ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਫੈਡਰੇਸ਼ਨ ਗਰੇਵਾਲ ਦੀ ਵਰ੍ਹੇਗੰਢ ਮੌਕੇ ਗੁਰੂਸਰ ਕਾਉਂਕੇ ਵਿਖੇ ਕਰਨਗੇ ਸੰਬੋਧਨ
ਜਗਰਾਉਂ, 13 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਕੌਮ ਦੇ ਹਰਿਆਵਲ ਦਸਤੇ ਵਜੋਂ ਜਾਣੀ ਜਾਂਦੀ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਆਜ਼ਾਦੀ ਅਤੇ ਬਾਅਦ ਦੀ ਸਿੱਖ ਸਿਆਸਤ ਵਿੱਚ ਵੀ ਫੈਡਰੇਸ਼ਨ ਨੇ ਅਹਿਮ ਭੂਮਿਕਾ ਨਿਭਾਈ ਹੈ। ਜੂਨ 1984 ਦੇ ਘੱਲੂਘਾਰੇ ਦੇ ਸਮੇਂ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਹਿਯੋਗੀ ਬਣ ਕੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਵੱਲੋਂ ਦੇਸ਼ ਦੀਆਂ ਫੌਜਾਂ ਨਾਲ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ ਗਈ।
ਜਗਰਾਉਂ, 13 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਕੌਮ ਦੇ ਹਰਿਆਵਲ ਦਸਤੇ ਵਜੋਂ ਜਾਣੀ ਜਾਂਦੀ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਆਜ਼ਾਦੀ ਅਤੇ ਬਾਅਦ ਦੀ ਸਿੱਖ ਸਿਆਸਤ ਵਿੱਚ ਵੀ ਫੈਡਰੇਸ਼ਨ ਨੇ ਅਹਿਮ ਭੂਮਿਕਾ ਨਿਭਾਈ ਹੈ। ਜੂਨ 1984 ਦੇ ਘੱਲੂਘਾਰੇ ਦੇ ਸਮੇਂ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਹਿਯੋਗੀ ਬਣ ਕੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਵੱਲੋਂ ਦੇਸ਼ ਦੀਆਂ ਫੌਜਾਂ ਨਾਲ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ ਗਈ। ਇਸ ਤੋਂ ਬਾਅਦ ਵੀ ਫੈਡਰੇਸ਼ਨ ਵੱਲੋਂ ਸਿੱਖ ਕੌਮ ਅਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਿਆ ਗਿਆ। ਫੈਡਰੇਸ਼ਨ ਦੀ 82ਵੀਂ ਵਰ੍ਹੇਗੰਢ ਨੂੰ ਸਮਰਪਿਤ ਮੀਰੀ-ਪੀਰੀ ਕਾਨਫਰੰਸ ਅੱਜ 14 ਸਤੰਬਰ, ਦਿਨ ਸੋਮਵਾਰ ਨੂੰ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਵੱਡੇ ਪੱਧਰ ’ਤੇ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਫੈਡਰੇਸ਼ਨ ਵੱਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਪੰਥਕ ਸਮਾਗਮ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਗੁਰੂਸਰ ਕਾਉਂਕੇ ਵਿਖੇ ਕਰਵਾਈ ਜਾ ਰਹੀ ਕਾਨਫਰੰਸ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵਿਸ਼ੇਸ਼ ਤੌਰ ’ਤੇ ਪੁੱਜ ਕੇ ਦਿੱਤੇ ਜਾਣ ਵਾਲੇ ਸੰਦੇਸ਼ ਵਿੱਚ ਪੰਜਾਬ ਦੇ ਮਸਲਿਆਂ , ਪੰਥਕ ਮਸਲਿਆਂ, ਨੌਜਵਾਨਾਂ ਦੀ ਭੂਮਿਕਾ ਅਤੇ ਫੈਡਰੇਸ਼ਨ ਦੇ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਵਿਚਾਰ ਸਾਂਝੇ ਕੀਤੇ ਜਾਣਗੇ। ਭਾਈ ਗਰੇਵਾਲ ਨੇ ਕਿਹਾ ਕਿ ਇਸ ਵਾਰ ਦੀ ਮੀਰੀ-ਪੀਰੀ ਕਾਨਫਰੰਸ ਵਿੱਚ ਪੰਜਾਬ ਭਰ ਤੋਂ ਫੈਡਰੇਸ਼ਨ ਦੇ ਨੌਜਵਾਨ ਆਗੂ, ਵਰਕਰ ਅਤੇ ਇਲਾਕੇ ਦੀਆਂ ਵੱਡੀ ਗਿਣਤੀ ਸੰਗਤਾਂ ਸ਼ਮੂਲੀਅਤ ਕਰਨਗੀਆਂ । ਇਹ ਕਾਨਫਰੰਸ ਪੰਥਕ ਵਿਚਾਰਧਾਰਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਚਾਰੀ ਜਾ ਰਹੀ ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਰਪਿਤ ਹੋਵੇਗੀ। ਭਾਈ ਗਰੇਵਾਲ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਤ-ਮਹਾਂਪੁਰਖ, ਨਿਹੰਗ ਸਿੰਘ ਜਥੇਬੰਦੀਆਂ, ਪੰਥਕ ਸ਼ਖ਼ਸੀਅਤਾਂ ਅਤੇ ਫੈਡਰੇਸ਼ਨ ਦੇ ਵਰਕਰ ਸ਼ਮੂਲੀਅਤ ਕਰਨਗੇ। ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸਮੂਹ ਸੰਗਤਾਂ, ਨੌਜਵਾਨਾਂ ਅਤੇ ਪੰਥ ਦਰਦੀਆਂ ਨੂੰ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।