ਫੁੱਲਾਂਵਾਲ, 4 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਡੀ.ਏ.ਵੀ. ਪਬਲਿਕ ਸਕੂਲ, ਪੱਖੋਵਾਲ ਸੜਕ, ਲੁਧਿਆਣਾ ਦੇ ਐਨ.ਸੀ.ਸੀ. ਕੈਡਿਟਾਂ ਨੇ ਲੁਧਿਆਣਾ ਵਿਖੇ ‘ਏਕ ਘੰਟਾ, ਏਕ ਸਾਥ’ ਸਫ਼ਾਈ ਮੁਹਿੰਮ ਵਿਚ ਭਾਗ ਲਿਆ। ਇਸ ਮੁਹਿੰਮ ਦਾ ਉਦੇਸ਼ ਵਿਦਿਆਰਥੀਆਂ ਅਤੇ ਸਥਾਨਕ ਭਾਈਚਾਰੇ ਦੇ ਮੈਂਬਰਾਂ ਵਿਚ ਸਫ਼ਾਈ, ਸਵੱਛਤਾ ਅਤੇ ਨਾਗਰਿਕ ਜ਼ਿੰਮੇਵਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਹ ਮੁਹਿੰਮ ਸਵੇਰੇ 8.00 ਵਜੇ ਤੋਂ 9.30 ਵਜੇ ਤੱਕ ਨੇੜਲੇ ਜਨਤਕ ਸਥਾਨਾਂ, ਇਕ ਮੰਦਰ ਅਤੇ ਇਕ ਪਾਰਕ ਵਿਚ ਚਲਾਈ ਗਈ। ਇਸ ਦੌਰਾਨ ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਅਤੇ ਫੀ-ਸਟਾਫ਼ ਨੇ ਸਰਗਰਮੀ ਨਾਲ ਭਾਗ ਲਿਆ ਅਤੇ ਸਾਫ਼-ਸੁਥਰੇ ਤੇ ਸਿਹਤਮੰਦ ਜਨਤਕ ਸਥਾਨ ਬਣਾਉਣ ਲਈ ਆਪਣਾ ਯੋਗਦਾਨ ਪਾਇਆ, ਜਿਨ੍ਹਾਂ ਵਲੋਂ ਪੂਰੇ ਉਤਸ਼ਾਹ ਨਾਲ ਮੁਹਿੰਮ ਵਿਚ ਹਿੱਸਾ ਲੈਂਦਿਆਂ ਕੂੜਾ ਇਕੱਠਾ ਕੀਤਾ, ਰਹਿੰਦ-ਖੂੰਹਦ ਨੂੰ ਹਟਾਇਆ ਅਤੇ ਚੁਣੇ ਗਏ ਸਥਾਨਾਂ ਦੀ ਸਫ਼ਾਈ ਕੀਤੀ। ਉਨ੍ਹਾਂ ਨੇ ਸਥਾਨਕ ਵਸਨੀਕਾਂ ਨੂੰ ਸਫ਼ਾਈ ਬਣਾਈ ਰੱਖਣ ਅਤੇ ਕੂੜੇ ਦਾ ਜ਼ਿੰਮੇਵਾਰੀ ਨਾਲ ਨਿਪਟਾਰਾ ਕਰਨ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ। ਇਸ ਮੁਹਿੰਮ ਦੌਰਾਨ ਆਸ-ਪਾਸ ਦੇ ਲਗਭਗ 2 ਕਿੱਲੋਮੀਟਰ ਖੇਤਰ ਨੂੰ ਕਵਰ ਕੀਤਾ ਗਿਆ ਅਤੇ ਇਕੱਠੇ ਕੀਤੇ ਕੂੜੇ ਦਾ ਢੁਕਵੇਂ ਢੰਗ ਨਾਲ ਨਿਪਟਾਰਾ ਕੀਤਾ ਗਿਆ। ਇਸ ਉਪਰਾਲੇ ਨਾਲ ਨਾ ਸਿਰਫ਼ ਚੁਣੇ ਗਏ ਸਥਾਨਾਂ ਦੀ ਸਫ਼ਾਈ ਵਿਚ ਸੁਧਾਰ ਹੋਇਆ, ਸਗੋਂ ਸਾਂਝੀ ਨਾਗਰਿਕ ਜ਼ਿੰਮੇਵਾਰੀ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਗਿਆ। ਇਸ ਮੁਹਿੰਮ ਨੇ ਕੈਡਿਟਾਂ ਨੂੰ ਅਨੁਸ਼ਾਸਨ, ਟੀਮ ਵਰਕ, ਅਗਵਾਈ, ਏਕਤਾ ਅਤੇ ਸਮਾਜ ਸੇਵਾ ਵਰਗੀਆਂ ਮੁੱਖ ਕਦਰਾਂ-ਕੀਮਤਾਂ ਨੂੰ ਅਮਲ ਵਿਚ ਲਿਆਉਣ ਦਾ ਮਹੱਤਵਪੂਰਨ ਮੌਕਾ ਪ੍ਰਦਾਨ ਕੀਤਾ। ਸਕੂਲ ਦੇ ਪ੍ਰਿੰਸੀਪਲ ਡਾ. ਅਨੁਰਾਧਾ ਭਾਟੀਆ ਨੇ ਐਨ.ਸੀ.ਸੀ. ਕੈਡਿਟਾਂ ਅਤੇ ਫੀ-ਸਟਾਫ਼ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।