01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਹੇਰਾਂ ’ਚ ਐੱਨ. ਆਰ. ਆਈ. ਦੀ ਕੋਠੀ ਬਾਹਰ ਹਵਾਈ ਫਾਇਰਿੰਗ ਪਿੰਡ ਵਿਚ ਦਹਿਸ਼ਤ ਦਾ ਮਾਹੌੋਲ, ਪੁਲਿਸ ਵਲੋਂ ਜਾਂਚ ਜਾਰੀ

ਗੁਰੂਸਰ ਸੁਧਾਰ, 30 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪਿੰਡ ਹੇਰਾਂ ਵਿਖੇ ਅੱਜ ਤੜਕੇ ਸਵੇਰੇ ਚਿੱਟੀ ਕਾਰ ਵਿਚ ਸਵਾਰ ਅਣਪਛਾਤੇ ਮੁਲਜ਼ਮਾਂ ਵਲੋਂ ਰਾਜੋਆਣਾ ਕਲਾਂ ਦੇ ਰਾਹ ’ਤੇ ਸਥਿਤ ਐੱਨ. ਆਰ.

ਅਜੀਤ ਡੈਸਕ 01-10-2026
ਗੁਰੂਸਰ ਸੁਧਾਰ, 30 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪਿੰਡ ਹੇਰਾਂ ਵਿਖੇ ਅੱਜ ਤੜਕੇ ਸਵੇਰੇ ਚਿੱਟੀ ਕਾਰ ਵਿਚ ਸਵਾਰ ਅਣਪਛਾਤੇ ਮੁਲਜ਼ਮਾਂ ਵਲੋਂ ਰਾਜੋਆਣਾ ਕਲਾਂ ਦੇ ਰਾਹ ’ਤੇ ਸਥਿਤ ਐੱਨ. ਆਰ. ਆਈ. ਜਿੰਦਰ ਸਿੰਘ ਪੁੱਤਰ ਆਤਮਾ ਸਿੰਘ ਦੀ ਕੋਠੀ ਦੇ ਬਾਹਰ ਦੋ ਫਾਇਰ ਕਰ ਦਿੱਤੇ ਜਾਣ ਕਾਰਨ ਮੂੰਹ ਹਨੇਰੇ ਹੀ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸਵਾਰ ਵਿਅਕਤੀਆਂ ਨੇ ਇਸ ਘਟਨਾ ਨੂੰ ਸਵੇਰੇ 4:15 ਮਿੰਟ ਤੋਂ 4:20 ਮਿੰਟ ਦੇ ਦੌਰਾਨ ਅੰਜ਼ਾਮ ਦਿੱਤਾ ਤੇ ਤੜਕਸਾਰ ਗੁਰਦੁਆਰਾ ਸਾਹਿਬ ਜਾਣ ਵਾਲੇ ਤੇ ਹੋਰ ਪਿੰਡ ਵਾਸੀ ਗੋਲੀਆਂ ਦੀ ਆਵਾਜ਼ ਸੁਣ ਕੇ ਆਪਣੇ ਘਰਾਂ ਵਿਚ ਵੜ ਗਏ। ਸਾਬਕਾ ਸਰਪੰਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਸਾਧੂ ਸਿੰਘ ਹੇਰਾਂ ਦੇ ਘਰ ਦੇ ਬਿਲਕੁਲ ਸਾਹਮਣੇ ਸਥਿਤ ਜਿਸ ਐੱਨ. ਆਰ. ਆਈ. ਜਿੰਦਰ ਸਿੰਘ ਦੀ ਕੋਠੀ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਹਨ, ਉਹ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਹੈ ਤੇ ਸਮੁੱਚਾ ਪਰਿਵਾਰ ਕੈਨੇਡਾ ਰਹਿੰਦਾ ਹੈ। ਘਟਨਾ ਦੇ ਇਕ ਚਸ਼ਮਦੀਦ ਜੰਗੀਰ ਸਿੰਘ ਪੁੱਤਰ ਹਰਚੰਦ ਸਿੰਘ ਜੋ ਕਿ ਜਿੰਦਰ ਸਿੰਘ ਦਾ ਕਰੀਬੀ ਗੁਆਂਢੀ ਹੈ, ਨੇ ਦੱਸਿਆ ਕਿ ਘਟਨਾ ਵਾਪਰਨ ਤੋਂ ਪਹਿਲਾਂ ਉਨ੍ਹਾਂ ਉਕਤ ਬਿਨਾਂ ਨੰਬਰ ਪਲੇਟ ਵਾਲੀ ਚਿੱਟੀ ਕਾਰ ਨੂੰ ਜੋ ਕਿ ਰਾਜੋਆਣਾ ਕਲਾਂ ਤਰਫ਼ ਤੋਂ ਆਈ ਸੀ, ਨੂੰ ਮੇਰੇ (ਖ਼ੁਦ) ਦੇ ਘਰ ਕੋਲੋਂ ਵਾਪਸ ਮੁੜਦਿਆਂ ਦੇਖਿਆ ਤੇ ਜਾਂਦੇ ਹੋਏ ਕਾਰ ਸਵਾਰ ਵਿਅਕਤੀ ਗੋਲੀਆਂ ਚਲਾ ਕੇ ਰਾਜੋਆਣਾ ਕਲਾਂ ਵੱਲ ਨੂੰ ਹੀ ਫ਼ਰਾਰ ਹੋ ਗਏ। ਉਕਤ ਘਟਨਾ ਐੱਨ.ਆਰ.ਆਈ. ਜਿੰਦਰ ਸਿੰਘ ਦੀ ਕੋਠੀ ਦੇ ਨਾਲ ਲੱਗਦੀ ਗਲੀ ਦੇ ਬਿਲਕੁਲ ਨਾਲ ਸਥਿਤ ਜਸਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਦੇ ਮਕਾਨ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਇਥੇ ਜ਼ਿਕਰਯੋਗ ਹੈ ਕਿ ਕਰੀਬ ਇਕ ਸਾਲ ਪਹਿਲਾਂ ਵੀ ਇਸ ਮਕਾਨ ਦੇ ਮਾਲਕ ਜਸਵਿੰਦਰ ਸਿੰਘ ਤੇ ਪਰਿਵਾਰ ਨੂੰ ਡਰਾਉਣ ਧਮਕਾਉਣ ਲਈ ਸ਼ਰਾਰਤੀ ਅਨਸਰਾਂ ਵਲੋਂ ਇਕ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ ਤੇ ਪਿੰਡ ਵਾਸੀ ਅੱਜ ਦੀ ਘਟਨਾ ਨੂੰ ਵੀ ਐੱਨ. ਆਰ. ਆਈ. ਜਿੰਦਰ ਸਿੰਘ ਤੋਂ ਹਟ ਕੇ ਜਸਵਿੰਦਰ ਸਿੰਘ ਦੇ ਪਰਿਵਾਰ ਨਾਲ ਜੋੜ ਕੇ ਦੇਖ ਰਹੇ ਹਨ। ਥਾਣਾ ਸੁਧਾਰ ਦੇ ਮੁਖੀ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਪੁਲਿਸ ਪਾਰਟੀ ਵਲੋਂ ਜਿਥੇ ਘਟਨਾ ਸਥਾਨ ਦਾ ਦੌਰਾ ਕਰਦਿਆਂ ਜਾਇਜ਼ਾ ਲਿਆ ਗਿਆ, ਉਥੇ ਹੀ ਸੀ.ਆਈ.ਏ. ਸਟਾਫ਼ ਜਗਰਾਉਂ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਤੇ ਟੀਮ ਵਲੋਂ ਕੈਨੇਡਾ ਨਿਵਾਸੀ ਜਿੰਦਰ ਸਿੰਘ ਸਬੰਧੀ ਜਾਣਕਾਰੀ ਜੁਟਾਉਣ ਤੋਂ ਇਲਾਵਾ ਗੁਆਂਢੀ ਜਸਵਿੰਦਰ ਸਿੰਘ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਕੋਲੋਂ ਅਹਿਮ ਜਾਣਕਾਰੀ ਹਾਸਲ ਕੀਤੀ। ਹਾਲਾਂਕਿ ਕਿਸੇ ਵੀ ਪੁਲਿਸ ਅਧਿਕਾਰੀ ਨੇ ਗੋਲੀਆਂ ਚਲਾਉਣ ਦੀ ਘਟਨਾ ਪਿੱਛੇ ਲੁਕੇ ਕਿਸੇ ਵੀ ਸੰਭਾਵੀ ਮਕਸਦ ਦਾ ਖ਼ੁਲਾਸਾ ਨਹੀਂ ਕੀਤਾ ਹੈ, ਪਰ ਅੱਜ ਇਹ ਘਟਨਾ ਵੀ ਬਿਲਕੁਲ ਐਨ ਉਸ ਕੁ ਸਮੇਂ ਵਾਪਰੀ ਜਦ ਜਸਵਿੰਦਰ ਸਿੰਘ ਆਪਣੇ ਘਰ ਤੋਂ ਨਿਕਲ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣ ਵਾਲੇ ਹੀ ਸਨ ਤੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਉਨ੍ਹਾਂ ਘਰੋਂ ਬਾਹਰ ਨਿਕਲਣਾ ਮੁਨਾਸਿਬ ਨਾ ਸਮਝਿਆ। ਫਿਲਹਾਲ ਥਾਣਾ ਸੁਧਾਰ, ਸੀ.ਆਈ.ਏ. ਸਟਾਫ਼ ਜਗਰਾਉਂ ਦੀਆਂ ਪੁਲਿਸ ਪਾਰਟੀਆਂ ਇਸ ਘਟਨਾ ਦੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਤੇਜ਼ੀ ਨਾਲ ਜਾਂਚ ਕਰ ਰਹੀਆਂ ਹਨ। ਪੰਜਾਬ ਪੁਲਿਸ ਦੀਆਂ ਤਕਨੀਕੀ ਅਤੇ ਫੋਰੈਂਸਿਕ ਟੀਮਾਂ ਵਲੋਂ ਵੀ ਘਟਨਾ ਸਥਾਨ ’ਤੇ ਪੁੱਜ ਕੇ ਆਪਣੀ ਜਾਂਚ ਕੀਤੀ ਗਈ।
ਪਿਛਲੀ ਖ਼ਬਰ ਲੁਟੇਰਿਆਂ ਨੇ ਐਕਟਿਵਾ ਸਵਾਰ ਸਕੀਆਂ ਭੈਣਾਂ ਕੋਲੋਂ ਪਰਸ ਖੋਹਿਆ ਅਗਲੀ ਖ਼ਬਰ ਜਲੰਧਰ ਵਿਖੇ ਸੂਬਾ ਪੱਧਰੀ ਸਮਾਗਮ ’ਚ ਸ਼ਾਮਿਲ ਹੋਣ ਲਈ ਜੱਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।