ਜਲੰਧਰ, 30 ਸਤੰਬਰ (ਜਸਪਾਲ ਸਿੰਘ)- ਸੀ.ਟੀ. ਯੂਨੀਵਰਸਿਟੀ ਦਾ ਕੈਂਪਸ ਉਸ ਸਮੇਂ ਸੱਭਿਆਚਾਰ, ਯਾਤਰਾ ਅਤੇ ਖੋਜ ਦੇ ਰੰਗਾਂ ਨਾਲ ਰੰਗਿਆ ਗਿਆ, ਜਦੋਂ ਹੋਟਲ ਪ੍ਰਬੰਧਨ, ਹਵਾਈ ਯਾਤਰਾ ਤੇ ਸੈਰ-ਸਪਾਟਾ ਸਕੂਲ ਵਲੋਂ ‘ਯਾਤ੍ਰੋਤਸਵ’ ਕਰਵਾਇਆ ਗਿਆ । ਸਮਾਗਮ ਦੌਰਾਨ ਸੱਭਿਆਚਾਰਕ ਸ਼ੋਭਾ ਯਾਤਰਾ, ਹਰਿਆਣਵੀ ਨਾਚ, ਸਮੂਹ ਨਾਚ, ਪਹਿਰਾਵਾ ਪ੍ਰਦਰਸ਼ਨ, ਗਾਇਨ, ਭੰਗੜਾ, ਵਾਦ-ਵਿਵਾਦ ਤੇ ਸੈਰ-ਸਪਾਟਾ ਪ੍ਰਸ਼ਨੋਤਰੀ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸੈਰ-ਸਪਾਟੇ ਦੇ ਵੱਖ-ਵੱਖ ਪੱਖਾਂ ਨੂੰ ਰਚਨਾਤਮਕ ਢੰਗ ਨਾਲ ਪੇਸ਼ ਕੀਤਾ । ਸੈਰ-ਸਪਾਟਾ ਪ੍ਰਸ਼ਨੋਤਰੀ ਦੌਰਾਨ ਵਿਦਿਆਰਥੀਆਂ ਤੋਂ ਸੈਰ-ਸਪਾਟਾ ਸਥਾਨਾਂ, ਵਿਰਾਸਤ, ਮਹਿਮਾਨਨਿਵਾਜ਼ੀ, ਸੱਭਿਆਚਾਰ ਤੇ ਸੈਰ-ਸਪਾਟਾ ਖੇਤਰ ਵਿੱਚ ਹੋ ਰਹੇ ਨਵੇਂ ਵਿਕਾਸ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ। ਇਸੇ ਦੌਰਾਨ ਸੈਰ-ਸਪਾਟੇ ਵਿੱਚ ਨਕਲੀ ਬੁੱਧੀ ਦੀ ਭੂਮਿਕਾ ਵਿਸ਼ੇ ’ਤੇ ਕਰਵਾਏ ਵਾਦ-ਵਿਵਾਦ ਨੇ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਤੇ ਤਰਕ, ਸੰਚਾਰ ਤੇ ਪੇਸ਼ਕਾਰੀ ਦੇ ਹੁਨਰ ਵਿਕਸਿਤ ਕਰਨ ਦਾ ਮੌਕਾ ਦਿੱਤਾ। ਇਸ ਮੌਕੇ ਸੀ.ਟੀ. ਯੂਨੀਵਰਸਿਟੀ ਦੇ ਕੁਲਪਤੀ ਡਾ. ਨਿਤਿਨ ਟੰਡਨ ਨੇ ਕਿਹਾ, “ਯਾਤ੍ਰੋਤਸਵ ਅਨੁਭਵਾਤਮਕ ਸਿੱਖਿਆ ਦੀ ਅਸਲ ਭਾਵਨਾ ਨੂੰ ਦਰਸਾਉਂਦਾ ਹੈ ਜਿੱਥੇ ਵਿਦਿਆਰਥੀ ਭਾਗੀਦਾਰੀ, ਸਿਰਜਣਾਤਮਕਤਾ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆ ਨਾਲ ਜੁੜ ਕੇ ਸਿੱਖਦੇ ਹਨ । ਹੋਟਲ ਪ੍ਰਬੰਧਨ, ਹਵਾਈ ਯਾਤਰਾ ਤੇ ਸੈਰ-ਸਪਾਟਾ ਸਕੂਲ ਦੇ ਮੁਖੀ ਡਾ. ਆਸ਼ੀਸ਼ ਰੈਨਾ ਨੇ ਕਿਹਾ ਕਿ ਯਾਤ੍ਰੋਤਸਵ ਰਾਹੀਂ ਸਾਡਾ ਉਦੇਸ਼ ਵਿਦਿਆਰਥੀਆਂ ਨੂੰ ਸੈਰ-ਸਪਾਟੇ ਨੂੰ ਸੱਭਿਆਚਾਰ, ਮਹਿਮਾਨਨਿਵਾਜ਼ੀ, ਰਚਨਾਤਮਕਤਾ ਤੇ ਸਿੱਖਿਆ ਦੇ ਜੀਵੰਤ ਸੁਮੇਲ ਵਜੋਂ ਅਨੁਭਵ ਕਰਵਾਉਣਾ ਸੀ । ਸਮਾਗਮ ਦੀ ਸਫਲਤਾ ਵਿੱਚ ਹੋਟਲ ਪ੍ਰਬੰਧਨ, ਹਵਾਈ ਯਾਤਰਾ ਅਤੇ ਸੈਰ-ਸਪਾਟਾ ਸਕੂਲ ਦੇ ਸੰਯੋਜਕ ਡਾ. ਗੌਰਵ ਬਠਲਾ ਦੇ ਵਿਸ਼ੇਸ਼ ਯਤਨਾਂ ਅਤੇ ਤਾਲਮੇਲ ਦੀ ਅਹਿਮ ਭੂਮਿਕਾ ਰਹੀ।