ਖਾਧ ਸੁਰੱਖਿਆ ਟੀਮ ਨੇ ਨਾਕੇ ਦੌਰਾਨ 3 ਸ਼ੱਕੀ ਵਾਹਨ ਰੋਕ ਕੇ 175 ਕਿੱਲੋ ਪਨੀਰ ਜ਼ਬਤ ਕਰ ਮੌਕੇ ’ਤੇ ਕੀਤਾ ਨਸ਼ਟ
ਲੁਧਿਆਣਾ, 6 ਅਕਤੂਬਰ (ਡਾ. ਤਰਲੋਚਨ ਸਿੰਘ)-ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰੀ ਅਤੇ ਮਿਆਰੀ ਖ਼ੁਰਾਕੀ ਵਸਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਵਲੋਂ ਖਾਧ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਖਾਧ ਸੁਰੱਖਿਆ ਟੀਮ ਵਲੋਂ ਡੇਹਲੋਂ ਵਿਖੇ ਵਿਸ਼ੇਸ਼ ਨਾਕਾ ਲਗਾ ਕੇ ਖ਼ੁਰਾਕੀ ਵਸਤਾਂ ਦੀ ਆਵਾਜਾਈ ਦੀ ਸਖ਼ਤੀ ਨਾਲ ਜਾਂਚ ਕੀਤੀ ਗਈ।
ਜ਼
ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਵਿਸ਼ੇਸ਼ ਜਾਂਚ ਮੁਹਿੰਮ ਦੌਰਾਨ ਵਾਹਨ ਵਿਚ ਲਿਜਾਏ ਜਾ ਰਹੇ ਪਨੀਰ ਸੰਬੰਧੀ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
07-10-2026
ਲੁਧਿਆਣਾ, 6 ਅਕਤੂਬਰ (ਡਾ. ਤਰਲੋਚਨ ਸਿੰਘ)-ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰੀ ਅਤੇ ਮਿਆਰੀ ਖ਼ੁਰਾਕੀ ਵਸਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਵਲੋਂ ਖਾਧ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਖਾਧ ਸੁਰੱਖਿਆ ਟੀਮ ਵਲੋਂ ਡੇਹਲੋਂ ਵਿਖੇ ਵਿਸ਼ੇਸ਼ ਨਾਕਾ ਲਗਾ ਕੇ ਖ਼ੁਰਾਕੀ ਵਸਤਾਂ ਦੀ ਆਵਾਜਾਈ ਦੀ ਸਖ਼ਤੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਟੀਮ ਨੇ ਸ਼ੱਕ ਦੇ ਆਧਾਰ ’ਤੇ 3 ਵਾਹਨਾਂ ਨੂੰ ਰੋਕ ਕੇ ਉਨ੍ਹਾਂ ਵਿਚ ਲਿਜਾਈਆਂ ਜਾ ਰਹੀਆਂ ਖ਼ੁਰਾਕੀ ਵਸਤਾਂ ਦੀ ਜਾਂਚ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਵਿਸ਼ੇਸ਼ ਨਾਕੇ ਦੌਰਾਨ ਖਾਧ ਸੁਰੱਖਿਆ ਟੀਮ ਵਲੋਂ ਪਨੀਰ, ਦੇਸੀ ਘਿਓ ਅਤੇ ਵਾਈਟ ਬਟਰ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਸ਼ੱਕੀ ਪਾਏ ਗਏ ਖ਼ੁਰਾਕੀ ਪਦਾਰਥਾਂ ਦੇ ਨਮੂਨੇ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਲਏ ਗਏ ਅਤੇ ਵਿਸ਼ਲੇਸ਼ਣ ਲਈ ਫੂਡ ਲੈਬਾਰਟਰੀ ਭੇਜੇ ਗਏ ਹਨ। ਇਨ੍ਹਾਂ ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ, ਜੇਕਰ ਕਿਸੇ ਨਮੂਨੇ ਵਿਚ ਖਾਧ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਸਬੰਧਿਤ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ 175 ਕਿੱਲੋ ਪਨੀਰ ਮੌਕੇ ‘ਤੇ ਹੀ ਨਸ਼ਟ ਕਰਵਾਇਆ ਗਿਆ। ਖਾਧ ਸੁਰੱਖਿਆ ਟੀਮ ਵਲੋਂ ਇਹ ਕਦਮ ਇਸ ਲਈ ਚੁੱਕਿਆ ਗਿਆ ਤਾਂ ਜੋ ਸ਼ੱਕੀ ਜਾਂ ਮਨੁੱਖੀ ਸਿਹਤ ਲਈ ਅਸੁਰੱਖਿਅਤ ਖ਼ੁਰਾਕੀ ਪਦਾਰਥ ਬਾਜ਼ਾਰ ਜਾਂ ਆਮ ਲੋਕਾਂ ਤੱਕ ਨਾ ਪਹੁੰਚ ਸਕਣ। ਨਸ਼ਟ ਕੀਤੇ ਗਏ ਪਨੀਰ ਨੂੰ ਨਿਰਧਾਰਿਤ ਤਰੀਕੇ ਨਾਲ ਡਿਸਪੋਜ਼ ਕੀਤਾ ਗਿਆ। ਡਾ. ਆਸ਼ੀਸ਼ ਚਾਵਲਾ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਲੋਕਾਂ ਦੀ ਸਿਹਤ ਨਾਲ ਜੁੜੇ ਮਾਮਲਿਆਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਮਿਲਾਵਟੀ, ਘਟੀਆ ਜਾਂ ਅਸੁਰੱਖਿਅਤ ਖ਼ੁਰਾਕੀ ਵਸਤਾਂ ਦੀ ਵਿੱਕਰੀ ਅਤੇ ਸਪਲਾਈ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਸਿਹਤ ਵਿਭਾਗ ਵਲੋਂ ਸਪਸ਼ਟ ਕੀਤਾ ਗਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਖਾਧ ਸੁਰੱਖਿਆ ਐਕਟ ਅਧੀਨ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਨੂੰ ਹਰ ਹਾਲਤ ਵਿਚ ਯਕੀਨੀ ਬਣਾਇਆ ਜਾਵੇਗਾ।