ਪਰਾਲੀ ਦੀਆਂ ਗੱਠਾਂ ਬਣਵਾ ਕੇ ਕਣਕ ਦੀ ਬਿਜਾਈ ਕਰ ਰਹੇ ਕਿਸਾਨ ਦੂਜਿਆਂ ਲਈ ਬਣੇ ਪ੍ਰੇਰਨਾ ਸਰੋਤ
ਪਰਾਲੀ ਪ੍ਰਬੰਧਨ ਅਤੇ ਮਿੱਟੀ ਦੀ ਪਰਖ ਟਿਕਾਊ ਖੇਤੀਬਾੜੀ ਦੀ ਮਜ਼ਬੂਤ ਨੀਂਹ - ਡਾ. ਭੁਪਿੰਦਰ ਸਿੰਘ
ਪੱਟੀ, 20 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਭੰਗੂ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਬਲਾਕ ਖੇਤੀਬਾੜੀ ਅਫ਼ਸਰ ਪੱਟੀ ਡਾ.
ਪੱਟੀ, 20 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਭੰਗੂ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਬਲਾਕ ਖੇਤੀਬਾੜੀ ਅਫ਼ਸਰ ਪੱਟੀ ਡਾ. ਭੁਪਿੰਦਰ ਸਿੰਘ ਦੀ ਦੇਖ-ਰੇਖ ਹੇਠ ਪਿੰਡ ਘਰਿਆਲਾ ਅਰਾੜੀਆਂ ਵਿਖੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਅਤੇ ਮਿੱਟੀ ਦੀ ਪਰਖ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਪਰਾਲੀ ਦੀਆਂ ਗੱਠਾਂ ਬਣਵਾ ਕੇ ਕਣਕ ਦੀ ਬਿਜਾਈ ਕਰ ਰਹੇ ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨੰ. ਤਾਰਾ ਸਿੰਘ ਅਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਕ੍ਰਮਵਾਰ 9 ਅਤੇ 13 ਏਕੜ ਵਿਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਵਾ ਰਹੇ ਹਨ ਅਤੇ ਗੱਠਾਂ ਖੇਤਾਂ ਵਿਚੋਂ ਕਢਵਾਉਣ ਉਪਰੰਤ ਡਰਿੱਲ ਨਾਲ ਕਣਕ ਦੀ ਬਿਜਾਈ ਕਰਦੇ ਹਨ। ਉਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਪਹਿਲਾਂ ਪਰਾਲੀ ਨੂੰ ਅੱਗ ਲਗਾਉਣ ਸਮੇਂ ਕਾਨੂੰਨੀ ਕਾਰਵਾਈ ਦਾ ਡਰ ਤਾਂ ਰਹਿੰਦਾ ਹੀ ਸੀ, ਸਗੋਂ ਖੇਤਾਂ ਵਿਚ ਮੌਜੂਦ ਲਾਭਦਾਇਕ ਜੀਵ ਅਤੇ ਪੌਦੇ ਵੀ ਨੁਕਸਾਨੇ ਜਾਂਦੇ ਸਨ। ਇਲਾਕੇ ਵਿਚ ਬੇਲਰ ਮਸ਼ੀਨ ਦੀ ਉਪਲਬਧਤਾ ਨਾਲ ਪਰਾਲੀ ਦੀਆਂ ਗੱਠਾਂ ਬਣਵਾਉਣੀਆਂ ਸੁਖਾਲੀਆਂ ਹੋ ਗਈਆਂ ਹਨ ਅਤੇ ਪਰਾਲੀ ਨੂੰ ਅੱਗ ਲਗਾਉਣ ਦੀ ਲੋੜ ਨਹੀਂ ਰਹੀ। ਫਸਲ ਦਾ ਝਾੜ ਵੀ ਚੰਗਾ ਮਿਲ ਰਿਹਾ ਹੈ। ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਹਵਾ ਪ੍ਰਦੂਸ਼ਣ ਵਧਣ ਦੇ ਨਾਲ-ਨਾਲ ਮਿੱਟੀ ਦੇ ਲਾਹੇਵੰਦ ਸੂਖਮ ਜੀਵਾਂ ਅਤੇ ਜੈਵਿਕ ਪਦਾਰਥ ਨੂੰ ਵੀ ਨੁਕਸਾਨ ਪਹੁੰਚਦਾ ਹੈ। ਇਸ ਦੇ ਉਲਟ ਪਰਾਲੀ ਨੂੰ ਖੇਤ ਵਿਚ ਵਾਹੁਣ ਜਾਂ ਇਸ ਦੀਆਂ ਗੱਠਾਂ ਬਣਵਾ ਕੇ ਖੇਤ ਵਿਚੋਂ ਬਾਹਰ ਕਢਵਾਉਣ ਨਾਲ ਅੱਗ ਲਗਾਉਣ ਤੋਂ ਬਚਿਆ ਜਾ ਸਕਦਾ ਹੈ। ਪਰਾਲੀ ਖੇਤ ਵਿਚ ਵਾਹੁਣ ਨਾਲ ਮਿੱਟੀ ਵਿੱਚ ਜੈਵਿਕ ਪਦਾਰਥ ਵਧਾਉਣ ਅਤੇ ਨਮੀ ਸੰਭਾਲਣ ਵਿੱਚ ਮਦਦ ਮਿਲਦੀ ਹੈ, ਜਦਕਿ ਗੱਠਾਂ ਬਣਵਾਉਣਾ ਵੀ ਪਰਾਲੀ ਦੇ ਸੁਚੱਜੇ ਨਿਪਟਾਰੇ ਦਾ ਪ੍ਰਭਾਵਸ਼ਾਲੀ ਵਿਕਲਪ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਆਪਣੀਆਂ ਹਾਲਤਾਂ ਅਤੇ ਉਪਲੱਬਧ ਮਸ਼ੀਨਰੀ ਅਨੁਸਾਰ ਢੁੱਕਵਾਂ ਤਰੀਕਾ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਸਰਕਲ ਘਰਿਆਲਾ ਹਰਕੀਰਤ ਸਿੰਘ ਨੇ ਮਿੱਟੀ ਦੀ ਪਰਖ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿੱਟੀ ਦੀ ਜਾਂਚ ਰਿਪੋਰਟ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਨਾਲ ਫ਼ਸਲਾਂ ਨੂੰ ਲੋੜੀਂਦੇ ਖੁਰਾਕੀ ਤੱਤ ਸਹੀ ਮਾਤਰਾ ਵਿਚ ਮਿਲਦੇ ਹਨ, ਬੇਲੋੜੇ ਖਾਦ ਖਰਚਿਆਂ ਤੋਂ ਬਚਾਅ ਹੁੰਦਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਵਿਚ ਮਦਦ ਮਿਲਦੀ ਹੈ। ਇਸ ਮੌਕੇ ਬਾਜਾ ਸਿੰਘ ਖੇਤੀ ਉਪ ਨਿਰੀਖਕ, ਫੀਲਡ ਵਰਕਰ ਦਿਲਬਾਗ ਸਿੰਘ, ਫਤਿਹ ਸਿੰਘ ਅਤੇ ਇਲਾਕੇ ਦੇ ਕਿਸਾਨ ਮੌਜੂਦ ਸਨ।