ਅਮਰਬੀਰ ਸਿੰਘ ਮੌਤ ਮਾਮਲੇ ’ਚ ਪੁਲਿਸ ਵਲੋਂ ਪੰਜ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ
ਝਬਾਲ, 27 ਨਵੰਬਰ (ਸੁਖਦੇਵ ਸਿੰਘ)– ਪਿੰਡ ਝਬਾਲ ਦੇ ਇਕ ਨੌਜਵਾਨ ਦੀ ਆਪਣੇ ਸਹੁਰੇ ਪਰਿਵਾਰ ਵਲੋਂ ਕਥਿਤ ਤੌਰ ’ਤੇ ਕੀਤੀ ਗਈ ਕੁੱਟਮਾਰ ਤੋਂ ਬਾਅਦ ਇਲਾਜ ਦੌਰਾਨ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਵਲੋਂ ਪੰਜ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਅਮਰਬੀਰ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਝਬਾਲ ਵਜੋਂ ਹੋਈ ਹੈ।
ਥ
ਥਾਣਾ ਝਬਾਲ ਵਿਖੇ ਡੀ.ਐੱਸ.ਪੀ. ਅਮੋਲਕ ਸਿੰਘ ਅਤੇ ਸਬ-ਇੰਸਪੈਕਟਰ ਜੁਗਰਾਜ ਸਿੰਘ ਨਾਲ ਗੱਲਬਾਤ ਕਰਦੇ ਹੋਏ ਆਗੂ। ਤਸਵੀਰ–ਸੁਖਦੇਵ ਸਿੰਘ
28-11-2026
ਝਬਾਲ, 27 ਨਵੰਬਰ (ਸੁਖਦੇਵ ਸਿੰਘ)– ਪਿੰਡ ਝਬਾਲ ਦੇ ਇਕ ਨੌਜਵਾਨ ਦੀ ਆਪਣੇ ਸਹੁਰੇ ਪਰਿਵਾਰ ਵਲੋਂ ਕਥਿਤ ਤੌਰ ’ਤੇ ਕੀਤੀ ਗਈ ਕੁੱਟਮਾਰ ਤੋਂ ਬਾਅਦ ਇਲਾਜ ਦੌਰਾਨ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਵਲੋਂ ਪੰਜ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਅਮਰਬੀਰ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਝਬਾਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅਮਰਬੀਰ ਸਿੰਘ ਦਾ ਕਰੀਬ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸਦਾ ਇਕ ਬੱਚਾ ਵੀ ਹੈ। ਪਰਿਵਾਰ ਵਲੋਂ ਦੋਸ਼ ਲਗਾਇਆ ਜਾ ਰਿਹਾ ਸੀ ਕਿ ਉਸਦੀ ਸਹੁਰੇ ਪਰਿਵਾਰ ਵਲੋਂ ਕੁੱਟਮਾਰ ਕਰਨ ਕਾਰਨ ਉਸਦੀ ਮੌਤ ਹੋਈ ਹੈ। ਇਸ ਮਾਮਲੇ ਵਿਚ ਪੁਲਿਸ ਵਲੋਂ ਪਹਿਲਾਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਸੀ, ਪਰ ਪਰਿਵਾਰਕ ਮੈਂਬਰ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਸਨ। ਪਰਿਵਾਰ ਦਾ ਦੋਸ਼ ਸੀ ਕਿ ਪੁਲਿਸ ਨੂੰ ਦਰਖਾਸਤ ਦੇਣ ਦੇ ਬਾਵਜੂਦ ਚਾਰ ਦਿਨ ਬੀਤ ਜਾਣ ’ਤੇ ਵੀ ਉਨ੍ਹਾਂ ਵੱਲੋਂ ਨਾਮਜ਼ਦ ਕੀਤੇ ਵਿਅਕਤੀਆਂ ਦੇ ਨਾਮ ਕੇਸ ਵਿਚ ਸ਼ਾਮਿਲ ਨਹੀਂ ਕੀਤੇ ਗਏ ਅਤੇ ਨਾ ਹੀ ਮਾਮਲੇ ਨੂੰ ਕਤਲ ਦੇ ਕੇਸ ਵਿਚ ਤਬਦੀਲ ਕੀਤਾ ਗਿਆ। ਇਸਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਵਲੋਂ ਮ੍ਰਿਤਕ ਦੀ ਦੇਹ ਝਬਾਲ ਚੌਂਕ ਵਿਚ ਰੱਖ ਕੇ ਧਰਨਾ ਦਿੱਤਾ ਗਿਆ। ਇਨਸਾਫ਼ ਮਿਲਣ ਤੱਕ ਮ੍ਰਿਤਕ ਦਾ ਸਸਕਾਰ ਨਾ ਕਰਨ ਦੇ ਫ਼ੈਸਲੇ ’ਤੇ ਪਰਿਵਾਰ ਅੜਿਆ ਹੋਇਆ ਸੀ। ਇਸ ਦੌਰਾਨ ਮਾਮਲਾ ਰਾਜਨੀਤਿਕ ਪਾਰਟੀਆ ਦੇ ਧਿਆਨ ਵਿਚ ਆਉਣ ’ਤੇ ਉਹ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਥਾਣਾ ਝਬਾਲ ਵਿਖੇ ਪਹੁੰਚੇ। ਪਰਿਵਾਰ ਵਲੋਂ ਮ੍ਰਿਤਕ ਦੀ ਦੇਹ ਥਾਣੇ ਅੱਗੇ ਰੱਖ ਕੇ ਮੁੜ ਧਰਨਾ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੇ ਡੀ.ਐੱਸ.ਪੀ. ਅਮੋਲਕ ਸਿੰਘ ਅਤੇ ਥਾਣਾ ਮੁਖੀ ਜਗਰਾਜ ਸਿੰਘ ਨੇ ਮ੍ਰਿਤਕ ਦੇ ਪਰਿਵਾਰ ਨਾਲ ਗੱਲਬਾਤ ਕਰਕੇ ਮਾਮਲੇ ਦੀ ਕਾਰਵਾਈ ਵਿਚ ਵਾਧਾ ਕਰਦਿਆਂ ਪਰਿਵਾਰ ਵਲੋਂ ਦਰਖਾਸਤ ਵਿਚ ਨਾਮਜ਼ਦ ਕੀਤੇ ਗਏ ਟਿੰਕੂ ਪੁੱਤਰ ਹੀਰਾ ਸਿੰਘ ਮੰਨਣ, ਅਰਸ਼ਦੀਪ ਕੌਰ, ਹਰਦੀਪ ਸਿੰਘ, ਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਇਸਦੇ ਨਾਲ ਹੀ ਪਹਿਲਾਂ ਧਾਰਾ 174 ਤਹਿਤ ਦਰਜ ਮਾਮਲੇ ਵਿਚ ਵਾਧਾ ਕਰਕੇ ਇਸ ਨੂੰ ਕਤਲ ਦੇ ਕੇਸ ਵਿਚ ਤਬਦੀਲ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਕਾਂਗਰਸ ਦੇ ਬੀ.ਸੀ ਵਿੰਗ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਲਾਲੀ, ਕਾਂਗਰਸ ਦੇ ਬਲਾਕ ਪ੍ਰਧਾਨ ਨੌ ਨਿਹਾਲ ਸਿੰਘ ਕਸੇਲ, ਚੇਅਰਮੈਨ ਰਮਨ ਕੁਮਾਰ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਗੱਗੋਬੂਹਾ, ਨਿੰਪੀ ਸੂਦ, ਪ੍ਰਧਾਨ ਅਸ਼ੋਕ ਕੁਮਾਰ ਝਬਾਲ, ਸਰਪੰਚ ਗੁਰਚਰਨ ਸਿੰਘ, ਕੁਲਬੀਰ ਸਿੰਘ ਕੋਟ, ਸਾਬਕਾ ਸਰਪੰਚ ਅਮਰਜੀਤ ਸਿੰਘ ਬਘੇਲ ਸਿੰਘ ਵਾਲਾ, ਬਿੱਲਾ ਬਘੇਲ ਸਿੰਘ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।