ਬੰਗਾ, 5 ਅਕਤੂਬਰ (ਪ. ਪ.)-ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ-ਡਵੀਜ਼ਨ ਬੰਗਾ ਦੇ ਪ੍ਰਧਾਨ ਮਨਜਿੰਦਰ ਸਿੰਘ ਤੇ ਜਨਰਲ ਸਕੱਤਰ ਧਰਮਵੀਰ ਪਾਲ ਨੇ ਜੰਤਰ-ਮੰਤਰ ਵਿਖੇ ਅੰਦੋਲਨ ਦੌਰਾਨ ਡਿਊਟੀ ਨਿਭਾ ਰਹੀ ਮਹਿਲਾ ਪੱਤਰਕਾਰ ਨਾਲ ਏ. ਸੀ. ਪੀ. ਵਿਵੇਕ ਭਗਤ ਵਲੋਂ ਕੀਤੀ ਕਥਿਤ ਛੇੜਛਾੜ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਡਿਊਟੀ ਨਿਭਾ ਰਹੀ ਮਹਿਲਾ ਪੱਤਰਕਾਰ ਨਾਲ ਅਜਿਹਾ ਵਿਵਹਾਰ ਬੇਹੱਦ ਗੰਭੀਰ ਮਾਮਲਾ ਹੈ ਅਤੇ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਮਹਿਲਾ ਪੱਤਰਕਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਏ. ਸੀ. ਪੀ. ਵਿਵੇਕ ਭਗਤ ਖ਼ਿਲਾਫ਼ ਤੁਰੰਤ ਕੇਸ ਦਰਜ ਕਰਕੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ। ਮਨਜਿੰਦਰ ਸਿੰਘ ਨੇ ਕਿਹਾ ਕਿ ਜਾਂਚ ਨੂੰ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਸੰਬੰਧਿਤ ਪੁਲਿਸ ਅਧਿਕਾਰੀ ਨੂੰ ਤੁਰੰਤ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਆਪਣੀ ਪੇਸ਼ੇਵਰ ਜ਼ਿੰਮੇਵਾਰੀ ਨਿਭਾਉਂਦੇ ਹੋਏ ਜਨਤਕ ਅੰਦੋਲਨਾਂ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ਦੀ ਰਿਪੋਰਟਿੰਗ ਕਰਦੇ ਹਨ। ਇਸ ਲਈ ਪੱਤਰਕਾਰਾਂ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਮਾਹੌਲ ਮੁਹੱਈਆ ਕਰਵਾਉਣਾ ਪੁਲਿਸ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦਿੱਲੀ ਪੁਲਿਸ ਤੋਂ ਮੰਗ ਕੀਤੀ ਕਿ ਘਟਨਾ ਨਾਲ ਸੰਬੰਧਤ ਸਾਰੇ ਸਬੂਤ ਸੁਰੱਖਿਅਤ ਰੱਖਦਿਆਂ ਮਾਮਲੇ ਦੀ ਸਮਾਂਬੱਧ ਤੇ ਨਿਰਪੱਖ ਜਾਂਚ ਕੀਤੀ ਜਾਵੇ।