18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਆਰ. ਬੀ. ਆਈ. ਐਸ. ਵਲੋਂ ਸਾਈਬਰ ਸੁਰੱਖਿਆ ਅਤੇ ਏ. ਆਈ. ਬਾਰੇ ਜਾਗਰੂਕਤਾ ਵਰਕਸ਼ਾਪ

ਐੱਸ. ਏ.

ਅਜੀਤ ਡੈਸਕ 19-11-2026
ਐੱਸ. ਏ. ਐੱਸ. ਨਗਰ, 18 ਨਵੰਬਰ (ਪ੍ਰੋ. ਅਵਤਾਰ ਸਿੰਘ)-ਰਿਆਤ-ਬਾਹਰਾ ਇੰਟਰਨੈਸ਼ਨਲ ਸਕੂਲ (ਆਰ. ਬੀ. ਆਈ. ਐਸ.) ਵਲੋਂ ਰਿਆਤ-ਬਾਹਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਡਿਜ਼ੀਟਲ ਸਾਖਰਤਾ ਅਤੇ ਤਕਨਾਲੋਜੀ ਦੀ ਸੁਰੱਖਿਅਤ ਤੇ ਜ਼ਿੰਮੇਵਾਰੀ ਨਾਲ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਾਈਬਰ ਸੁਰੱਖਿਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਸੰਬੰਧੀ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ‘ਚ ਨੌਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਸੀਨੀਅਰ ਵਿਦਿਆਰਥੀਆਂ ਨੇ ਭਾਗ ਲਿਆ। ਵਰਕਸ਼ਾਪ ਦਾ ਸੰਚਾਲਨ ਸੈਕਿਊਨੀਅਸ ਟੈੱਕ ਦੇ ਸੰਸਥਾਪਕ ਤੇ ਸੀ. ਈ. ਓ. ਅਤੇ ਸਾਈਬਰ ਸੁਰੱਖਿਆ ਤੇ ਏ. ਆਈ. ਦੇ ਮਾਹਿਰ ਪਲਵਿੰਦਰ ਸਿੰਘ ਵਲੋਂ ਕੀਤਾ ਗਿਆ। ਉਨ੍ਹਾਂ ਰੋਜ਼ਾਨਾ ਜੀਵਨ ‘ਚ ਏ. ਆਈ. ਦੀ ਵਧ ਰਹੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਇਸ ਦੇ ਫਾਇਦਿਆਂ ਦੇ ਨਾਲ-ਨਾਲ ਸੰਭਾਵੀ ਖ਼ਤਰਿਆਂ ਅਤੇ ਚੁਣੌਤੀਆਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਡਿਜ਼ੀਟਲ ਤਕਨਾਲੋਜੀ ਦੀ ਸੁਰੱਖਿਅਤ ਵਰਤੋਂ, ਨਿੱਜੀ ਡੇਟਾ ਦੀ ਗੁਪਤਤਾ, ਆਨਲਾਈਨ ਧੋਖਾਧੜੀ, ਡੀਪਫੇਕ ਅਤੇ ਸਾਈਬਰ ਖ਼ਤਰਿਆਂ ਦੇ ਵੱਖ-ਵੱਖ ਰੂਪਾਂ ਬਾਰੇ ਜਾਗਰੂਕ ਕੀਤਾ। ਇਸ ਦੇ ਨਾਲ ਹੀ ਇੰਟਰਐਕਟਿਵ ਸੈਸ਼ਨ ਦੌਰਾਨ ਉਨ੍ਹਾਂ ਵਿਵਹਾਰਕ ਉਦਾਹਰਨਾਂ ਰਾਹੀਂ ਸਮਝਾਇਆ ਕਿ ਕਿਵੇਂ ਨਿੱਜੀ ਜਾਣਕਾਰੀ ਅਤੇ ਈ. ਮੇਲ ਖਾਤਿਆਂ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਡਿਜ਼ੀਟਲ ਪਛਾਣ ਅਤੇ ਸੰਵੇਦਨਸ਼ੀਲ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਅਹਿਮ ਸੁਝਾਅ ਵੀ ਸਾਂਝੇ ਕੀਤੇ। ਬੁਲਾਰੇ ਨੇ ਵਿਦਿਆਰਥੀਆਂ ਨੂੰ ਏ. ਆਈ. ਆਧਾਰਿਤ ਸਿੱਖਿਆ ਸਾਧਨਾਂ, ਡਿਜ਼ਾਈਨ ਐਪਲੀਕੇਸ਼ਨਾਂ, ਪਾਸਵਰਡ ਮੈਨੇਜਰਾਂ ਅਤੇ ਆਨਲਾਈਨ ਸੁਰੱਖਿਆ ਐਪਲੀਕੇਸ਼ਨਾਂ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਮਜ਼ਬੂਤ ਪਾਸਵਰਡ ਵਰਤਣ, ਕਿਸੇ ਨਾਲ ਵੀ ਓ. ਟੀ. ਪੀ. ਸਾਂਝਾ ਨਾ ਕਰਨ, ਸ਼ੱਕੀ ਲਿੰਕਾਂ ਤੋਂ ਬਚਣ ਅਤੇ ਇੰਟਰਨੈੱਟ ‘ਤੇ ਨਿੱਜੀ ਜਾਣਕਾਰੀ ਸਾਂਝੀ ਕਰਦੇ ਸਮੇਂ ਸਾਵਧਾਨ ਰਹਿਣ ਦੀ ਸਲਾਹ ਵੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੇ ਸਾਈਬਰ ਸੁਰੱਖਿਆ ਤੇ ਏ. ਆਈ. ਦੀ ਜ਼ਿੰਮੇਵਾਰੀ ਨਾਲ ਵਰਤੋਂ ਸੰਬੰਧੀ ਵੱਖ-ਵੱਖ ਸਵਾਲ ਪੁੱਛ ਕੇ ਆਪਣੇ ਸ਼ੰਕਿਆਂ ਨੂੰ ਦੂਰ ਕੀਤਾ। ਵਰਕਸ਼ਾਪ ਦੇ ਅੰਤ ‘ਚ ਸਕੂਲ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਅਭਿਲਾਸ਼ਾ ਸਿੰਘ ਨੇ ਧੰਨਵਾਦੀ ਮਤਾ ਪੇਸ਼ ਕਰਦਿਆਂ ਪਲਵਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਸਾਬਕਾ ਡਿਪਟੀ ਮੇਅਰ ਬੇਦੀ ਨੇ ਫੇਜ਼ -7 ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਕਿਹਾ , ਕਾਂਗਰਸ ਦੀ ਸਰਕਾਰ ਬਣਨ ’ ਤੇ... ਅਗਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਭਲਕੇ ਤੋਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।