30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸੇਵਾ ਮੁਕਤੀ ’ਤੇ ਵਿਸ਼ੇਸ਼:- ਸਾਦਗੀ ਸੇਵਾ ਤੇ ਬੇਬਾਕੀ ਦਾ ਸੁਮੇਲ ਪ੍ਰਿੰਸੀ : ਦਵਿੰਦਰ ਸਿੰਘ ਭੱਟੀ

ਅੰਮ੍ਰਿਤਸਰ, 29 ਨਵੰਬਰ (ਰੇਸ਼ਮ ਸਿੰਘ)-ਕੁਝ ਸ਼ਖ਼ਸੀਅਤਾਂ ਆਪਣੀਆਂ ਪ੍ਰਾਪਤੀਆਂ ਦੇ ਨਾਲ-ਨਾਲ ਆਪਣੇ ਮਿਲਾਪੜੇ ਸੁਭਾਅ, ਸਾਦਗੀ ਅਤੇ ਇਨਸਾਨੀਅਤ ਭਰੇ ਵਿਹਾਰ ਸਦਕਾ ਲੋਕਾਂ ਦੇ ਦਿਲਾਂ ਵਿਚ ਵਿਸ਼ੇਸ਼ ਥਾਂ ਬਣਾਉਂਦੀਆਂ ਹਨ। ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਅਜਿਹੀ ਹੀ ਬਹੁਪੱਖੀ ਸ਼ਖ਼ਸੀਅਤ ਹਨ ਜੋ ਗੁਰਸਿੱਖੀ ਜੀਵਨ, ਸੇਵਾ ਭਾਵਨਾ, ਮਿਲਵਰਤਣ ਅਤੇ ਬੇਬਾਕੀ ਲਈ ਜਾਣੇ ਜਾਂਦੇ ਹਨ।

ਪ੍ਰਿੰ: ਦਵਿੰਦਰ ਸਿੰਘ ਭੱਟੀ 30-11-2026
ਅੰਮ੍ਰਿਤਸਰ, 29 ਨਵੰਬਰ (ਰੇਸ਼ਮ ਸਿੰਘ)-ਕੁਝ ਸ਼ਖ਼ਸੀਅਤਾਂ ਆਪਣੀਆਂ ਪ੍ਰਾਪਤੀਆਂ ਦੇ ਨਾਲ-ਨਾਲ ਆਪਣੇ ਮਿਲਾਪੜੇ ਸੁਭਾਅ, ਸਾਦਗੀ ਅਤੇ ਇਨਸਾਨੀਅਤ ਭਰੇ ਵਿਹਾਰ ਸਦਕਾ ਲੋਕਾਂ ਦੇ ਦਿਲਾਂ ਵਿਚ ਵਿਸ਼ੇਸ਼ ਥਾਂ ਬਣਾਉਂਦੀਆਂ ਹਨ। ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਅਜਿਹੀ ਹੀ ਬਹੁਪੱਖੀ ਸ਼ਖ਼ਸੀਅਤ ਹਨ ਜੋ ਗੁਰਸਿੱਖੀ ਜੀਵਨ, ਸੇਵਾ ਭਾਵਨਾ, ਮਿਲਵਰਤਣ ਅਤੇ ਬੇਬਾਕੀ ਲਈ ਜਾਣੇ ਜਾਂਦੇ ਹਨ। 2 ਨਵੰਬਰ 1968 ਨੂੰ ਪਿੰਡ ਬੱਚੋ ਕੇ ਥੇਹ (ਧਰਮਕੋਟ ਬੱਗਾ) ਜ਼ਿਲ੍ਹਾ ਗੁਰਦਾਸਪੁਰ ਵਿਖੇ ਪਿਤਾ ਸ. ਚੰਨਣ ਸਿੰਘ ਅਤੇ ਮਾਤਾ ਸਵਰਗੀ ਗਿਆਨ ਕੌਰ ਦੇ ਘਰ ਜਨਮੇ ਸ. ਭੱਟੀ ਨੇ ਮੁੱਢਲੀ ਸਿੱਖਿਆ ਤੋਂ ਬਾਅਦ ਗੁਰੂ ਨਾਨਕ ਕਾਲਜ ਬਟਾਲਾ ਤੋਂ ਪ੍ਰੀ-ਇੰਜੀਨੀਅਰਿੰਗ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਤੋਂ 1987-1991 ਦੌਰਾਨ ਕੰਪਿਊਟਰ ਇੰਜੀਨੀਅਰਿੰਗ ਵਿਚ ਬੀ.ਟੈਕ ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ 1991 ਵਿਚ ਗੁਰੂ ਤੇਗ ਬਹਾਦਰ ਖਾਲਸਾ ਪੋਲੀਟੈਕਨਿਕ ਕਾਲਜ ਛਾਪਿਆਂਵਾਲੀ, ਮਲੋਟ ਤੋਂ ਲੈਕਚਰਾਰ ਵਜੋਂ ਆਪਣਾ ਪੇਸ਼ੇਵਰ ਜੀਵਨ ਸ਼ੁਰੂ ਕੀਤਾ। ਇਸ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਲੈਕਚਰਾਰ ਅਤੇ ਵਿਭਾਗ ਮੁਖੀ ਵਜੋਂ ਸੇਵਾਵਾਂ ਨਿਭਾਈਆਂ। ਮਈ 1993 ਤੋਂ ਦਸੰਬਰ 2008 ਤੱਕ ਵੱਖ-ਵੱਖ ਸਰਕਾਰੀ ਪੋਲੀਟੈਕਨਿਕ ਕਾਲਜਾਂ ਵਿਚ ਪ੍ਰੋਗਰਾਮਰ ਅਤੇ ਸਿਸਟਮ ਮੈਨੇਜਰ ਰਹੇ। 2005 ਤੋਂ 2010 ਤੱਕ ਸਰਕਾਰੀ ਪੋਲੀਟੈਕਨਿਕ ਕਾਲਜ ਦੀਨਾਨਗਰ ਵਿਖੇ ਕਾਰਜਕਾਰੀ ਪ੍ਰਿੰਸੀਪਲ ਅਤੇ 2010 ਤੋਂ 2012 ਤੱਕ ਬੇਅੰਤ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਗੁਰਦਾਸਪੁਰ ਦੇ ਪੋਲੀਟੈਕਨਿਕ ਵਿੰਗ ਵਿਖੇ ਕੋਆਰਡੀਨੇਟਰ ਵਜੋਂ ਜਿੰਮੇਵਾਰੀ ਨਿਭਾਈ। ਮਾਰਚ 2024 ਤੋਂ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਅਤੇ ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਈਆਂ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬੋਰਡ ਆਫ਼ ਸਟੱਡੀਜ਼ ਦੇ ਸਾਬਕਾ ਮੈਂਬਰ ਰਹਿਣ ਦੇ ਨਾਲ ਪੰਜਾਬ ਪੋਲੀਟੈਕਨਿਕ ਪ੍ਰੋਗਰਾਮਰਜ਼ ਐਂਡ ਅਲਾਈਡਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਜੋਂ ਲਗਾਤਾਰ 15 ਸਾਲ ਮੁਲਾਜ਼ਮਾਂ ਦੇ ਹੱਕਾਂ ਅਤੇ ਭਲਾਈ ਲਈ ਯਤਨਸ਼ੀਲ ਰਹੇ। ਉਨ੍ਹਾਂ ਦੀ ਅਗਵਾਈ ਹੇਠ ਬਟਾਲਾ ਵਿਖੇ ਸੂਬਾ ਪੱਧਰੀ ਐਥਲੈਟਿਕ ਮੀਟ, ਅੰਮ੍ਰਿਤਸਰ ਵਿਖੇ ਸੂਬਾ ਪੱਧਰੀ ਯੁਵਕ ਮੇਲਾ ਅਤੇ ਇੰਡਸਟਰੀ-ਅਕਾਦਮੀਆ ਕਨਕਲੇਵ ਵਰਗੇ ਮਹੱਤਵਪੂਰਨ ਪ੍ਰੋਗਰਾਮ ਕਰਵਾਏ ਗਏ। ਆਧੁਨਿਕ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਬਟਾਲਾ ਅਤੇ ਅੰਮ੍ਰਿਤਸਰ ਵਿਖੇ ਆਈ.ਆਈ.ਟੀ. ਰੋਪੜ ਦੇ ਸਹਿਯੋਗ ਨਾਲ ਆਧੁਨਿਕ ਲੈਬਾਂ ਸਥਾਪਿਤ ਕਰਵਾਈਆਂ। ਅੰਮ੍ਰਿਤਸਰ ਵਿਖੇ ਟੋਇਟਾ ਕਿਰਲੋਸਕਰ ਮੋਟਰ ਦੇ ਸਹਿਯੋਗ ਨਾਲ ਲਗਭਗ 25 ਲੱਖ ਰੁਪਏ ਦੀ ਆਟੋਮੋਬਾਈਲ ਸਕਿੱਲ ਲੈਬ ਅਤੇ ਕੁਆਲਿਟੀ ਫਾਰਮਾਸਿਊਟੀਕਲਜ਼ ਲਿਮਟਿਡ ਦੇ ਸਹਿਯੋਗ ਨਾਲ ਲਗਭਗ 20 ਲੱਖ ਰੁਪਏ ਦੀ ਆਧੁਨਿਕ ਫਾਰਮੇਸੀ ਲੈਬ ਸਥਾਪਿਤ ਕਰਵਾਉਣ ਵਿਚ ਯੋਗਦਾਨ ਪਾਇਆ। ਇਸ ਤੋਂ ਇਲਾਵਾ ਜੰਡਿਆਲਾ ਗੁਰੂ ਵਿਖੇ ਨਵੇਂ ਸਰਕਾਰੀ ਬਹੁ-ਤਕਨੀਕੀ ਕਾਲਜ ਦੇ ਨਿਰਮਾਣ ਅਤੇ ਮੁੱਢਲੇ ਕਾਰਜਾਂ ਵਿਚ ਵੀ ਅਹਿਮ ਭੂਮਿਕਾ ਨਿਭਾਈ। ਸ. ਭੱਟੀ ਦਾ ਵਿਸ਼ਵਾਸ ਹੈ ਕਿ ਕਿਸੇ ਵੀ ਸੰਸਥਾ ਦੀ ਤਰੱਕੀ ਸਮੂਹਿਕ ਸਹਿਯੋਗ ਅਤੇ ਆਪਸੀ ਸਤਿਕਾਰ ਨਾਲ ਹੀ ਸੰਭਵ ਹੈ। ਧਰਮ ਪਤਨੀ ਸ੍ਰੀਮਤੀ ਨਵਨੀਤ ਕੌਰ, ਪੁੱਤਰ ਸ਼ਹਿਬਾਜ਼ ਸਿੰਘ, ਪੁੱਤਰੀ ਗੁਰਲੀਨ ਕੌਰ ਅਤੇ ਜਵਾਈ ਸਤਿੰਦਰਜੀਤ ਸਿੰਘ ਸਮੇਤ ਸਮੁੱਚੇ ਪਰਿਵਾਰ ਦਾ ਪਿਆਰ ਅਤੇ ਸਤਿਕਾਰ ਉਨ੍ਹਾਂ ਦੀ ਜਿੰਦਗੀ ਦੀ ਅਨਮੋਲ ਕੂੰਜੀ ਹੈ।
ਪਿਛਲੀ ਖ਼ਬਰ ਖੂਨਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚਾਉਣਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ : ਓਮ ਪ੍ਰਕਾਸ਼ ਸੋਨੀ ਅਗਲੀ ਖ਼ਬਰ ਦੋ ਦਿਨਾ ‘ਸਿੱਖ ਵਿੱਦਿਅਕ ਵਿਚਾਰ ਸੰਮੇਲਨ -2026’ ਦੇ ਆਖਰੀ ਦਿਨ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।