ਪਠਾਨਕੋਟ, 18 ਅਕਤੂਬਰ (ਸੰਧੂ)-ਆਮ ਆਦਮੀ ਪਾਰਟੀ ਦੇ ਐਸ.ਸੀ. ਵਿੰਗ ਦੇ ਮਾਝਾ ਜ਼ੋਨ ਇੰਚਾਰਜ ਤੇ ਵਿਧਾਨ ਸਭਾ ਹਲਕਾ ਭੋਆ ਤੋਂ ਆਮ ਆਦਮੀ ਪਾਰਟੀ ਦੇ ਸਾਲ 2017 ਵਿਚ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਰਹੇ ਠੇਕੇਦਾਰ ਅਮਰਜੀਤ ਸਿੰਘ ਨੇ ਮਲਿਕਪੁਰ ਵਿਖੇ ਕਰਵਾਏ ਰਾਮ ਲੀਲ੍ਹਾ ਮੰਚਨ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਹਾਜ਼ਰੀ ਲਗਵਾਈ ਤੇ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਠੇਕੇਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਰਾਮ ਲੀਲ੍ਹਾ ਵਰਗੇ ਧਾਰਮਿਕ ਤੇ ਸੱਭਿਆਚਾਰਕ ਸਮਾਗਮ ਸਾਡੀ ਅਮੀਰ ਵਿਰਾਸਤ ਦਾ ਅਹਿਮ ਹਿੱਸਾ ਹਨ । ਇਨ੍ਹਾਂ ਸਮਾਗਮਾਂ ਰਾਹੀਂ ਭਗਵਾਨ ਸ੍ਰੀ ਰਾਮ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ ਤੇ ਸੱਚਾਈ, ਇਮਾਨਦਾਰੀ ਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਸਿੱਖਿਆ ਮਿਲਦੀ ਹੈ । ਉਨ੍ਹਾਂ ਮਲਿਕਪੁਰ ਦੀ ਰਾਮ ਲੀਲ੍ਹਾ ਕਮੇਟੀ ਦੇ ਪ੍ਰਧਾਨ ਸਾਬਾ, ਚੇਅਰਮੈਨ ਰਾਮ ਗੋਪਾਲ ਰਾਮੂ, ਕੈਲਾਸ਼ ਕੁਮਾਰ, ਵਿਸ਼ਾਲ ਚੋਪੜਾ, ਸੌਰਵ ਕੁਮਾਰ ਤੇ ਕਮੇਟੀ ਦੇ ਹੋਰ ਮੈਂਬਰਾਂ ਨਾਲ ਮੁਲਾਕਾਤ ਕੀਤੀ । ਉਨ੍ਹਾਂ ਰਾਮ ਲੀਲ੍ਹਾ ਕਮੇਟੀਆਂ ਵਲੋਂ ਧਾਰਮਿਕ ਸਮਾਗਮਾਂ ਦੇ ਆਯੋਜਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਾਡੀ ਨਵੀਂ ਪੀੜ੍ਹੀ ਨੂੰ ਆਪਣੀਆਂ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੋੜਨ ਵਿਚ ਸਹਾਈ ਹੁੰਦੇ ਹਨ । ਰਾਮ ਲੀਲ੍ਹਾ ਕਮੇਟੀ ਵਲੋਂ ਠੇਕੇਦਾਰ ਅਮਰਜੀਤ ਸਿੰਘ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਵੀਂ ਕੀਤਾ ਗਿਆ ।