ਐੱਸ. ਏ. ਐੱਸ. ਨਗਰ, 11 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫੇਜ਼-2 ਦੀ ਰਹਿਣ ਵਾਲੀ 57 ਸਾਲਾ ਮਹਿਲਾ ਨੂੰ ਸਾਈਬਰ ਠੱਗਾਂ ਨੇ ਕ੍ਰੈਡਿਟ ਕਾਰਡ ਚਾਲੂ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ 1.20 ਲੱਖ ਰੁ. ਦੀ ਠੱਗੀ ਮਾਰ ਲਈ। ਮੁਲਜ਼ਮ ਨੇ ਆਪਣੇ ਆਪ ਨੂੰ ਆਰ. ਬੀ. ਐੱਲ. ਬੈਂਕ ਦੇ ਕ੍ਰੈਡਿਟ ਕਾਰਡ ਵਿਭਾਗ ਦਾ ਮੁਲਾਜ਼ਮ ਦੱਸ ਕੇ ਮਹਿਲਾ ਦੇ ਵਟਸਐਪ ‘ਤੇ ਇਕ ਐਪ ਦਾ ਲਿੰਕ ਭੇਜਿਆ ਸੀ। ਇਸ ਤੋਂ ਬਾਅਦ ਮਹਿਲਾ ਵਲੋਂ ਐਪ ਡਾਊਨਲੋਡ ਕਰਕੇ ਆਪਣੇ ਕ੍ਰੈਡਿਟ ਕਾਰਡਾਂ ਦੀ ਜਾਣਕਾਰੀ ਭਰੀ ਗਈ ਸੀ। ਮੁਹਾਲੀ ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਦਮਨਜੀਤ ਕੌਰ ਨੇ ਦੱਸਿਆ ਕਿ 21 ਸਤੰਬਰ ਨੂੰ ਉਨ੍ਹਾਂ ਦੇ ਮੋਬਾਈਲ ‘ਤੇ ਇਕ ਅਣਜਾਣ ਨੰਬਰ ਤੋਂ ਫ਼ੋਨ ਆਇਆ ਸੀ। ਫ਼ੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਆਰ. ਬੀ. ਐੱਲ. ਬੈਂਕ ਦੇ ਕ੍ਰੈਡਿਟ ਕਾਰਡ ਵਿਭਾਗ ਦਾ ਮੁਲਾਜ਼ਮ ਦੱਸਿਆ ਸੀ ਅਤੇ ਕਾਰਡ ਚਾਲੂ ਕਰਵਾਉਣ ਦੀ ਗੱਲ ਆਖੀ ਸੀ। ਮਹਿਲਾ ਵਲੋਂ ਸਹਿਮਤੀ ਦੇਣ ‘ਤੇ ਮੁਲਜ਼ਮ ਨੇ ਉਨ੍ਹਾਂ ਦੇ ਵਟਸਐਪ ‘ਤੇ ਆਰ. ਬੀ. ਐੱਲ. ਕ੍ਰੈਡਿਟ ਕਾਰਡ ਐਪ ਦਾ ਲਿੰਕ ਭੇਜਿਆ ਸੀ ਅਤੇ ਉਸ ਨੂੰ ਡਾਊਨਲੋਡ ਕਰਨ ਲਈ ਕਿਹਾ ਸੀ। ਮਹਿਲਾ ਅਨੁਸਾਰ ਐਪ ਡਾਊਨਲੋਡ ਕਰਨ ਤੋਂ ਬਾਅਦ ਉਨ੍ਹਾਂ ਨੇ ਉਸ ਵਿਚ ਆਪਣੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਭਰੀ ਸੀ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਵਟਸਐਪ ਖਾਤੇ ਨੂੰ ਕਿਸੇ ਹੋਰ ਵਿਅਕਤੀ ਵਲੋਂ ਚਲਾਉਣ ਦੀ ਕੋਸ਼ਿਸ਼ ਕੀਤੇ ਜਾਣ ਸੰਬੰਧੀ ਸੁਨੇਹਾ ਮਿਲਿਆ ਅਤੇ ਉਨ੍ਹਾਂ ਦਾ ਮੋਬਾਈਲ ਫ਼ੋਨ ਬੰਦ ਹੋ ਗਿਆ। ਫ਼ੋਨ ਮੁੜ ਚਾਲੂ ਕਰਨ ‘ਤੇ ਉਨ੍ਹਾਂ ਦੇ ਮੋਬਾਈਲ ‘ਤੇ ਕਈ ਓ. ਟੀ. ਪੀ. ਆਏ, ਜਿਨ੍ਹਾਂ ਰਾਹੀਂ 40 ਹਜ਼ਾਰ, 36 ਹਜ਼ਾਰ, 39 ਹਜ਼ਾਰ ਅਤੇ 4,444 ਰੁ. ਕਢਵਾਏ ਜਾ ਚੁੱਕੇ ਸਨ।