ਪਾਸ਼ ਸਮਾਗਮ ਦੀ ਤਿਆਰੀ ਕਰਦੇ ਆਗੂਆਂ ’ਤੇ ਹਮਲਾ, ਸਮੂਹ ਜਮਹੂਰੀ ਤਾਕਤਾਂ ਨੂੰ ਵਿਰੋਧ ਕਰਨ ਦੀ ਲੋੜ
ਨਵਾਂਸ਼ਹਿਰ, 7 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਗ਼ਦਰੀ ਬਾਬਿਆਂ, ਬੱਬਰ ਅਕਾਲੀ, ਕਿਰਤੀ ਤੇ ਭਗਤ ਸਰਾਭਿਆਂ ਦੇ ਸੱਚੇ ਬੌਧਿਕ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਜਨਮ ਦਿਹਾੜੇ ਮੌਕੇ 9 ਸਤੰਬਰ ਨੂੰ ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ (ਜਲੰਧਰ) ਵਿਖੇ ਹੋ ਰਹੇ ਯਾਦਗਾਰੀ ਸੂਬਾਈ ਸਮਾਗਮ ਵਿਚ ਸਭਨਾਂ ਦੇਸ਼ ਭਗਤ, ਇਨਕਲਾਬੀ ਜਮਹੂਰੀ, ਸਾਹਿਤਕ/ਸੱਭਿਆਚਾਰਕ, ਤਰਕਸ਼ੀਲ, ਜਮਹੂਰੀ ਅਤੇ ਜਨਤਕ ਜਥੇਬੰਦੀਆਂ ਜਿਵੇਂ ਵੱਡੀ ਪੱਧਰ ’ਤੇ ਕਾਫ਼ਲੇ ਬੰਨ੍ਹ ਕੇ ਪੁੱਜ ਰਹੀਆਂ ਹਨ। ਇਸ ਭਰ ਵਗਦੇ ਲੋਕ ਦਰਿਆ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਭਨਾਂ ਬੁੱਧੀਮਾਨਾ, ਸਮਾਜਿਕ ਸਰੋਕਾਰਾਂ ਪ੍ਰਤੀ ਚਿੰਤਨਸ਼ੀਲ ਸੰਸਥਾਵਾਂ ਨੂੰ ਭਰਵਾਂ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।
ਨਵਾਂਸ਼ਹਿਰ, 7 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਗ਼ਦਰੀ ਬਾਬਿਆਂ, ਬੱਬਰ ਅਕਾਲੀ, ਕਿਰਤੀ ਤੇ ਭਗਤ ਸਰਾਭਿਆਂ ਦੇ ਸੱਚੇ ਬੌਧਿਕ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਜਨਮ ਦਿਹਾੜੇ ਮੌਕੇ 9 ਸਤੰਬਰ ਨੂੰ ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ (ਜਲੰਧਰ) ਵਿਖੇ ਹੋ ਰਹੇ ਯਾਦਗਾਰੀ ਸੂਬਾਈ ਸਮਾਗਮ ਵਿਚ ਸਭਨਾਂ ਦੇਸ਼ ਭਗਤ, ਇਨਕਲਾਬੀ ਜਮਹੂਰੀ, ਸਾਹਿਤਕ/ਸੱਭਿਆਚਾਰਕ, ਤਰਕਸ਼ੀਲ, ਜਮਹੂਰੀ ਅਤੇ ਜਨਤਕ ਜਥੇਬੰਦੀਆਂ ਜਿਵੇਂ ਵੱਡੀ ਪੱਧਰ ’ਤੇ ਕਾਫ਼ਲੇ ਬੰਨ੍ਹ ਕੇ ਪੁੱਜ ਰਹੀਆਂ ਹਨ। ਇਸ ਭਰ ਵਗਦੇ ਲੋਕ ਦਰਿਆ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਭਨਾਂ ਬੁੱਧੀਮਾਨਾ, ਸਮਾਜਿਕ ਸਰੋਕਾਰਾਂ ਪ੍ਰਤੀ ਚਿੰਤਨਸ਼ੀਲ ਸੰਸਥਾਵਾਂ ਨੂੰ ਭਰਵਾਂ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ 9 ਸਤੰਬਰ ਦੇ ਸਮਾਗਮ ਦੇ ਪੰਡਾਲ ਦੀਆਂ ਤਿਆਰੀਆਂ ਲਈ ਤਲਵੰਡੀ ਸਲੇਮ ਪੁੱਜੇ ਵਲੰਟੀਅਰਾਂ ’ਤੇ ਆਮ ਆਦਮੀ ਪਾਰਟੀ ਦੇ ਕਹਾਉਂਦੇ ਸਰਪੰਚ ਪਰਦੀਪ ਸਿੰਘ ਨੇ ਆਪਣੇ ਨਾਲ ਲੱਠ ਮਾਰ ਲੈ ਕੇ ਹਮਲਾ ਕਰਨ, ਗਾਲਾਂ ਕੱਢਣ ਤੇ ਮੋਬਾਈਲ ਖੋਹਣ ਵਰਗਾ ਭੜਕਾਹਟ ਭਰਿਆ ਹੱਲਾ ਬੋਲ ਕੇ ਸਮਾਗਮ ਨੂੰ ਨਾਕਾਮ ਕਰਨ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਜਮਹੂਰੀ ਹੱਕਾਂ ’ਤੇ ਹਮਲਾ ਕਰਾਰ ਦਿੱਤਾ ਹੈ। ਇਸ ਮੌਕੇ ਪਾਸ਼ ਦੇ ਪਿੰਡ ਮਜ਼ਦੂਰ ਆਗੂ ਹਰਮੇਸ਼ ਮਾਲੜੀ, ਲਛਮਣ ਸੇਵੇਵਾਲਾ, ਝੰਡਾ ਸਿੰਘ ਜੇਠੂਕੇ ਤੇ ਸਥਾਨਕ ਆਗੂ ਵਲੰਟੀਅਰਾਂ ਨਾਲ਼ ਪੰਡਾਲ਼ ਦੀ ਤਿਆਰੀ ਲਈ ਆਏ ਹੋਏ ਸਨ। ਦੇਸ਼ ਭਗਤ ਯਾਦਗਾਰ ਹਾਲ ਅੰਦਰ ਜੁੜੇ ਕਮੇਟੀ ਦੇ ਹਾਜ਼ਰ ਆਗੂਆਂ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ, ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈੱਸ ਨੂੰ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ 38 ਵਰ੍ਹਿਆਂ ਤੋਂ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਵਿਚ ਪਾਸ਼ ਦਾ ਜਨਮ ਦਿਹਾੜਾ ਤੇ ਸ਼ਹੀਦੀ ਦਿਹਾੜਾ ਕਿਸੇ ਨਾ ਕਿਸੇ ਰੂਪ ਵਿਚ ਮਨਾਇਆ ਜਾਂਦਾ ਆ ਰਿਹਾ ਹੈ। ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੁਝ ਲੋਕਾਂ ਵਲੋਂ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਦੀ ਇਤਿਹਾਸਕ ਵਿਰਾਸਤੀ ਦਿੱਖ ਤੇ ਇਸ ਵਿਚ ਹੋਣ ਵਾਲੇ ਸਮਾਗਮਾਂ, ਸਰਗਰਮੀਆਂ ਤੇ ਵਰਤੋਂ ਦਾ ਮੁਹਾਂਦਰਾ ਬਦਲਣ ਅਤੇ ਪਿੰਡ ਦਾ ਮਾਹੌਲ ਵਿਗਾੜਨ ਲਈ ਕੋਝੇ ਹੱਥਕੰਡੇ ਅਪਣਾਏ ਜਾ ਰਹੇ ਹਨ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੱਸਿਆ ਕਿ 9 ਸਤੰਬਰ ਨੂੰ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਵਿਚ ਸਿਜਦਾ ਕਰਨ ਉਪਰੰਤ ਪਾਸ਼ ਤੇ ਹੰਸ ਰਾਜ ਦੇ ਲਹੂ ਨਾਲ ਸਿੰਜੇ ਖੇਤਾਂ ਵਿਚ ਲੱਗ ਰਹੇ ਵਿਸ਼ਾਲ ਪੰਡਾਲ ਵਿਚ ਜੁੜ ਕੇ ਉਸ ਦੀ ਸੋਚ ’ਤੇ ਤੁਰਨ ਦਾ ਅਹਿਦ ਕੀਤਾ ਜਾਏਗਾ। ਵਰਨਣਯੋਗ ਹੈ ਕਿ 9 ਸਤੰਬਰ ਸਮਾਗਮ ਮੌਕੇ ਡਾ. ਸਵਰਾਜਬੀਰ ਦਾ ਲਿਖਿਆ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਤ ਨਾਟਕ ‘ਅਸੀਂ ਲੜਾਂਗੇ ਸਾਥੀ’ ਵਿਰਸਾ ਵਿਹਾਰ ਅੰਮ੍ਰਿਤਸਰ ਵਿਚ ਰੰਗ ਮੰਚ ਵਲੋਂ ਲੱਗੀ ਵਰਕਸ਼ਾਪ ’ਚ ਅੰਤਿਮ ਛੋਹਾਂ ’ਤੇ ਹੈ। ਇਸ ਤੋਂ ਇਲਾਵਾ ਬੁੱਧੀਮਾਨ ਵਕਤਾ ਵਿਚਾਰਾਂ ਕਰਨਗੇ ਤੇ ਗੀਤ-ਸੰਗੀਤ ਹੋਏਗਾ।