30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪੰਜਾਬ ਹਾਕੀ ਲੀਗ ਸੀਜ਼ਨ-3 ਦੇ 11ਵੇਂ ਦਿਨ ਸ਼ੂਟ-ਆਊਟ ’ਚ ਹਾਰ ਦੇ ਬਾਵਜੂਦ ਰਾਊਂਡ ਗਲਾਸ ਹਾਕੀ ਅਕੈਡਮੀ ਸਿਖਰਲੇ ਸਥਾਨ ’ਤੇ ਕਾਇਮ

ਐੱਸ. ਏ.

ਪੰਜਾਬ ਹਾਕੀ ਲੀਗ ਸੀਜ਼ਨ-3 ਦੇ 11ਵੇਂ ਦਿਨ ਘੁਮਨਹੇੜਾ ਰਾਈਜਰਜ਼ ਨਵੀਂ ਦਿੱਲੀ ਅਤੇ ਰਾਊਂਡ ਗਲਾਸ ਹਾਕੀ ਅਕੈਡਮੀ ਦੇ ਖਿਡਾਰੀ ਆਪਸ ’ਚ ਭਿੜਦੇ ਹੋਏ। ਅਜੀਤ ਤਸਵੀਰ 30-11-2026
ਐੱਸ. ਏ. ਐੱਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫੇਜ਼-9 ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿਖੇ ਖੇਡੇ ਜਾ ਰਹੇ ਪੰਜਾਬ ਹਾਕੀ ਲੀਗ ਸੀਜ਼ਨ-3 ਦੇ 11ਵੇਂ ਦਿਨ ਰਾਊਂਡ ਗਲਾਸ ਹਾਕੀ ਅਕੈਡਮੀ ਨੂੰ ਘੁਮਨਹੇੜਾ ਰਾਈਜਰਜ਼ ਅਕੈਡਮੀ ਨਵੀਂ ਦਿੱਲੀ ਵਿਰੁੱਧ ਖੇਡੇ ਮੈਚ ਦੌਰਾਨ ਸ਼ੂਟ-ਆਊਟ ਵਿਚ 2-3 ਗੋਲਾਂ ਦੇ ਅੰਤਰ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇਸ ਦੇ ਬਾਵਜੂਦ ਰਾਊਂਡ ਗਲਾਸ ਹਾਕੀ ਅਕੈਡਮੀ ਅੰਕ ਸੂਚੀ ਵਿਚ ਸਿਖਰਲੇ ਸਥਾਨ ‘ਤੇ ਬਣੀ ਹੋਈ ਹੈ। ਰਾਊਂਡ ਗਲਾਸ ਹਾਕੀ ਅਕੈਡਮੀ ਨੇ ਘੁਮਨਹੇੜਾ ਰਾਈਜਰਜ਼ ਵਿਰੁੱਧ ਨਿਰਧਾਰਤ ਸਮੇਂ ਦੌਰਾਨ ਦੋ ਵਾਰ ਪਛੜਨ ਤੋਂ ਬਾਅਦ ਬਰਾਬਰੀ ਹਾਸਿਲ ਕੀਤੀ, ਪਰ ਆਖ਼ਰੀ ਕੁਆਰਟਰ ਵਿਚ ਕੋਈ ਗੋਲ ਨਾ ਹੋਣ ਕਾਰਨ ਮੈਚ ਦਾ ਫ਼ੈਸਲਾ ਸ਼ੂਟ-ਆਊਟ ਰਾਹੀਂ ਹੋਇਆ। ਇਸ ਵਿਚ ਘੁਮਨਹੇੜਾ ਰਾਈਜਰਜ਼ ਅਕੈਡਮੀ ਨੇ 3-2 ਨਾਲ ਜਿੱਤ ਦਰਜ ਕਰਕੇ ਬੋਨਸ ਅੰਕ ਆਪਣੇ ਨਾਂਅ ਕੀਤਾ। ਦਿਨ ਦੇ ਪਹਿਲੇ ਮੁਕਾਬਲੇ ਵਿਚ ਸਰਕਾਰੀ ਹਾਕੀ ਅਕੈਡਮੀ ਸੋਨੀਪਤ ਨੇ ਸਪੋਰਟਸ ਡਿਵੈਲਪਮੈਂਟ ਅਥਾਰਟੀ ਆਫ਼ ਤਾਮਿਲਨਾਡੂ ਨੂੰ 5-3 ਗੋਲਾਂ ਦੇ ਅੰਤਰ ਨਾਲ ਹਰਾਇਆ, ਜਦਕਿ ਦਿਨ ਦੇ ਦੂਜੇ ਮੁਕਾਬਲੇ ਵਿਚ ਮੇਜਰ ਧਿਆਨ ਚੰਦ ਸਪੋਰਟਸ ਕਾਲਜ ਸੈਫਈ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਰਿਪਬਲਿਕਨ ਸਪੋਰਟਸ ਕਲੱਬ ਮੁੰਬਈ ਨੂੰ 5-0 ਗੋਲਾਂ ਦੇ ਅੰਤਰ ਨਾਲ ਹਰਾਇਆ। ਇਸੇ ਤਰ੍ਹਾਂ ਦਿਨ ਦੇ ਤੀਜੇ ਮੁਕਾਬਲੇ ’ਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਨਿਰਧਾਰਤ ਸਮੇਂ ਵਿਚ ਨਾਮਧਾਰੀ ਇਲੈਵਨ ਵਿਰੁੱਧ 3-3 ਗੋਲਾਂ ਨਾਲ ਡਰਾਅ ਖੇਡਣ ਤੋਂ ਬਾਅਦ ਸ਼ੂਟ-ਆਊਟ ਵਿਚ 3-1 ਨਾਲ ਜਿੱਤ ਦਰਜ ਕਰਕੇ ਬੋਨਸ ਅੰਕ ਹਾਸਿਲ ਕੀਤਾ। 11ਵੇਂ ਦਿਨ ਦੇ ਮੁਕਾਬਲਿਆਂ ਤੋਂ ਬਾਅਦ ਰਾਊਂਡ ਗਲਾਸ ਹਾਕੀ ਅਕੈਡਮੀ 7 ਮੈਚਾਂ ਵਿਚ 18 ਅੰਕ ਤੇ +21 ਦੇ ਗੋਲ ਅੰਤਰ ਨਾਲ ਅੰਕ ਸੂਚੀ ਵਿਚ ਪਹਿਲੇ ਸਥਾਨ ‘ਤੇ ਕਾਇਮ ਹੈ, ਜਦਕਿ ਘੁਮਨਹੇੜਾ ਰਾਈਜਰਜ਼ ਅਕੈਡਮੀ ਨਵੀਂ ਦਿੱਲੀ 8 ਮੈਚਾਂ ਵਿਚ 17 ਅੰਕ ਅਤੇ +10 ਦੇ ਗੋਲ ਅੰਤਰ ਨਾਲ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਓਡੀਸ਼ਾ ਨੇਵਲ ਟਾਟਾ ਹਾਕੀ ਹਾਈ ਪ੍ਰਫਾਰਮੈਂਸ ਸੈਂਟਰ 6 ਮੈਚਾਂ ਵਿਚ 15 ਅੰਕ ਅਤੇ +13 ਦੇ ਗੋਲ ਅੰਤਰ ਨਾਲ ਤੀਜੇ ਸਥਾਨ ‘ਤੇ ਚੱਲ ਰਹੀ ਹੈ, ਜਦਕਿ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ 7 ਮੈਚਾਂ ਵਿਚ 15 ਅੰਕ ਅਤੇ +11 ਦੇ ਗੋਲ ਅੰਤਰ ਨਾਲ ਚੌਥੇ ਸਥਾਨ, ਸੁਰਜੀਤ ਹਾਕੀ ਅਕੈਡਮੀ ਜਲੰਧਰ 7 ਮੈਚਾਂ ਵਿਚ 13 ਅੰਕਾਂ ਨਾਲ ਪੰਜਵੇਂ ਅਤੇ ਸਰਕਾਰੀ ਹਾਕੀ ਅਕੈਡਮੀ ਸੋਨੀਪਤ 7 ਮੈਚਾਂ ਵਿਚ 12 ਅੰਕਾਂ ਨਾਲ ਛੇਵੇਂ ਸਥਾਨ ‘ਤੇ ਚੱਲ ਰਹੀ ਹੈ।
ਪਿਛਲੀ ਖ਼ਬਰ ਸਪਾ ਸੈਂਟਰ ਦੀ ਆੜ ’ਚ ਚੱਲ ਰਹੇ ਦੇਹ ਵਪਾਰ ਦੇ ਗੋਰਖਧੰਦੇ ਦਾ ਪਰਦਾਫਾਸ਼ ਅਗਲੀ ਖ਼ਬਰ ਸਰਵਿਸ ਰੋਡ ਮਿੰਨੀ ਬੱਸਾਂ ਤੇ ਥ੍ਰੀ - ਵ੍ਹੀਲਰਾਂ ਦੇ ਕਬਜ਼ੇ ਹੇਠ ਆਈ ਦਿਨ ਭਰ ਜਾਮ ਦੀ ਸਮੱਸਿਆ ਨਾਲ ਜੂਝਦੇ ਰਹਿੰਦੇ ਨੇ ਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।