ਅਬੋਹਰ ਦੇ ਨਸ਼ਾ ਪ੍ਰਭਾਵਿਤ ਰਾਜੀਵ ਨਗਰ ਵਿਖੇ ਪੁਲਿਸ ਦੀ ਵੱਡੀ ਪਹਿਲ, ਮੁਫ਼ਤ ਟਿਊਸ਼ਨ ਸੈਂਟਰ ਸ਼ੁਰੂ
ਅਬੋਹਰ, 17 ਅਕਤੂਬਰ (ਵਿਵੇਕ ਹੂੜੀਆ)- ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਵਲੋਂ ਚਲਾਏ ਜਾ ਰਹੇ ਲੋਕ-ਪੱਖੀ ਅਭਿਆਨ ‘ਮੇਰਾ ਪੰਜਾਬ, ਮੇਰੀ ਜ਼ਿੰਮੇਵਾਰੀ’ ਤਹਿਤ ਨਸ਼ਿਆਂ ਦੇ ਹੌਟਸਪੌਟ ਵਜੋਂ ਜਾਣੇ ਜਾਂਦੇ ਰਾਜੀਵ ਨਗਰ ਵਿਖੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਵੱਲ ਇਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਇਲਾਕੇ ਵਿਚ ਬੱਚਿਆਂ ਲਈ ਇੱਕ ਮੁਫ਼ਤ ਟਿਊਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਰਸਮੀ ਉਦਘਾਟਨ ਥਾਣਾ ਸਿਟੀ-2 ਦੇ ਇੰਚਾਰਜ ਪਰਮਜੀਤ ਕੰਬੋਜ ਨੇ ਕੀਤਾ।
ਅਬੋਹਰ, 17 ਅਕਤੂਬਰ (ਵਿਵੇਕ ਹੂੜੀਆ)- ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਵਲੋਂ ਚਲਾਏ ਜਾ ਰਹੇ ਲੋਕ-ਪੱਖੀ ਅਭਿਆਨ ‘ਮੇਰਾ ਪੰਜਾਬ, ਮੇਰੀ ਜ਼ਿੰਮੇਵਾਰੀ’ ਤਹਿਤ ਨਸ਼ਿਆਂ ਦੇ ਹੌਟਸਪੌਟ ਵਜੋਂ ਜਾਣੇ ਜਾਂਦੇ ਰਾਜੀਵ ਨਗਰ ਵਿਖੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਵੱਲ ਇਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਇਲਾਕੇ ਵਿਚ ਬੱਚਿਆਂ ਲਈ ਇੱਕ ਮੁਫ਼ਤ ਟਿਊਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਰਸਮੀ ਉਦਘਾਟਨ ਥਾਣਾ ਸਿਟੀ-2 ਦੇ ਇੰਚਾਰਜ ਪਰਮਜੀਤ ਕੰਬੋਜ ਨੇ ਕੀਤਾ। ਸੈਂਟਰ ਵਿਚ ਪਹਿਲੇ ਹੀ ਦਿਨ 40 ਬੱਚਿਆਂ ਨੇ ਦਾਖਲਾ ਲੈ ਕੇ ਸਿੱਖਿਆ ਵੱਲ ਕਦਮ ਵਧਾਇਆ ਹੈ। ਇਸ ਨਿਵੇਕਲੀ ਪਹਿਲ ਦਾ ਮੁੱਖ ਉਦੇਸ਼ ਬੱਚਿਆਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਸਿੱਖਿਆ ਪ੍ਰਤੀ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ ਉੱਜਵਲ ਭਵਿੱਖ ਲਈ ਪ੍ਰੇਰਿਤ ਕਰਨਾ ਹੈ। ਪੁਲਿਸ ਪ੍ਰਸ਼ਾਸਨ ਦੇ ਇਸ ਉਪਰਾਲੇ ਰਾਹੀਂ ਬੱਚਿਆਂ ਨੂੰ ਪੜ੍ਹਾਈ ਲਈ ਵਧੀਆ ਮਾਹੌਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੰਚਾਰਜ ਪਰਮਜੀਤ ਕੰਬੋਜ ਨੇ ਬੱਚਿਆਂ ਨੂੰ ਭਰੋਸਾ ਦਿਵਾਇਆ ਕਿ ਪੜ੍ਹਾਈ ਸੰਬੰਧੀ ਕਿਸੇ ਵੀ ਲੋੜ ਪੈਣ ’ਤੇ ਉਹ ਬਿਨਾਂ ਝਿਜਕ ਦੱਸਣ, ਪੁਲਿਸ ਪ੍ਰਸ਼ਾਸਨ ਵਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਥਾਣਾ ਮੁਖੀ ਨੇ ਆਪਣੇ ਵਲੋਂ ਪੰਜ ਦਰਜਨ ਕਾਪੀਆਂ ਤੇ ਲੋੜੀਂਦੀ ਸਿੱਖਿਆ ਸਮਗਰੀ ਬੱਚਿਆਂ ਨੂੰ ਭੇਟ ਕੀਤੀ। ਇਸ ਦੇ ਨਾਲ ਹੀ ਸਮਾਜ ਸੇਵਕ ਗਗਨ ਚੁੱਘ ਵਲੋਂ ਟਿਊਸ਼ਨ ਸੈਂਟਰ ਲਈ ਬਲੈਕ-ਬੋਰਡ ਮੁਹੱਈਆ ਕਰਵਾਇਆ ਗਿਆ। ਇਸ ਮੁਫ਼ਤ ਟਿਊਸ਼ਨ ਸੈਂਟਰ ਦਾ ਸੰਚਾਲਨ ਸ੍ਰੀ ਬਾਲਾ ਜੀ ਸੇਵਕ ਦਲ ਦੇ ਪ੍ਰਧਾਨ ਰਣਜੀਤ ਚੌਹਾਨ ਦੀ ਅਗਵਾਈ ਹੇਠ ਕੀਤਾ ਜਾਵੇਗਾ। ਸੈਂਟਰ ਨੂੰ ਸਫਲਤਾਪੂਰਵਕ ਚਲਾਉਣ ਵਿਚ ‘ਬੰਬੇ ਇੰਸਟੀਚਿਊਟ’ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ। ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਏ.ਐੱਸ.ਆਈ. ਸੁਖਦੇਵ ਸਿੰਘ, ਹੌਲਦਾਰ ਸੁਖਦੇਵ ਕੁਮਾਰ, ਹੌਲਦਾਰ ਮਨਜਿੰਦਰ ਸਿੰਘ, ਪ੍ਰਤਿਮਾ ਰਾਣੀ, ਰਾਧੇਸ਼ਾਮ, ਅਜੈ, ਅਸ਼ੋਕ ਅਰੋੜਾ, ਖ਼ੁਸ਼ੀ, ਕੀਰਤੀ, ਸਚਿਨ, ਕਰਨ, ਵਿਸ਼ੁ, ਲਵ ਕੁਮਾਰ ਸਮੇਤ ਕਈ ਮੋਹਤਬਰ ਇਲਾਕਾ ਨਿਵਾਸੀ ਹਾਜ਼ਰ ਸਨ।