ਐੱਸ. ਏ. ਐੱਸ. ਨਗਰ, 17 ਨਵੰਬਰ (ਕਪਿਲ ਵਧਵਾ)-ਜ਼ਿਲ੍ਹਾ ਮੁਹਾਲੀ ’ਚ ਸਾਈਬਰ ਠੱਗਾਂ ਨੇ 4 ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁ. ਦੀ ਠੱਗੀ ਮਾਰ ਲਈ। ਇਨ੍ਹਾਂ ਮਾਮਲਿਆਂ ‘ਚ ਇਕ ਹੋਟਲ ਕਾਰੋਬਾਰੀ ਦੇ ਖਾਤੇ ‘ਚੋਂ 6 ਲੱਖ ਰੁ. ਦੀ ਅਣ-ਅਧਿਕਾਰਤ ਆਰ. ਟੀ. ਜੀ. ਐੱਸ. ਟਰਾਂਜ਼ੈਕਸ਼ਨ ਕੀਤੀ ਗਈ ਹੈ, ਜਦਕਿ ਇਕ ਸੇਵਾ-ਮੁਕਤ ਅਧਿਕਾਰੀ ਨੂੰ ਫਰਜ਼ੀ ਬੈਂਕ ਮੈਨੇਜਰ ਦਾ ਨੰਬਰ ਲੱਭਣਾ ਮਹਿੰਗਾ ਪੈ ਗਿਆ। ਇਸ ਤੋਂ ਇਲਾਵਾ ਫਰਜ਼ੀ ਟ੍ਰੈਫ਼ਿਕ ਚਲਾਨ ਦੇ ਸੁਨੇਹੇ ਅਤੇ ਫੇਸਬੁੱਕ ‘ਤੇ ਸੀਨੀਅਰ ਸਿਟੀਜ਼ਨ ਕ੍ਰੈਡਿਟ ਕਾਰਡ ਦੇ ਇਸ਼ਤਿਹਾਰ ਰਾਹੀਂ ਵੀ ਦੋ ਵਿਅਕਤੀਆਂ ਨਾਲ ਠੱਗੀ ਮਾਰੀ ਗਈ। ਚਾਰਾਂ ਮਾਮਲਿਆਂ ’ਚ ਕੁੱਲ 21,64,547 ਰੁ. ਦੀ ਰਕਮ ਠੱਗੀ ਗਈ। ਪਹਿਲੇ ਮਾਮਲੇ ਵਿਚ ਖਾਨਪੁਰ ਸਥਿਤ ਵਿਲ੍ਹਾ ਪੈਲੇਸੀਓਜ਼ ਦੇ ਵਸਨੀਕ ਗੁਰਦੀਪ ਸਿੰਘ ਬੰਮਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ 4 ਨਵੰਬਰ ਨੂੰ ਉਸ ਦੇ ਬੈਂਕ ਖਾਤੇ ’ਚੋਂ 6 ਲੱਖ ਰੁ. ਦੀ ਆਰ. ਟੀ. ਜੀ. ਐੱਸ. ਟਰਾਂਜ਼ੈਕਸ਼ਨ ਹੋ ਗਈ। ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ 9 ਨਵੰਬਰ ਨੂੰ ਖਾਤੇ ਦੀ ਸਟੇਟਮੈਂਟ ਚੈੱਕ ਕਰਨ ‘ਤੇ ਇਸ ਅਣ-ਅਧਿਕਾਰਤ ਲੈਣ-ਦੇਣ ਦਾ ਪਤਾ ਚੱਲਿਆ। ਇਸ ਤੋਂ ਬਾਅਦ ਉਸ ਨੇ ਸਾਈਬਰ ਹੈਲਪਲਾਈਨ 1930 ‘ਤੇ ਸ਼ਿਕਾਇਤ ਦਰਜ ਕਰਵਾਈ। ਦੂਜੇ ਮਾਮਲੇ ’ਚ ਫੇਜ਼-11 ਦੇ ਰਹਿਣ ਵਾਲੇ 78 ਸਾਲਾ ਸੇਵਾ-ਮੁਕਤ ਅਧਿਕਾਰੀ ਮਹਿੰਦਰ ਸਿੰਘ ਨਾਲ 10,99,980 ਰੁ. ਦੀ ਠੱਗੀ ਹੋ ਗਈ। ਉਹ ਆਪਣੇ ਬਚਤ ਖਾਤੇ ਨੂੰ ਐੱਨ. ਆਰ. ਓ. ਖਾਤੇ ਵਿਚ ਤਬਦੀਲ ਕਰਵਾਉਣ ਲਈ ਇੰਟਰਨੈੱਟ ‘ਤੇ ਬੈਂਕ ਦੇ ਮੈਨੇਜਰ ਦਾ ਨੰਬਰ ਲੱਭ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਫਰਜ਼ੀ ਨੰਬਰ ‘ਤੇ ਸੰਪਰਕ ਕਰ ਲਿਆ। ਠੱਗ ਨੇ ਉਨ੍ਹਾਂ ਨੂੰ ਵਟਸਐਪ ਰਾਹੀਂ ਇਕ ਲਿੰਕ ਭੇਜਿਆ। ਲਿੰਕ ਖੋਲ੍ਹ ਕੇ ਜਾਣਕਾਰੀ ਭਰਨ ਤੋਂ ਬਾਅਦ ਪਹਿਲਾਂ 22 ਰੁ. ਕੱਟੇ ਗਏ ਅਤੇ ਫਿਰ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ ਖਾਤੇ ‘ਚੋਂ ਕਰੀਬ 11 ਲੱਖ ਰੁ. ਕੱਢ ਲਏ ਗਏ। ਤੀਜੇ ਮਾਮਲੇ ਵਿਚ ਢਕੌਲੀ ਦੇ ਐੱਮ. ਐੱਸ. ਇਨਕਲੇਵ ਦੇ ਵਸਨੀਕ ਅਭਿਨਵ ਧਾਂਗ ਨੂੰ ਫਰਜ਼ੀ ਟ੍ਰੈਫ਼ਿਕ ਚਲਾਨ ਦਾ ਸੁਨੇਹਾ ਭੇਜ ਕੇ ਠੱਗੀ ਦਾ ਸ਼ਿਕਾਰ ਬਣਾਇਆ। 5 ਸਤੰਬਰ ਨੂੰ ਉਸ ਦੇ ਮੋਬਾਈਲ ‘ਤੇ ਚਲਾਨ ਸੰਬੰਧੀ ਇਕ ਲਿੰਕ ਆਇਆ। ਲਿੰਕ ਖੋਲ੍ਹਣ ਨਾਲ ਮੋਬਾਈਲ ਵਿਚ ਇਕ ਖ਼ਤਰਨਾਕ ਏ. ਪੀ. ਕੇ. ਐਪਲੀਕੇਸ਼ਨ ਡਾਊਨਲੋਡ ਹੋ ਗਈ, ਜਿਸ ਤੋਂ ਬਾਅਦ ਲਗਾਤਾਰ ਓ. ਟੀ. ਪੀ. ਆਉਣ ਲੱਗੇ। ਐਪਲੀਕੇਸ਼ਨ ਡਿਲੀਟ ਕਰਨ ਦੇ ਬਾਵਜੂਦ 7 ਸਤੰਬਰ ਨੂੰ ਮੁੜ ਓ. ਟੀ. ਪੀ. ਆਉਣ ਲੱਗੇ ਅਤੇ ਉਸ ਦੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਕ੍ਰੈਡਿਟ ਕਾਰਡ ‘ਚੋਂ 1,17,0 67 ਰੁ. ਕੱਟ ਲਏ ਗਏ। ਚੌਥੇ ਮਾਮਲੇ ਵਿਚ ਢਕੌਲੀ ਦੇ ਗੋਲਡਨ ਸੈਂਡ ਅਪਾਰਟਮੈਂਟ ਦੇ ਰਹਿਣ ਵਾਲੇ 66 ਸਾਲਾ ਅਸ਼ੋਕ ਕੁਮਾਰ ਚੌਧਰੀ ਨੂੰ ਫੇਸਬੁੱਕ ‘ਤੇ ਸੀਨੀਅਰ ਸਿਟੀਜ਼ਨ ਕ੍ਰੈਡਿਟ ਕਾਰਡ ਦਾ ਇਸ਼ਤਿਹਾਰ ਦੇਖਣਾ ਮਹਿੰਗਾ ਪੈ ਗਿਆ। ਉਨ੍ਹਾਂ ਨੇ ਜਿਵੇਂ ਹੀ ਇਸ਼ਤਿਹਾਰ ‘ਤੇ ਆਪਣਾ ਮੋਬਾਈਲ ਨੰਬਰ ਦਰਜ ਕੀਤਾ ਤਾਂ ਕੁਝ ਸਮੇਂ ਬਾਅਦ ਇਕ ਵਿਅਕਤੀ ਦਾ ਫ਼ੋਨ ਆਇਆ ਤੇ ਉਸ ਨੇ ਐਪਲੀਕੇਸ਼ਨ ਦਾ ਲਿੰਕ ਭੇਜ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਖਾਤੇ ਵਿਚੋਂ 4.47 ਲੱਖ ਰੁ. ਕੱਟ ਲਏ ਗਏ। ਹਾਲਾਂਕਿ ਠੱਗਾਂ ਵਲੋਂ 1 ਲੱਖ ਰੁ. ਉਨ੍ਹਾਂ ਦੇ ਦੂਜੇ ਖਾਤੇ ਵਿਚ ਵਾਪਸ ਭੇਜ ਦਿੱਤੇ ਗਏ, ਜਿਸ ਕਾਰਨ ਉਨ੍ਹਾਂ ਦਾ 3.47 ਲੱਖ ਰੁ. ਦਾ ਅਸਲ ਨੁਕਸਾਨ ਹੋਇਆ। ਮੁਹਾਲੀ ਦੀ ਸਾਈਬਰ ਕ੍ਰਾਈਮ ਪੁਲਿਸ ਵਲੋਂ ਚਾਰਾਂ ਸ਼ਿਕਾਇਤਾਂ ਦੇ ਆਧਾਰ ‘ਤੇ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀਆਂ ਧਾਰਾਵਾਂ 318 (4), 61 (2) ਸਮੇਤ ਸੂਚਨਾ ਤਕਨਾਲੋਜੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਹੈ। ਦੱਸ ਦਈਏ ਕਿ ਮੁਹਾਲੀ ਦੇ ਫੇਜ਼-7 ਸਥਿਤ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਵਲੋਂ ਸਾਲ 2026 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 100 ਤੋਂ ਵੱਧ ਐੱਫ. ਆਈ. ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ।