ਐੱਸ. ਏ. ਐੱਸ. ਨਗਰ, 12 ਸਤੰਬਰ (ਪ੍ਰੋ. ਅਵਤਾਰ ਸਿੰਘ)- ਰਿਆਤ ਬਾਹਰਾ ਯੂਨੀਵਰਸਿਟੀ ਦੇ ਅਲਫ਼ਾ ਸਕੂਲ ਵਲੋਂ ‘ਏ. ਆਈ., ਸਾਈਬਰ ਸੁਰੱਖਿਆ ਅਤੇ ਭਵਿੱਖੀ ਗਵਰਨੈਂਸ : ਭਾਰਤ ਲਈ ਉੱਭਰਦੀਆਂ ਚੁਣੌਤੀਆਂ ਅਤੇ ਮੌਕੇ’ ਵਿਸ਼ੇ ‘ਤੇ ਮਾਹਿਰਾਂ ਦੀ ਵਿਸ਼ੇਸ਼ ਗੱਲਬਾਤ ਕਰਵਾਈ ਗਈ। ਇਸ ਦੌਰਾਨ ਸਾਈਬਰ ਸੁਰੱਖਿਆ, ਤਕਨਾਲੋਜੀ, ਸਿਵਲ ਸੇਵਾਵਾਂ ਅਤੇ ਸਿੱਖਿਆ ਦੇ ਖੇਤਰ ਨਾਲ ਸੰਬੰਧਿਤ ਮਾਹਿਰਾਂ ਨੇ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਅਤੇ ਵਿਚਾਰ ਸਾਂਝੇ ਕੀਤੇ। ਇਸ ਸੈਸ਼ਨ ‘ਚ ਸੈਕਿਊਨੀਅਸ ਟੈੱਕ ਦੇ ਸੰਸਥਾਪਕ ਤੇ ਸੀ.ਈ.ਓ. ਪਲਵਿੰਦਰ ਸਿੰਘ, ਨਾਸਕਾਮ ਦੀ ਡਿਪਟੀ ਡਾਇਰੈਕਟਰ ਪ੍ਰਿਅੰਕਾ ਬਿਸ਼ਟ, ਯੂ.ਪੀ.ਐੱਸ.ਸੀ. (ਸੀ.ਐੱਸ.ਈ.) ‘ਚ ਆਲ ਇੰਡੀਆ 159 ਰੈਂਕ ਹਾਸਿਲ ਕਰਨ ਵਾਲੇ ਵਿਕਾਸ ਸਿੰਘ ਪੰਵਾਰ ਅਤੇ ਨੈਕਸਟ ਆਈ. ਏ.ਐੱਸ. ਦੇ ਹੈੱਡ-ਹਿਊਮਨ ਰਿਸੋਰਸ ਨੀਰਜ ਸਿੰਘ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਉੱਭਰ ਰਹੇ ਸਾਈਬਰ ਸੁਰੱਖਿਆ ਖ਼ਤਰਿਆਂ, ਡਿਜ਼ੀਟਲ ਸੁਰੱਖਿਆ, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਆਧਾਰਿਤ ਮੌਕਿਆਂ ਅਤੇ ਤਕਨਾਲੋਜੀ ਖੇਤਰ ‘ਚ ਕਰੀਅਰ ਦੀਆਂ ਨਵੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਭਾਰਤ ਦੇ ਡਿਜ਼ੀਟਲ ਭਵਿੱਖ ਨੂੰ ਮਜ਼ਬੂਤ ਬਣਾਉਣ ‘ਚ ਸਾਈਬਰ ਸੁਰੱਖਿਆ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦੀ ਵੱਧ ਰਹੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਇਸੇ ਦੌਰਾਨ ਵਿਕਾਸ ਸਿੰਘ ਪੰਵਾਰ ਨੇ ਯੂ. ਪੀ. ਐੱਸ. ਸੀ. ਦੀ ਤਿਆਰੀ ਸੰਬੰਧੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਰਣਨੀਤਿਕ ਯੋਜਨਾਬੰਦੀ, ਅਨੁਸ਼ਾਸਿਤ ਤਿਆਰੀ ਅਤੇ ਨਿਰੰਤਰ ਮਿਹਨਤ ਦੀ ਮਹੱਤਤਾ ਨੂੰ ਉਜਾਗਰ ਕੀਤਾ। ਪੰਵਾਰ ਦੀ ਗੱਲਬਾਤ ਨਾਲ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ‘ਚ ਕਰੀਅਰ ਦੇ ਮੌਕਿਆਂ ਬਾਰੇ ਵਧੇਰੇ ਸਪੱਸ਼ਟਤਾ ਮਿਲੀ। ਪ੍ਰੋਗਰਾਮ ਦੀ ਸਮਾਪਤੀ ਇੰਟਰਐਕਟਿਵ ਸਵਾਲ-ਜਵਾਬ ਸੈਸ਼ਨ ਨਾਲ ਹੋਇਆ, ਜਿਸ ਦੌਰਾਨ ਵਿਦਿਆਰਥੀਆਂ ਨੇ ਮਾਹਿਰਾਂ ਨਾਲ ਗੱਲਬਾਤ ਕਰਦਿਆਂ ਸਾਈਬਰ ਸੁਰੱਖਿਆ, ਏ. ਆਈ., ਸਿਵਲ ਸੇਵਾਵਾਂ ਤੇ ਕਰੀਅਰ ਯੋਜਨਾਬੰਦੀ ਸੰਬੰਧੀ ਵਿਵਹਾਰਕ ਜਾਣਕਾਰੀ ਹਾਸਿਲ ਕੀਤੀ। ਇਸੇ ਦੌਰਾਲ ਰਿਆਤ ਬਾਹਰਾ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਪ੍ਰੋ. (ਡਾ.) ਸਤੀਸ਼ ਕੁਮਾਰ ਨੇ ਮਾਹਿਰਾਂ ਨੂੰ ਉਨ੍ਹਾਂ ਦੇ ਕੀਮਤੀ ਯੋਗਦਾਨ ਅਤੇ ਵਿਦਿਆਰਥੀਆਂ ਨਾਲ ਗਿਆਨ ਭਰਪੂਰ ਵਿਚਾਰ-ਵਟਾਂਦਰੇ ਕਰਨ ਬਦਲੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਅੰਤ ‘ਚ ਅਲਫ਼ਾ ਸਕੂਲ ਦੀ ਡਾਇਰੈਕਟਰ ਡਾ. ਪੂਜਾ ਸ਼ਰਮਾ ਨੇ ਆਏ ਬੁਲਾਰਿਆਂ ਦਾ ਉਨ੍ਹਾਂ ਦੀ ਮੁਹਾਰਤ ਸਾਂਝੀ ਕਰਨ ਅਤੇ ਵਿਦਿਆਰਥੀਆਂ ਦੇ ਸਿੱਖਣ ਦੇ ਤਜ਼ਰਬੇ ਨੂੰ ਹੋਰ ਸਮਰੱਥ ਬਣਾਉਣ ਲਈ ਧੰਨਵਾਦ ਕੀਤਾ।