27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

‘ਵਿਸ਼ਵ ਸੈਰ ਸਪਾਟਾ’ ਦਿਵਸ ’ਤੇ ਵਿਸ਼ੇਸ਼

ਅੰਮ੍ਰਿਤਸਰ, 26 ਸਤੰਬਰ (ਸੁਰਿੰਦਰ ਕੋਛੜ)-ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਬਾਹਰੀ ਮੁਲਕਾਂ ਤੋਂ ਪੰਜਾਬ ਆਉਣ ਵਾਲੇ ਸੈਲਾਨੀਆਂ ਅਤੇ ਯਾਤਰੂਆਂ ਦੀ ਅੰਮ੍ਰਿਤਸਰ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਦੇ ਬਾਵਜੂਦ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਵਧੇਰੇਤਰ ਸੈਲਾਨੀ ਅਤੇ ਸ਼ਰਧਾਲੂ ਅੰਮ੍ਰਿਤਸਰ ’ਚ ਇਕ ਜਾਂ ਦੋ ਦਿਨਾਂ ਤੋਂ ਵਧੇਰੇ ਨਹੀਂ ਟਿਕਦੇ ਹਨ।

ਗਗਨਦੀਪ ਸਿੰਘ ਵਿਰਕ, ਗੁਰਿੰਦਰ ਸਿੰਘ ਜੌਹਲ। 27-09-2026
ਅੰਮ੍ਰਿਤਸਰ, 26 ਸਤੰਬਰ (ਸੁਰਿੰਦਰ ਕੋਛੜ)-ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਬਾਹਰੀ ਮੁਲਕਾਂ ਤੋਂ ਪੰਜਾਬ ਆਉਣ ਵਾਲੇ ਸੈਲਾਨੀਆਂ ਅਤੇ ਯਾਤਰੂਆਂ ਦੀ ਅੰਮ੍ਰਿਤਸਰ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਦੇ ਬਾਵਜੂਦ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਵਧੇਰੇਤਰ ਸੈਲਾਨੀ ਅਤੇ ਸ਼ਰਧਾਲੂ ਅੰਮ੍ਰਿਤਸਰ ’ਚ ਇਕ ਜਾਂ ਦੋ ਦਿਨਾਂ ਤੋਂ ਵਧੇਰੇ ਨਹੀਂ ਟਿਕਦੇ ਹਨ। ਅੰਮ੍ਰਿਤਸਰ ਨਿਵਾਸ ਦੌਰਾਨ ਵਧੇਰੇਤਰ ਸੈਲਾਨੀਆਂ ਦੀ ਪਹਿਲੀ ਪਸੰਦ ਸ੍ਰੀ ਦਰਬਾਰ ਸਾਹਿਬ, ਉਸ ਦੇ ਬਾਅਦ ਜਲ੍ਹਿਆਂਵਾਲਾ ਬਾਗ ਜਾਂ ਦੁਰਗਿਆਣਾ ਮੰਦਰ ਅਤੇ ਫਿਰ ਅਟਾਰੀ-ਵਾਹਗਾ ਸਰਹੱਦ ’ਤੇ ਰੋਜ਼ਾਨਾ ਸ਼ਾਮ ਹੋਣ ਵਾਲੀ ਰਿਟਰੀਟ ਸੈਰਾਮਨੀ (ਝੰਡਾ ਉਤਾਰਨ ਦੀ ਰਸਮ) ਰਹਿੰਦੀ ਹੈ। ਜਿਸ ਕਾਰਨ ਵਿਸ਼ੇਸ਼ ਤੌਰ ’ਤੇ ਅੰਮ੍ਰਿਤਸਰ ਦੀਆਂ ਵੱਖ-ਵੱਖ ਰਿਵਾਇਤੀ ਵਸਤੂਆਂ ਦੀਆਂ ਮਾਰਕੀਟਾਂ ਜਾਂ ਕੱਪੜਿਆਂ, ਗਹਿਣਿਆਂ ਅਤੇ ਹੋਰਨਾਂ ਖਾਣ-ਪੀਣ ਦੀਆਂ ਦੁਕਾਨਾਂ ਜਾਂ ਵਿਰਾਸਤੀ ਸਮਾਰਕਾਂ ਦੇ ਪ੍ਰਬੰਧਕਾਂ ਨੂੰ ਸੈਲਾਨੀਆਂ ਦੀ ਆਮਦ ਦਾ ਬਹੁਤਾ ਲਾਭ ਨਹੀਂ ਪਹੁੰਚ ਰਿਹਾ ਹੈ। ਇੰਡੀਅਨ ਐਸੋਸੀਏਸ਼ਨ ਆਫ਼ ਟੂਰ ਓਪਰੇਟਰਜ਼ ਪੰਜਾਬ ਚੈਪਟਰ ਦੇ ਚੇਅਰਮੈਨ ਗੁਰਿੰਦਰ ਸਿੰਘ ਜੌਹਲ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਟੂਰਿਜ਼ਮ ਦਾ ਇਤਿਹਾਸ ਇੰਨਾ ਪੁਰਾਣਾ ਹੋਣ ਦੇ ਬਾਵਜੂਦ ਅੱਜ ਸੂਬੇ ਦਾ ਟੂਰਿਜ਼ਮ ਭਾਰਤ ਦੇ ਹੋਰਨਾਂ ਰਾਜਾਂ ਤੋਂ ਕਿਤੇ ਪਿੱਛੇ ਚੱਲ ਰਿਹਾ ਹੈ। ਪੰਜਾਬ ’ਚ ਸਭਿਆਚਾਰਕ ਵੰਨ ਸੁਵੰਨਤਾ, ਅੱਵਲ ਦਰਜੇ ਦੀ ਭਵਨ-ਨਿਰਮਾਣਕਾਰੀ, ਇਸ ਦੀਆਂ ਅਧਿਆਤਮਕ ਪਰੰਪ੍ਰਾਵਾਂ ਤੇ ਸੰਸਥਾਵਾਂ, ਇਸ ਦੇ ਖੁੱਲ੍ਹੇ ਖੇਤ ਤੇ ਲੋਕਾਂ ਦੇ ਦਿਲ ਦਰਿਆ ਹੋਣ ਦੇ ਬਾਵਜੂਦ ਪੰਜਾਬ ਕੌਮਾਂਤਰੀ ਯਾਤਰੂਆਂ ਦੀ ਪਹਿਲੀ ਪਸੰਦ ਨਹੀਂ ਬਣ ਸਕਿਆ ਹੈ। ਜੌਹਲ ਨੇ ਕਿਹਾ ਕਿ ਪੰਜਾਬ ਦਾ ਟੂਰਿਜ਼ਮ ਉਦਯੋਗ ਸਰਕਾਰੀ ਨਜ਼ਰ-ਅੰਦਾਜ਼ੀ ਤੇ ਅਣਗਹਿਲੀ ਦਾ ਸ਼ਿਕਾਰ ਹੋ ਰਿਹਾ ਅਤੇ ਸੂਬੇ ਦਾ ਟੂਰਿਜ਼ਮ ਅੰਮ੍ਰਿਤਸਰ ’ਚ ਸ਼ੁਰੂ ਹੋ ਕੇ ਇੱਥੇ ਹੀ ਸਮਾਪਤ ਹੋ ਜਾਂਦਾ ਹੈ। ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਦੇ ਅੰਮ੍ਰਿਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਸੈਲਾਨੀਆਂ ਦੀ ਵਿਰਾਸਤੀ ਅਤੇ ਇਤਿਹਾਸਕ ਸਮਾਰਕਾਂ ਵਲ ਖਿੱਚ ਪੈਦਾ ਨਾ ਹੋਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਧਾਰਮਿਕ ਅਤੇ ਇਤਿਹਾਸਕ ਪੱਖੋਂ ਮਹੱਤਵਪੂਰਨ ਅੰਮ੍ਰਿਤਸਰ ਸ਼ਹਿਰ ਦੇ ਸਮਾਰਕ ਲੰਬੇ ਸਮੇਂ ਤੋਂ ਰੱਖ-ਰਖਾਅ ਨਾਲ ਸੰਬੰਧਿਤ ਵਿਭਾਗਾਂ ਦੀ ਅਣਦੇਖੀ ਦਾ ਸੰਤਾਪ ਹੰਢਾ ਰਹੇ ਹਨ। ਜਿੱਥੇ ਕਿਲ੍ਹਾ ਗੋਬਿੰਦਗੜ੍ਹ, ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ ਅਤੇ ਸਾਡਾ ਪਿੰਡ ਆਦਿ ਵਿਖੇ ਸੈਲਾਨੀਆਂ ਤੇ ਸਥਾਨਕ ਨਾਗਰਿਕਾਂ ਨੂੰ ਮਹਿੰਗੀਆਂ ਟਿਕਟਾਂ ਖ਼ਰਚ ਕੇ ਜਾਣਾ ਪੈਂਦਾ ਹੈ, ਜਿਸ ਕਾਰਨ ਉੱਥੇ ਬਹੁਤੀਆਂ ਰੌਣਕਾਂ ਨਹੀਂ ਜੁੜ ਰਹੀਆਂ। ਉੱਥੇ ਹੀ ਗੋਲਡਨ ਟੈਂਪਲ ਪਲਾਜ਼ਾ (ਗੋਲਡਨ ਟੈਂਪਲ ਵਿਆਖਿਆ ਕੇਂਦਰ) ਯਾਤਰੂਆਂ ਲਈ ਬਿਲਕੁਲ ਫ਼੍ਰੀ ਅਤੇ ਪਾਰਟੀਸ਼ਨ ਮਿਊਜ਼ੀਅਮ, ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਆਦਿ ਦੀ ਟਿਕਟ ਬਿਲਕੁਲ ਘੱਟ ਹੋਣ ਦੇ ਬਾਵਜੂਦ ਪ੍ਰਚਾਰ ਦੀ ਘਾਟ ਕਾਰਨ ਉੱਥੇ ਬਹੁਤ ਘੱਟ ਲੋਕ ਪਹੁੰਚ ਰਹੇ ਹਨ। ਦੂਜੇ ਪਾਸੇ, ਪੁਲਿਸ ਮਿਊਜ਼ੀਅਮ, ਅੰਮ੍ਰਿਤਸਰ ਵਿਰਾਸਤੀ ਮਿਊਜ਼ੀਅਮ ਅਤੇ 40 ਖੂਹ ਰੋਜ਼ ਗਾਰਡਨ ਆਦਿ ਦੀ ਨਵਉਸਾਰੀ ਕਥਿਤ ਤੌਰ ’ਤੇ ਮੁਕੰਮਲ ਕੀਤੇ ਜਾਣ ਦੇ ਬਾਵਜੂਦ ਇਨ੍ਹਾਂ ਦੇ ਅਜੇ ਤਕ ਬੰਦ ਰਹਿਣ ਕਰਕੇ ਇਹ ਸਮਾਰਕ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਨਹੀਂ ਬਣ ਸਕੇ ਹਨ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ ਦੇ ਪਿੰਡ ਧਨੋਏ ਕਲਾਂ ’ਚ ਬਣਵਾਈ ਆਲੀਸ਼ਾਨ ਬਾਰਾਂਦਰੀ, ਬਾਗ ਰਾਜਾ ਰੁਲੀਆ ਰਾਮ, ਤਲਾਬ ਸਮਦ-ਜੂ ਕਸ਼ਮੀਰੀ, ਤਲਾਬ ਸੁਖਦਿਆਲ, ਗਣੇਸ਼ ਦਾਸ ਦੀ ਛਤਰੀ, ਸਕੱਤਰੀ ਬਾਗ ਆਦਿ ਨੂੰ ਬਿਲਕੁਲ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਵਿਖੇ ਯਾਤਰੂਆਂ ਨੂੰ ਵਧੇਰੇ ਸਮੇਂ ਤਕ ਰੋਕਣ ਲਈ ਸੰਬੰਧਿਤ ਵਿਭਾਗ ਨੂੰ ਸ਼ਹਿਰ ਅਤੇ ਆਸ-ਪਾਸ ਦੇ ਸਮਾਰਕਾਂ ਦੇ ਰੱਖ-ਰਖਾਅ ਅਤੇ ਉਨ੍ਹਾਂ ਦੇ ਪ੍ਰਚਾਰ ਵਲ ਧਿਆਨ ਦੇਣਾ ਚਾਹੀਦਾ ਹੈ ਤਾਂ ਸ਼ਹਿਰ ਵਾਸੀ ਤੇ ਕਾਰੋਬਾਰੀ ਟੂਰਿਜ਼ਮ ਇੰਡਸਟਰੀ ਦਾ ਲਾਹਾ ਲੈ ਸਕਣ।
ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਅਗਲੀ ਖ਼ਬਰ ਇਤਿਹਾਸਕ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਵਿਖੇ ਸਾਲਾਨਾ (ਚੁਰਾਸੀ ਕੱਟ) ਜੋੜ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।