ ਦੀ ਪੁਸਤਕ ‘ਬੀਤੇ ਸੱਭਿਆਚਾਰ ਦਾ ਕਾਵਿ-ਕੋਸ਼’ ਨੂੰ ਦਿੱਤਾ ਗਿਆ, ਜਦਕਿ ਪੁਆਧੀ ਵਿਦਵਾਨ ਪੁਰਸਕਾਰ ਗਿਆਨੀ ਧਰਮ ਸਿੰਘ ਭਾਂਖਰਪੁਰ ਦੇ ਹਿੱਸੇ ਆਇਆ। ਸਮਾਗਮ ਦੌਰਾਨ ‘ਸਾਹਿਤ ਸਾਧਨਾ’ ਲੇਖਕ ਮਨਮੋਹਨ ਸਿੰਘ ਦਾਊਂ, ‘ਸੁਕਰਾਤ ਦੇ ਆਖਰੀ ਦਿਨ’ (ਨਾਵਲ) ਲੇਖਕ ਨਕਸ਼ਦੀਪ ਪੰਜਕੋਹਾ, ‘ ਆਹਾਂ ਦੀ ਅੱਗ’ ਲੇਖਿਕਾ ਮਨਜੀਤ ਕੌਰ ਅੰਬਾਵਲੀ, ‘ਪੁਆਧ ਦਾ ਪੁਰਾਤਤਵ ਇਤਿਹਾਸ’ (ਖੋਜ ਪੁਸਤਕ) ਲੇਖਕ ਡਾ. ਕੇਸਰ ਸਿੰਘ ਬਰਵਾਲੀ, ‘ਜਿਥੇ ਨਾਨੀ ਉਥੇ ਨਾਨਕੇ’ (ਬਾਲ ਪੁਸਤਕ) ਲੇਖਕ ਦਰਸ਼ਨ ਸਿੰਘ ਬਨੂੰੜ ਅਤੇ ਪਰਮਿੰਦਰ ਸੋਢੀ ਦੀ ‘ਪ੍ਰੇਮ ਕਟੋਰੀ’ ਪੁਸਤਕਾਂ ਵੀ ਲੋਕ-ਅਰਪਣ ਕੀਤੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਡਾ. ਮਨਮੋਹਨ ਨੇ ਸੱਥ ਦੀਆਂ ਵਿਲੱਖਣ ਉਪਲੱਬਧੀਆਂ ਦੀ ਭਰਪੂਰ ਸ਼ਲਾਘਾ ਕੀਤੀ, ਜਦਕਿ ਸਮਾਜ-ਸੇਵੀ ਨਿਰਮਲ ਸਿੰਘ ਤੰਗੌਰੀ ਅਤੇ ਡਾ. ਤੇਗ ਬਹਾਦਰ ਸਿੰਘ ਨੇ ਸੱਥ ਵਲੋਂ ਦਿੱਤੇ ਗਏ ਸੱਦੇ ਦੀ ਪ੍ਰਸੰਸਾ ਕੀਤੀ। ਇਸ ਮੌਕੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਲੋਕਯਾਨ ਵਿਦਵਾਨ ਡਾ. ਗੁਰਮੀਤ ਸਿੰਘ ਨੇ ਸਮਾਗਮ ਨੂੰ ਹਰ ਪੱਖੋਂ ਸਫ਼ਲ ਆਖਿਆ ਤੇ ਮਨਮੋਹਨ ਸਿੰਘ ਦਾਊਂ ਦੀ ਅਗਵਾਈ ਅਧੀਨ ਸੱਥ ਦੀਆਂ ਪ੍ਰਾਪਤੀਆਂ ਨੂੰ ਮਿਸਾਲੀ ਆਖਿਆ। ਇਸ ਮੌਕੇ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਸੱਥ ਦੇ ਕਾਰਜਾਂ ‘ਤੇ ਚਾਨਣਾ ਪਾਇਆ ਤੇ ਮਨਮੋਹਨ ਸਿੰਘ ਦਾਊਂ ਨੂੰ ਪਾਰਸ ਦੀ ਉਪਾਧੀ ਦੇ ਕੇ ਵਡਿਆਇਆ। ਇਸ ਮੌਕੇ ਪੁਰਸਕਾਰ ਦੇਣ ਵਾਲੇ ਪੰਜ ਪਰਿਵਾਰਾਂ, ਪ੍ਰਧਾਨਗੀ ਮੰਡਲ, ਸੱਥ ਦੇ ਮੈਂਬਰਾਂ, ਕਾਲਜ ਦੇ ਪ੍ਰਿੰਸੀਪਲ ਅਤੇ ਸਮਾਗਮ ਦੇ ਕਨਵੀਨਰ ਡਾ. ਸੁਖਵਿੰਦਰ ਸਿੰਘ ਨੂੰ ਵੀ ਸੱਥ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਿੰ. ਗੁਰਮੀਤ ਸਿੰਘ ਖਰੜ ਨੇ ਨਿਭਾਈ। ਅੰਤ ‘ਚ ਸੱਥ ਦਾ ਸੋਵੀਨਰ ਵੀ ਵੰਡਿਆ ਗਿਆ।
ਪਿਛਲੀ ਖ਼ਬਰ ਮੋਰਠੀਕਰੀ ਵਿਖੇ ਖਾਟੂ ਸ਼ਿਆਮ ਮੰਦਰ ਨੇੜੇ ਗਲੀਆਂ ਦੀ ਮਾੜੀ ਹਾਲਤ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਤੇ ਖਰੜ ਦੇ ਸਰਬਪੱਖੀ ਵਿਕਾਸ ਲਈ ਵਾਰਿਸ ਪੰਜਾਬ ਦੇ ਵਚਨਵੱਧ-ਸ਼ਿਵਚਰਨ ਭੰਗੂ ਪਿੰਡ ਨੱਗਲਗੜ੍ਹੀਆ ਵਿਖੇ ਮੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।