ਐੱਸ. ਏ. ਐੱਸ. ਨਗਰ, 23 ਨਵੰਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-52 ਤੋਂ ਬਲਿੰਕਿਟ ਗਾਰਡ ਵਿਨੋਦ ਪੁਰੀ ਦੀ ਲਾਸ਼ ਬਰਾਮਦ ਹੋਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਨੂੰ ਪੁੱਛਗਿੱਛ ਉਪਰੰਤ ਨਿਆਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਚਚੇਰੇ ਭਰਾ ਗੁਰਸੇਵਕ ਪੁਰੀ ਉਰਫ਼ ਸੋਨੀ ਅਤੇ ਉਸ ਦੇ ਦੋਸਤ ਵਿਜੇ ਉਰਫ਼ ਕਾਲਾ ਨੂੰ ਪੁਲਿਸ ਨੇ ਗੈਰ-ਇਰਾਦਤਨ ਹੱਤਿਆ ਅਤੇ ਸਾਜ਼ਿਸ਼ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਅਨੁਸਾਰ ਮੌਤ ਦੇ ਅਸਲ ਕਾਰਨਾਂ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੋਵੇਗਾ, ਜਿਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਵਿਨੋਦ ਪੁਰੀ (29) ਮੁਹਾਲੀ ਦੇ ਸੈਕਟਰ-108 ਵਿਖੇ ਇਕ ਸਟੋਰ ਵਿਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਉਹ 15 ਨਵੰਬਰ ਨੂੰ ਦੁਪਹਿਰ ਕਰੀਬ 2 ਵਜੇ ਆਪਣੇ ਮੋਟਰਸਾਈਕਲ ’ਤੇ ਕਿਸੇ ਨਿੱਜੀ ਕੰਮ ਲਈ ਘਰੋਂ ਨਿਕਲਿਆ ਸੀ, ਪਰ ਵਾਪਸ ਨਹੀਂ ਪਰਤਿਆ। ਇਸ ਤੋਂ ਬਾਅਦ 16 ਨਵੰਬਰ ਨੂੰ ਉਸ ਦੇ ਪਿਤਾ ਬਲਵਿੰਦਰ ਪੁਰੀ ਨੇ ਥਾਣਾ ਸੋਹਾਣਾ ਦੀ ਸਨੇਟਾ ਪੁਲਿਸ ਚੌਕੀ ਵਿਚ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸੰਬੰਧੀ ਪੁਲਿਸ ਨੇ ਬੀ. ਐੱਨ. ਐੱਸ. ਦੀ ਧਾਰਾ 127 (6) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। 20 ਨਵੰਬਰ ਨੂੰ ਵਿਨੋਦ ਪੁਰੀ ਦੀ ਲਾਸ਼ ਚੰਡੀਗੜ੍ਹ ਦੇ ਸੈਕਟਰ-52 ਤੋਂ ਬਰਾਮਦ ਹੋਈ ਸੀ। ਇਸ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਸੈਕਟਰ-32 ਸਥਿਤ ਜੀ. ਐੱਮ. ਸੀ. ਐੱਚ. ਵਿਖੇ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਵਲੋਂ ਲਾਏ ਗਏ ਦੋਸ਼ਾਂ ਅਤੇ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਪੁਲਿਸ ਨੇ ਵਿਨੋਦ ਨਾਲ ਆਖ਼ਰੀ ਵਾਰ ਦੇਖੇ ਗਏ ਉਸ ਦੇ ਚਚੇਰੇ ਭਰਾ ਗੁਰਸੇਵਕ ਪੁਰੀ ਉਰਫ਼ ਸੋਨੀ ਅਤੇ ਦੋਸਤ ਵਿਜੇ ਉਰਫ਼ ਕਾਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਵਲੋਂ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਹੁਣ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਤੋਂ ਮੌਤ ਦੇ ਕਾਰਨਾਂ ਅਤੇ ਮੌਤ ਤੋਂ ਪਹਿਲਾਂ ਦੇ ਹਾਲਾਤ ਬਾਰੇ ਅਹਿਮ ਜਾਣਕਾਰੀ ਮਿਲਣ ਦੀ ਉਮੀਦ ਹੈ। ਰਿਪੋਰਟ ਦੇ ਆਧਾਰ ’ਤੇ ਹੀ ਮਾਮਲੇ ਵਿਚ ਅਗਲੀ ਕਾਰਵਾਈ ਕੀਤੀ ਜਾਵੇਗੀ।