ਧਾਰੀਵਾਲ, 18 ਸਤੰਬਰ (ਸਵਰਨ ਸਿੰਘ) -ਜੀ.ਟੀ.ਵੀ.ਪੰਜਾਬ ਹਰਿਆਣਾ ਹਿਮਾਚਲ ਚੈਨਲ ਵਲੋਂ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ (ਜੀ.ਟੀ.ਬੀ.ਆਈ) ਸਕੂਲ ਕਲਿਆਣਪੁਰ (ਧਾਰੀਵਾਲ) ਨੂੰ ਇਸ ਵਾਰ ਵੀ ਐਕਸੀਲੈਂਸ ਇਨ ਐਜੂਕੇਸ਼ਨ ਅਵਾਰਡ (ਸਿੱਖਿਆ ਦੇ ਖੇਤਰ ’ਚ ਉੱਤਮਤਾ ਪੁਰਸਕਾਰ) 2026 ਨਾਲ ਸਨਮਾਨਿਤ ਕੀਤਾ ਗਿਆ। ਪੂਰੇ ਪੰਜਾਬ ’ ਚੋਂ ਇੱਕੋ ਹੀ ਸਕੂਲ (ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ) ਨੂੰ ਇਹ ਅਵਾਰਡ ਦਾ ਮਾਣ ਪ੍ਰਾਪਤ ਹੋਇਆ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ ਵੀ ਪੂਰੇ ਪੰਜਾਬ ’ਚੋਂ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਨੂੰ ਉਕਤ ਅਵਾਰਡ ਮਿਲਣ ਦਾ ਮਾਣ ਪ੍ਰਾਪਤ ਹੋਇਆ ਸੀ। ਇਸ ਵਾਰ ਵੀ ਇਹ ਐਵਾਰਡ ਮਿਲਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਸਕੂਲ ਦੇ ਚੇਅਰਮੈਨ ਸੁਰਜੀਤ ਸਿੰਘ ਤੇ ਪ੍ਰਿੰਸੀਪਲ ਸੈਮੂਅਲ ਦਾਸ ਨੇ ਦੱਸਿਆ ਕਿ ਜੀ.ਟੀ.ਵੀ.ਪੰਜਾਬ ਹਰਿਆਣਾ ਹਿਮਾਚਲ ਚੈਨਲ ਵਲੋਂ ਆਈਕੌਨਿਕ ਲੀਡਰਸ਼ਿਪ-2026 ਅਵਾਰਡ ਸਮਾਗਮ ਚੰਡੀਗੜ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੁਆਰਾ ਐਕਸੀਲੈਂਸ ਇਨ ਐਜੂਕੇਸ਼ਨ ਅਵਾਰਡ (ਸਿੱਖਿਆ ਦੇ ਖੇਤਰ ’ਚ ਉੱਤਮਤਾ ਪੁਰਸਕਾਰ) 2026 ਨਾਲ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਐਡਵੋਕੇਟ ਪ੍ਰਿਤਪਾਲ ਸਿੰਘ ਤੇ ਵਾਈਸ ਪ੍ਰਿੰਸੀਪਲ ਡਾ. ਕ੍ਰਿਤਇੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਕੂਲ, ਕਾਲਜ, ਸੰਸਥਾਵਾਂ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੂਰੇ ਪੰਜਾਬ ’ਚੋਂ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਨੂੰ ਐਕਸੀਲੈਂਸ ਇਨ ਐਜੂਕੇਸ਼ਨ ਅਵਾਰਡ (ਸਿੱਖਿਆ ਦੇ ਖੇਤਰ ’ਚ ਉੱਤਮਤਾ ਪੁਰਸਕਾਰ) ਨਾਲ ਨਿਵਾਜਿਆ ਗਿਆ। ਚੇਅਰਮੈਨ ਸੁਰਜੀਤ ਸਿੰਘ ਨੇ ਕਿਹਾ ਕਿ ਪੂਰੇ ਪੰਜਾਬ ’ਚੋਂ ਉਨਾਂ ਦੇ ਸਕੂਲ ਨੂੰ ਲਗਾਤਾਰ ਦੂਜੀ ਵਾਰ ਇਹ ਅਵਾਰਡ ਮਿਲਣਾ ਸੰਸਥਾ ਲਈ ਬੜੇ ਮਾਣ ਵਾਲੀ ਗੱਲ ਹੈ। ਐਵਾਰਡ ਪ੍ਰਾਪਤ ਕਰਕੇ ਸਕੂਲ ਪਹੁੰਚਣ ’ਤੇ ਮੈਨੇਜਿੰਗ ਡਾਇਰੈਕਟਰ ਐਡਵੋਕੇਟ ਪ੍ਰਿਤਪਾਲ ਸਿੰਘ ਅਤੇ ਵਾਈਸ ਪ੍ਰਿੰਸੀਪਲ ਡਾ. ਕ੍ਰਿਤਇੰਦਰ ਕੌਰ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਖੁਸ਼ੀ ਜਾਹਰ ਕਰਦਿਆਂ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਸਮੂਹ ਬੱਚਿਆਂ, ਉਨਾਂ ਦੇ ਮਾਪਿਆਂ, ਅਧਿਆਪਕਾਂ ਸਮੇਤ ਸਮੁੱਚੇ ਸਟਾਫ ਅਤੇ ਸਮੂਹ ਸ਼ੁਭ ਚਿੰਤਕਾਂ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਤੇ ਲਗਨ ਨਾਲ ਸਿੱਖਿਆ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਸਮੇਂ ਸਮੇਂ ’ਤੇ ਨਵੀਂ ਤੋਂ ਨਵੀਂ ਤਕਨੀਕ ਅਤੇ ਸਹੂਲਤਾਂ ਵਿਦਿਆਰਥੀਆਂ ਨੂੰ ਪ੍ਰਦਾਨ ਕਰਨ ਲਈ ਯਤਨਸ਼ੀਲ ਰਹਿਣਗੇ ।