ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਭਾਈ ਗੁਰਦਾਸ ਜੀ ਨਗਰ ਨਿਊ ਅੰਮ੍ਰਿਤਸਰ ਵਿਖੇ ਵਿਸ਼ਾਲ ਰੋਸ ਮਾਰਚ
ਕੈਬਨਿਟ ਮੰਤਰੀ ਈ.ਟੀ.ਓ. ਦੀ ਰਿਹਾਇਸ਼ ਦਾ ਕੀਤਾ ਘਿਰਾਓ
ਸੁਲਤਾਨਵਿੰਡ, 13 ਸਤੰਬਰ (ਗੁਰਨਾਮ ਸਿੰਘ ਬੁੱਟਰ)-ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਭਾਈ ਗੁਰਦਾਸ ਜੀ ਨਗਰ ਨਿਊ ਅੰਮ੍ਰਿਤਸਰ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਜ਼ਿਲ੍ਹਾ ਅੰਮ੍ਰਿਤਸਰ, ਤਰਨਤਾਰਨ ਅਤੇ ਕਪੂਰਥਲਾ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਨਿਊ ਅੰਮ੍ਰਿਤਸਰ ਦੀ ਮਾਰਕੀਟ ਸਾਹਮਣੇ ਇਕੱਠ ਕੀਤਾ।
ਸੁਲਤਾਨਵਿੰਡ, 13 ਸਤੰਬਰ (ਗੁਰਨਾਮ ਸਿੰਘ ਬੁੱਟਰ)-ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਭਾਈ ਗੁਰਦਾਸ ਜੀ ਨਗਰ ਨਿਊ ਅੰਮ੍ਰਿਤਸਰ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਜ਼ਿਲ੍ਹਾ ਅੰਮ੍ਰਿਤਸਰ, ਤਰਨਤਾਰਨ ਅਤੇ ਕਪੂਰਥਲਾ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਨਿਊ ਅੰਮ੍ਰਿਤਸਰ ਦੀ ਮਾਰਕੀਟ ਸਾਹਮਣੇ ਇਕੱਠ ਕੀਤਾ। ਉਪਰੰਤ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਦਿਆਂ ਘਿਰਾਓ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਰੋਸ ਪ੍ਰਦਰਸ਼ਨ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਰਹਿੰਦੇ 18 ਫੀਸਦੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਤਨਖਾਹਾਂ ਤੇ ਪੈਨਸ਼ਨਾਂ ਦੀ ਦੁਹਰਾਈ 2.59 ਦੇ ਗੁਣਾਕ ਨਾਲ ਕੀਤੀ ਜਾਵੇ ਆਦਿ। ਇਸ ਮੌਕੇ ਗੁਰਦੀਪ ਸਿੰਘ ਬਾਜਵਾ, ਜਰਮਨਜੀਤ ਛੱਜਲਵੱਡੀ, ਸੁਰਿੰਦਰ ਸਿੰਘ ਮੋਲੋਵਾਲੀ, ਮਨਜੀਤ ਸਿੰਘ ਬਾਸਰਕੇ, ਦੀਦਾਰ ਸਿੰਘ ਮੰਡ, ਰਕੇਸ਼ ਧਵਨ, ਹਰਵਿੰਦਰ ਸਿੰਘ,ਪਲਵਿੰਦਰ ਕੌਰ ਥੰਜੂ, ਅਸ਼ੋਕ ਕੁਮਾਰ ਅਵਤਾਰ ਸਿੰਘ, ਬਲਦੇਵ ਸਿੰਘ, ਹਰਦੀਪ ਸਿੰਘ, ਮਨਜੀਤ ਸਿੰਘ, ਜਸਮੇਲ ਸਿੰਘ, ਹਰਮੀਤ ਸਿੰਘ, ਜਗੀਰ ਕੌਰ ਅਤੇ ਰਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਮੁਲਾਜ਼ਮ ਅਤੇ ਪੈਨਸ਼ਨਰ ਆਗੂ ਹਾਜ਼ਰ ਸਨ।