ਸਰਬ ਲੋਕ ਭਲਾਈ ਕਮੇਟੀ ਦਾ ਵਫ਼ਦ ਮੰਗਾਂ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਿਆ
ਅੰਮ੍ਰਿਤਸਰ, 1 ਸਤੰਬਰ (ਹਰਮਿੰਦਰ ਸਿੰਘ)-ਸਰਬ ਲੋਕ ਭਲਾਈ ਕਮੇਟੀ ਦਾ ਵਫਦ ਆਪਣੀਆਂ ਮੰਗਾਂ ਲੈ ਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰ ਵਿਖੇ ਪਹੁੰਚਿਆ। ਇਸ ਵਫ਼ਦ ’ਚ ਮੈਂਬਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਪੱਲਵੀ ਮਿਸ਼ਰਾ ਅਤੇ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ।
ਅੰਮ੍ਰਿਤਸਰ, 1 ਸਤੰਬਰ (ਹਰਮਿੰਦਰ ਸਿੰਘ)-ਸਰਬ ਲੋਕ ਭਲਾਈ ਕਮੇਟੀ ਦਾ ਵਫਦ ਆਪਣੀਆਂ ਮੰਗਾਂ ਲੈ ਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰ ਵਿਖੇ ਪਹੁੰਚਿਆ। ਇਸ ਵਫ਼ਦ ’ਚ ਮੈਂਬਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਪੱਲਵੀ ਮਿਸ਼ਰਾ ਅਤੇ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ’ਤੇ ਵਫ਼ਦ ’ਚ ਰਣਜੀਤ ਐਵੀਨਿਊ ਦੇ ਵੱਖ ਵੱਖ ਬਲਾਕਾਂ ਦੀਆਂ ਵੈਲਫੇਅਰ ਸੁਸਾਇਟੀਆਂ ਦੇ ਨੁਮਾਇੰਦੇ, ਪਿੰਡ ਗੁਮਟਾਲਾ, ਲੁਹਾਰਕਾ ਰੋਡ ਸਥਿਤ ਰਣਜੀਤ ਵਿਹਾਰ ਦੀਆਂ ਸੁਸਾਇਟੀਆਂ ਦੇ ਅਹੁਦੇਦਾਰ ਮੌਜੂਦ ਸਨ। ਜਿਨ੍ਹਾਂ ਨੇ 1 ਅਕਤੂਬਰ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਹਾਲਤ ਵਿਚ ਧਰਨਾ ਲਗਾਉਣ ਦਾ ਐਲਾਨ ਕੀਤਾ। ਇਸ ਦੌਰਾਨ ਸਰਬ ਲੋਕ ਭਲਾਈ ਕਮੇਟੀ ਦੇ ਹਰਵਿੰਦਰ ਸਿੰਘ ਵਿਰਕ, ਪਿੰਡ ਗੁਮਟਾਲਾ ਤੋਂ ਨੰਬਰਦਾਰ ਮਨਜੀਤ ਸਿੰਘ ਢਿੱਲੋਂ (ਹਰਮਨ ਗੁੰਮਟਾਲਾ), ਤਰਸੇਮ ਸਿੰਘ ਚਾਹਲ, ਰਣਜੀਤ ਵਿਹਾਰ ਤੋਂ ਕੈਪਟਨ ਜਵਾਹਰ ਸਿੰਘ, ਸਰਬਜੀਤ ਸਿੰਘ, ਸੁਖਰਾਜ ਸਿੰਘ , ਪ੍ਰਿਤਪਾਲ ਸਿੰਘ, ਦਲਜੀਤ ਸਿੰਘ ਢਿੱਲੋਂ, ਅਮਨ ਢੋਟ, ਹਰਭਜਨ ਸਿੰਘ, ਅਮਨਦੀਪ ਸਿੰਘ, ਮੰਗਲ ਸਿੰਘ ਆਦਿ ਨੇ ਦੋਵੇਂ ਅਧਿਕਾਰੀਆਂ ਨੂੰ ਦੱਸਿਆ ਕਿ ਪਿੰਡ ਗੁਮਟਾਲਾ ਅਤੇ ਲੁਹਾਰਕਾ ਰੋਡ ਨੂੰ ਜੋੜਦੀ ਲਿੰਕ ਸੜਕੀ ਦੀ ਹਾਲਤ ਬਹੁਤ ਮੰਦੀ ਹੈ। ਉਨ੍ਹਾਂ ਦੱਸਿਆ ਕਿ ਲੁਹਾਰਕਾ ਰੋਡ ਪੁਲ ਦਾ ਲੰਬੇ ਸਮੇਂ ਤੋਂ ਨਿਰਮਾਣ ਕਾਰਜ ਚਲ ਰਿਹਾ ਹੈ ਜਿਸ ਕਾਰਨ ਬਾਈਪਾਸ ’ਤੇ ਜਾਮ ਲੱਗਾ ਰਹਿੰਦਾ ਹੈ। ਆਵਾਜਾਈ ਪ੍ਰਭਾਵਿਤ ਹੋਣ ਕਰਕੇ ਵੱਡੀ ਗਿਣਤੀ ਵਿਚ ਗੱਡੀਆਂ ਗੁਮਟਾਲਾ, ਲੁਹਾਰਕਾ ਰੋਡ ਲਿੰਕ ਸੜਕ ਤੋਂ ਲੰਘਦੀਆਂ ਹਨ ਪਰ ਇਸ ਸੜਕ ਦੀ ਹਾਲਤ ਬਹੁਤ ਮੰਦੀ ਹੋਣ ਕਰਕੇ ਅਕਸਰ ਹੀ ਇਸ ਸੜਕ ’ਤੇ ਹਾਦਸੇ ਵਾਪਰਦੇ ਹਨ। ਇਸ ਸਬੰਧੀ ਉਨ੍ਹਾਂ ਵਲੋਂ ਪਹਿਲਾਂ ਵੀ ਕਈ ਆਪਣੀ ਮੰਗ ਰੱਖੀ ਗਈ ਹੈ ਪਰ ਉਨ੍ਹਾਂ ਦੇ ਮਸਲੇ ਦਾ ਹੱਲ ਨਹੀ ਹੋਇਆ। ਇਸ ਸਬੰਧ ਵਿਚ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਮੌਕੇ ’ਤੇ ਐੱਸ. ਈ. ਸੰਦੀਪ ਸਿੰਘ ਨੂੰ ਸੱਦ ਕੇ ਉਪਰੋਕਤ ਸੜਕ ਨੂੰ ਬਣਾਉਣ ਦਾ ਕੰਮ 8 ਸਤੰਬਰ ਤੱਕ ਸ਼ੁਰੂ ਕਰਵਾਉਣ ਦੀਆਂ ਹਦਾਇਤਾਂ ਕੀਤੀਆਂ ਹਨ । ਇਸ ਦੌਰਾਨ ਉਪਰੋਕਤ ਵਫ਼ਦ ਮੈਂਬਰਾਂ ਨੇ ਅੰਮ੍ਰਿਤ ਅਨੰਦ ਪਾਰਕ ਦੇ ਨੇੜੇ ਕੂੜਾ ਇਕੱਠਾ ਕਰਨ ਸੰਬੰਧੀ ਬਣਾਏ ਗਏ ਪੁਆਇੰਟ ਦਾ ਮਸਲਾ ਵੀ ਨਿਗਮ ਕਮਿਸ਼ਨਰ ਸਾਹਮਣੇ ਰਖਿਆ ਅਤੇ ਇਸ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਨਿਗਮ ਕਮਿਸ਼ਨਰ ਕੂੜਾ ਚੁੱਕਣ ਵਾਲੀ ਕੰਪਨੀ ਦੇ ਅਧਿਕਾਰੀ ਰਾਜੀਵ ਅਰੋੜਾ ਨੂੰ ਮੌਕੇ ’ਤੇ ਸੱਦ ਕੇ ਉਸ ਨੂੰ ਉਪਰੋਕਤ ਸਥਾਨ ਤੋਂ ਕੂੜਾ ਤੁਰੰਤ ਹਟਾਉਣ ਦੀ ਹਦਾਇਤ ਕੀਤੀ ਅਤੇ ਇਸ ਦੇ ਨਾਲ ਹੀ ਕੰਪਨੀ ਅਧਿਕਾਰੀ ਨੂੰ ਸਖ਼ਤ ਲਹਿਜੇ ਵਿਚ ਤਾੜਨਾ ਕੀਤੀ ਕਿ ਜੇਕਰ ਸਵੇਰ ਤੱਕ ਉਥੇ ਕੂੜਾ ਹੋਇਆ ਤਾਂ ਇਸ ਦੇ ਬਦਲੇ ’ਚ ਕੰਪਨੀ ਨੂੰ ਜੁਰਮਾਨਾ ਕਰਨ ਦੇ ਨਾਲ ਨਾਲ ਉਸ ਦੇ ਖਿਲਾਫ ਹੋਰ ਵੀ ਸਖ਼ਤ ਕਦਮ ਚੁਕਿਆ ਜਾਵੇਗਾ।