ਐੱਸ. ਏ. ਐੱਸ. ਨਗਰ, 17 ਸਤੰਬਰ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਲਾਂਡਰਾਂ ਵਲੋਂ ਆਪਣੇ ਨਾਨ-ਟੀਚਿੰਗ ਸਟਾਫ਼ ਲਈ ਵਿਸ਼ੇਸ਼ ਸਮਾਰੋਹ ‘ਐਕਸਯੂਬਰੈਂਸ-2026’ ਦਾ ਪ੍ਰਬੰਧ ਕੀਤਾ ਗਿਆ, ਜਿਸ ਦੌਰਾਨ ਸੰਸਥਾ ਲਈ ਉਨ੍ਹਾਂ ਦੇ ਅਮੁੱਲ ਯੋਗਦਾਨ, ਅਟੁੱਟ ਵਚਨਬੱਧਤਾ ਅਤੇ ਸਾਲਾਂ ਤੋਂ ਕੀਤੀ ਜਾ ਰਹੀ ਸਮਰਪਿਤ ਸੇਵਾ ਨੂੰ ਸਨਮਾਨ ਦਿੱਤਾ ਗਿਆ। ਇਸ ਪ੍ਰੋਗਰਾਮ ਦੌਰਾਨ ਸੱਭਿਆਚਾਰਕ ਪੇਸ਼ਕਾਰੀਆਂ ਦੀ ਇਕ ਸ਼ਾਨਦਾਰ ਲੜੀ ਪੇਸ਼ ਕੀਤੀ ਗਈ, ਜਿਸ ‘ਚ ਗਾਇਕੀ, ਕਵਿਤਾ ਪਾਠ, ਸੋਲੋ ਡਾਂਸ ਪ੍ਰਦਰਸ਼ਨ, ਗਿੱਧਾ ਅਤੇ ਭੰਗੜਾ ਆਦਿ ਸ਼ਾਮਿਲ ਸਨ। ਇਸ ਮੌਕੇ ਰਸ਼ਪਾਲ ਸਿੰਘ ਧਾਲੀਵਾਲ ਪ੍ਰਧਾਨ ਸੀ. ਜੀ. ਸੀ. ਲਾਂਡਰਾਂ, ਪਰਮਪਾਲ ਸਿੰਘ ਢਿੱਲੋਂ ਵਾਈਸ ਚੇਅਰਮੈਨ ਸੀ. ਜੀ. ਸੀ. ਲਾਂਡਰਾਂ, ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ, ਡਾ. ਗਗਨਦੀਪ ਭੁੱਲਰ ਡਾਇਰੈਕਟਰ ਵਿਦਿਆਰਥੀ ਭਲਾਈ ਤੇ ਸਾਬਕਾ ਵਿਦਿਆਰਥੀ ਮਾਮਲੇ ਸਮੇਤ ਹੋਰ ਡਾਇਰੈਕਟਰ ਅਤੇ ਵਿਭਾਗਾਂ ਦੇ ਮੁਖੀ ਹਾਜ਼ਰ ਸਨ। ਇਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਸ਼ਪਾਲ ਸਿੰਘ ਧਾਲੀਵਾਲ ਨੇ ਸੰਸਥਾ ਦੇ ਨਾਨ-ਟੀਚਿੰਗ ਸਟਾਫ਼ ਪ੍ਰਤੀ ਧੰਨਵਾਦ ਅਤੇ ਪ੍ਰਸ਼ੰਸਾ ਪ੍ਰਗਟ ਕੀਤੀ। ਉਨ੍ਹਾਂ ਨਾਨ-ਟੀਚਿੰਗ ਸਟਾਫ਼ ਦੇ ਅਣਥੱਕ ਯਤਨਾਂ ਅਤੇ ਕੀਮਤੀ ਯੋਗਦਾਨ ਨੂੰ ਮਾਨਤਾ ਦਿੰਦਿਆਂ ਕਿਹਾ ਕਿ ਸੀ. ਜੀ. ਸੀ. ਲਾਂਡਰਾਂ ਦੀ ਭਰੋਸੇਯੋਗਤਾ, ਵਿਸ਼ਵਾਸ ਅਤੇ ਉੱਤਮਤਾ ਦੀ ਵਿਰਾਸਤ ਨੂੰ ਕਾਇਮ ਕਰਨ ‘ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਵੱਖ-ਵੱਖ ਨਾਨ-ਟੀਚਿੰਗ ਵਿਭਾਗਾਂ ਦੇ ਸਰਵੋਤਮ ਕਰਮਚਾਰੀਆਂ ਦਾ ਸਨਮਾਨ ਕਰਨਾ ਸੀ। ਇਸ ਦੇ ਨਾਲ ਹੀ ਸੰਸਥਾ ‘ਚ 20, 15 ਅਤੇ 10 ਸਾਲਾਂ ਦੀ ਸਮਰਪਿਤ ਸੇਵਾ ਪੂਰੀ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਸਨਮਾਨਿਆ ਗਿਆ। ਇਹ ਸਨਮਾਨ ਸੀ. ਜੀ. ਸੀ. ਲਾਂਡਰਾਂ ਨਾਲ ਉਨ੍ਹਾਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਸਹਿਯੋਗ, ਵਚਨਬੱਧਤਾ ਅਤੇ ਯੋਗਦਾਨ ਦਾ ਜਸ਼ਨ ਸੀ।