ਐੱਸ. ਏ. ਐੱਸ. ਨਗਰ, 3 ਅਕਤੂਬਰ (ਪ੍ਰੋ. ਅਵਤਾਰ ਸਿੰਘ) ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜਥੇਬੰਦੀ ਵਲੋਂ ਆਪਣੀਆਂ ਰਾਜਸੀ ਸਰਗਰਮੀਆਂ ਨੂੰ ਤੇਜ਼ ਕਰਦੇ ਹੋਏ ਪਾਰਟੀ ਨੀਤੀਆਂ ਅਤੇ ਪ੍ਰੋਗਰਾਮ ਨੂੰ ਸੰਗਤ ਤੱਕ ਲੈ ਕੇ ਜਾਣ ਦੇ ਉਦੇਸ਼ ਤਹਿਤ ਅੱਜ ਮੁਹਾਲੀ ਵਿਖੇ ਪੁਆਧ ਇਕਾਈ ਲਈ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ, ਉਪਰੰਤ ਜੈਕਾਰਿਆਂ ਦੀ ਗੂੰਜ ਹੇਠ ਦਫ਼ਤਰ ਨੂੰ ਸੰਗਤ ਲਈ ਖੋਲ੍ਹਿਆ ਗਿਆ। ਇਸ ਮੌਕੇ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਨੇ ਸਮੁੱਚੀ ਲੀਡਰਸ਼ਿਪ ਨੂੰ ਨਵੇਂ ਦਫ਼ਤਰ ਦੀ ਵਧਾਈ ਦਿੱਤੀ । ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਵੱਡੀ ਗਿਣਤੀ ’ਚ ਪੰਜਾਬ ਦਾ ਨੌਜਵਾਨ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਨਾਲ ਜੁੜ ਰਿਹਾ ਹੈ । ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਦੋ ਵੱਡੀਆਂ ਕਾਨਫ਼ਰੰਸਾਂ ’ਚ ਹੋਏ ਬੇਮਿਸਾਲ ਇਕੱਠ ਨੇ ਇਸ ਗੱਲ ’ਤੇ ਮੋਹਰ ਲਗਾ ਦਿੱਤੀ ਹੈ ਕਿ ਪੰਜਾਬ ਪ੍ਰਸਤ ਲੋਕ ਤੇ ਪੰਥ ਦਰਦੀ ਆਪਣੀ ਸਰਕਾਰ ਬਣਾਉਣ ਜਾ ਰਹੇ ਹਨ । ਇਸ ਮੌਕੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੂਰੇ ਪੰਜਾਬ ਭਰ ਤੋਂ ਮਿਲ ਰਿਹਾ ਹੁੰਗਾਰਾ ਸਾਬਤ ਕਰਦਾ ਹੈ ਕਿ ਪੰਜਾਬ ਆਪਣਾ ਰਸਤਾ ਚੁਣ ਚੁੱਕਾ ਹੈ । ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਅੱਜ ਸਮੁੱਚੀ ਪੰਥਕ ਸ਼ਕਤੀ ਇਕਜੁੱਟ ਹੋ ਰਹੀ ਹੈ ਅਤੇ ਸਮੁੱਚੀਆਂ ਪੰਥਕ ਸ਼ਖ਼ਸੀਅਤਾਂ ਅਤੇ ਪੰਥ ਦਰਦੀ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਹਿੱਸਾ ਬਣ ਰਹੇ ਹਨ । ਅੰਤ ’ਚ ਪਾਰਟੀ ਦੇ ਸੀਨੀਅਰ ਆਗੂ ਕਾਬਿਲ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ, ਜਦਕਿ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਕੰਸਾਲਾ ਨੇ ਵਿਸ਼ਵਾਸ ਦਿਵਾਇਆ ਕਿ ਦਫ਼ਤਰ ਨੂੰ ਸੁਚਾਰੂ ਢੰਗ ਨਾਲ ਚਲਾਉਂਦੇ ਹੋਏ ਪਾਰਟੀ ਨੀਤੀਆਂ ਨੂੰ ਘਰ-ਘਰ ਤੱਕ ਲਿਜਾਣ ਲਈ ਦਿਨ ਰਾਤ ਇਕ ਕਰਕੇ ਕੰਮ ਕੀਤਾ ਜਾਵੇਗਾ। ਇਸ ਮੌਕੇ ਕਾਬਲ ਸਿੰਘ (ਕਨਵੀਨਰ ਪਾਰਲੀਮੈਂਟਰੀ ਬੋਰਡ), ਬਾਬੂ ਸਿੰਘ ਬਰਾੜ (ਮੈਂਬਰ ਪਾਰਲੀਮੈਂਟਰੀ ਬੋਰਡ), ਸੁਖਵਿੰਦਰ ਸਿੰਘ ਅਗਵਾਨ (ਮੈਂਬਰ ਪਾਰਲੀਮੈਂਟਰੀ ਬੋਰਡ), ਪ੍ਰਗਟ ਸਿੰਘ ਸੰਧੂ (ਮੈਂਬਰ ਪਾਰਲੀਮੈਂਟਰੀ ਬੋਰਡ), ਅਮਰਜੀਤ ਸਿੰਘ ਵੰਨਚਿੜੀ (ਮੈਂਬਰ ਪੰਚ ਪ੍ਰਧਾਨੀ), ਹਰਪ੍ਰੀਤ ਕੌਰ (ਪ੍ਰਧਾਨ ਮਹਿਲਾ ਵਿੰਗ), ਜਗਦੀਪ ਸਿੰਘ ਕੰਸਾਲਾ (ਜ਼ਿਲ੍ਹਾ ਪ੍ਰਧਾਨ ਮੁਹਾਲੀ), ਦਲੇਰ ਸਿੰਘ ਡੋਡ (ਮੈਂਬਰ ਪੀ. ਏ. ਸੀ.), ਸੰਦੀਪ ਸਿੰਘ ਰੁਪਾਲੋਂ (ਬੁਲਾਰਾ), ਕਰਨਵੀਰ ਸਿੰਘ ਫ਼ਿਰੋਜ਼ਪੁਰ, ਸ਼ਮਸ਼ੇਰ ਸਿੰਘ ਪਧਰੀ (ਮੀਡੀਆ ਇੰਚਾਰਜ), ਹਰਜਿੰਦਰ ਸਿੰਘ ਦੇਸੂਮਾਜਰਾ (ਜ਼ਿਲ੍ਹਾ ਯੂਥ ਪ੍ਰਧਾਨ), ਜਸਵਿੰਦਰ ਸਿੰਘ ਡਰੋਲੀ (ਜ਼ਿਲ੍ਹਾ ਪ੍ਰਧਾਨ ਪਟਿਆਲਾ), ਨਿਰਮੈਲ ਸਿੰਘ ਜੌਲਾ (ਮੈਂਬਰ ਸ਼੍ਰੋਮਣੀ ਕਮੇਟੀ), ਗੁਰਪ੍ਰੀਤ ਸਿੰਘ ਭੱਟੀ, ਸਰਬਜੀਤ ਸਿੰਘ ਬੈਂਸ (ਕੋਆਰਡੀਨੇਟਰ ਰੋਪੜ), ਹਰਜਿੰਦਰ ਸਿੰਘ ਮੁੰਧੋਂ ਅਤੇ ਗੁਰਮੀਤ ਸਿੰਘ ਸ਼ਾਂਟੂ ਸਮੇਤ ਪੁਆਧ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ।