23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਕਾਰ ਸੇਵਾ ਵਾਲੇ ਸੰਤਾਂ ਦੇ ਕਾਰਜ ’ਤੇ ਪਏ ਸਿਆਸੀ ਪਰਛਾਵੇਂ ਕਾਰਨ ਗੜ੍ਹਸ਼ੰਕਰ ਦੀ ਟ੍ਰੈਫਿਕ ਸਮੱਸਿਆ ਦੇ ਨਿਪਟਾਰੇ ਦੇ ਆਸਾਰ ਪਏ ਮੱਧਮ

ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਗੜ੍ਹਸ਼ੰਕਰ ਹਲਕੇ ਲਈ ਕੁੱਝ ਵੱਖਰਾ ਨਾ ਹੋ ਸਕਣ ਕਾਰਨ ਹਲਕਾ ਵਾਸੀਆਂ ਦੇ ਪੱਲੇ ਸਿਵਾਏ ਨਿਰਾਸ਼ਾ ਤੋਂ ਕੁੱਝ ਨਹੀਂ ਜਾਪ ਰਿਹਾ। ਹਰ ਹਲਕਾ ਵਾਸੀ ਦੀ ਮੁੱਖ ਸਮੱਸਿਆ ਮੰਨੀ ਜਾ ਰਹੀ ਗੜ੍ਹਸ਼ੰਕਰ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਨਿਪਟਾਰੇ ਦੇ ਆਸਾਰ ਇਸ ਕਾਰਨ ਮੱਧਮ ਮੰਨੇ ਜਾ ਰਹੇ ਹਨ ਕਿਉਂਕਿ ਗੜ੍ਹਸ਼ੰਕਰ ਸ਼ਹਿਰ ’ਚ ਬਣਨ ਵਾਲੇ ਮੁੱਖ ਬਾਈਪਾਸ ਤੋਂ ਲੋਕਾਂ ਦਾ ਭਟਕਾਇਆ ਧਿਆਨ ਮਿੰਨੀ ਬਾਈਪਾਸ ਦੇ ਮੁੱਦੇ ’ਤੇ ਐਨਾ ਕੁ ਉਲਝਿਆ ਕਿ ਹੁਣ ਬਾਈਪਾਸ ਬਣਨਾ ਤਾਂ ਦੂਰ ਮਿੰਨੀ ਬਾਈਪਾਸ ਵੀ ਪੂਰਨ ਤੌਰ ’ਤੇ ਨੇਪਰੇ ਨਹੀਂ ਚੜ੍ਹ ਸਕਿਆ।

ਗੜ੍ਹਸ਼ੰਕਰ ਵਿਖੇ ਸੰਤਾਂ ਵਲੋਂ ਬਣਾਏ ਗਏ ਮਿੰਨੀ ਬਾਈਪਾਸ ਦੇ ਤੰਗ ਰਸਤੇ ਤੋਂ ਲੰਘ ਰਹੇ ਵਾਹਨ (ਨਾਲ) ਮਿੰਨੀ ਬਾਈਪਾਸ ਦੀ ਅਧੂਰੀ ਪਈ ਸੜਕ। ਤਸਵੀਰਾਂ : ਧਾਲੀਵਾਲ 23-09-2026

ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਗੜ੍ਹਸ਼ੰਕਰ ਹਲਕੇ ਲਈ ਕੁੱਝ ਵੱਖਰਾ ਨਾ ਹੋ ਸਕਣ ਕਾਰਨ ਹਲਕਾ ਵਾਸੀਆਂ ਦੇ ਪੱਲੇ ਸਿਵਾਏ ਨਿਰਾਸ਼ਾ ਤੋਂ ਕੁੱਝ ਨਹੀਂ ਜਾਪ ਰਿਹਾ। ਹਰ ਹਲਕਾ ਵਾਸੀ ਦੀ ਮੁੱਖ ਸਮੱਸਿਆ ਮੰਨੀ ਜਾ ਰਹੀ ਗੜ੍ਹਸ਼ੰਕਰ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਨਿਪਟਾਰੇ ਦੇ ਆਸਾਰ ਇਸ ਕਾਰਨ ਮੱਧਮ ਮੰਨੇ ਜਾ ਰਹੇ ਹਨ ਕਿਉਂਕਿ ਗੜ੍ਹਸ਼ੰਕਰ ਸ਼ਹਿਰ ’ਚ ਬਣਨ ਵਾਲੇ ਮੁੱਖ ਬਾਈਪਾਸ ਤੋਂ ਲੋਕਾਂ ਦਾ ਭਟਕਾਇਆ ਧਿਆਨ ਮਿੰਨੀ ਬਾਈਪਾਸ ਦੇ ਮੁੱਦੇ ’ਤੇ ਐਨਾ ਕੁ ਉਲਝਿਆ ਕਿ ਹੁਣ ਬਾਈਪਾਸ ਬਣਨਾ ਤਾਂ ਦੂਰ ਮਿੰਨੀ ਬਾਈਪਾਸ ਵੀ ਪੂਰਨ ਤੌਰ ’ਤੇ ਨੇਪਰੇ ਨਹੀਂ ਚੜ੍ਹ ਸਕਿਆ। ਪਿਛਲੇ ਸਾਲਾਂ ’ਚ ਗੜ੍ਹਸ਼ੰਕਰ ਸ਼ਹਿਰ ’ਚ ਟ੍ਰੈਫਿਕ ਸਮੱਸਿਆ ਦੇ ਨਿਪਟਾਰੇ ਲਈ ਸੱਤਾਧਾਰੀਆਂ ਵੱਲੋਂ ਬਾਈਪਾਸ ਬਣਾਉਣ ਲਈ ਵੱਡੇ ਦਾਅਵੇ ਕੀਤੇ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿੰਡ ਸਿੰਬਲੀ ਦੇ ਇਕ ਸਮਾਗਮ ’ਚ ਗੜ੍ਹਸ਼ੰਕਰ ’ਚ ਬਾਈਪਾਸ ਬਣਾਉਣ ਦਾ ਐਲਾਨ ਵੀ ਕੁਝ ਸਾਲ ਪਹਿਲਾ ਕੀਤਾ ਗਿਆ ਸੀ ਜਿਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਹੁਣ ਤੱਕ ਕੋਈ ਕਾਰਵਾਈ ਨਜ਼ਰ ਨਹੀਂ ਆ ਰਹੀ। ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲੇ ਸੰਤ ਬਾਬਾ ਸਤਨਾਮ ਸਿੰਘ ਵਲੋਂ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ ਦੇ ਨਿਰਮਾਣ ਦੇ ਬਹੁ ਕਰੋੜੀ ਪ੍ਰਾਜੈਕਟ ਦੇ ਨਾਲ ਨਾਲ ਗੜ੍ਹਸ਼ੰਕਰ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਨਿਪਟਾਰੇ ਲਈ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਨੂੰ ਮਿਲਾਉਣ ਵਾਲੇ ਦੋ ਰਸਤਿਆਂ ’ਤੇ ਫਰਵਰੀ ਮਹੀਨੇ ਵਿਚ ਮਿੰਨੀ ਬਾਈਪਾਸ ਕੱਢ ਮਾਰਿਆ ਸੀ। ਇਸ ਨਾਲ ਕੁੱਝ ਸਮੇਂ ਲਈ ਸ਼ਹਿਰ ਤੇ ਇਲਾਕੇ ਦੇ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਮਿਲੀ ਨਿਜਾਤ ਕਾਰਨ ਲੋਕਾਂ ਨੇ ਸੰਤਾਂ ਦੇ ਕਾਰਜ ਨੂੰ ਭਰਪੂਰ ਸਲਾਹਿਆ ਵੀ ਸੀ। ਸੰਤਾਂ ਦੇ ਇਸ ਕਾਰਜ ਵਿਚ ਹੋਈ ਸਿਆਸੀ ਐਂਟਰੀ ਨੇ ਐਸਾ ਖੇਡ ਵਿਗਾੜਿਆ ਕਿ ਰੇਲਵੇ ਵਿਭਾਗ ਵਲੋਂ ਮਿੰਨੀ ਬਾਈਪਾਸ ਵਿਚਕਾਰ ਪੈਂਦੀ ਰੇਲਵੇ ਲਾਈਨ ’ਤੇ ਗਾਡਰ ਲਗਾ ਕੇ ਪੂਰਾ ਰਸਤਾ ਹੀ ਬੰਦ ਕਰ ਦਿੱਤਾ ਗਿਆ ਸੀ, ਜੋ ਹੁਣ ਵੀ ਬਰਕਰਾਰ ਹੈ। ਕੁੱਝ ਸਮੇਂ ਬਾਅਦ ਮਿੰਨੀ ਬਾਈਪਾਸ ਚਾਲੂ ਕਰਨ ਲਈ ਸਾਬਕਾ ਮੈਂਬਰ ਰਾਜ ਸਭਾ ਅਵਿਨਾਸ਼ ਰਾਏ ਖੰਨਾ ਵਲੋਂ ਰੇਲਵੇ ਮੰਤਰੀ ਤੇ ਰੇਲਵੇ ਵਿਭਾਗ ਤੋਂ ਮਿੰਨੀ ਬਾਈਪਾਸ ਵਿਚਕਾਰ ਪੈਂਦੀ ਰੇਲਵੇ ਲਾਈਨ ’ਤੇ ਰੇਲਵੇ ਫਾਟਕ ਲਗਵਾਉਣ ਲਈ ਸ਼ੁਰੂ ਕੀਤੀ ਚਾਰਾਜੋਈ ਵੀ ਸਿਰੇ ਨਾ ਚੜ੍ਹ ਸਕੀ। ਪੰਜਾਬ ਸਰਕਾਰ ਦੇ ਵਿਭਾਗਾਂ ਤੋਂ ਲੋੜੀਂਦੀਆਂ ਐਨ. ਓ. ਸੀ. ਨਾ ਮਿਲਣ ਕਾਰਨ ਕੰਮ ਸਿਰੇ ਨਾ ਚੜ੍ਹ ਸਕਿਆ। ਇਥੇ ਸੱਤਾਧਾਰੀਆਂ ਨੇ ਮਿੰਨੀ ਬਾਈਪਾਸ ਦਾ ਮੁੱਖ ਸ਼ਹਿਰ ਵੱਲ ਮੋੜਦੇ ਹੋਏ ਸ਼ਹਿਰ ’ਚ ਬਾਈਪਾਸ ਕੱਢਣ ਦਾ ਐਲਾਨ ਕਰ ਦਿੱਤਾ ਤੇ ਧੜਾਧੜ ਸ਼ੁਰੂ ਕੀਤੇ ਇਸ ਕਾਰਜ ਦੀ ਧੂੜ ਵੀ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੀ ਕੁਝ ਦਿਨਾਂ ਬਾਅਦ ਦੀ ਫੇਰੀ ਨਾਲ ਠੰਢੀ ਪੈ ਗਈ। ਅਖੀਰ ਕਾਰ ਸੇਵਾ ਵਾਲੇ ਸੰਤਾਂ ਦੇ ਕਾਰਜ ’ਤੇ ਪਏ ਸਿਆਸੀ ਪਰਛਾਵੇਂ ਨੇ ਇਸ ਸਮੇਂ ਸਾਰੀ ਖੇਡ ਵਿਗਾੜ ਕੇ ਰੱਖ ਦਿੱਤੀ ਹੋਈ ਹੈ। ਮਿੰਨੀ ਬਾਈਪਾਸ ਵਾਲਾ ਰਸਤਾ ਬਦਲ ਕੇ ਕੰਮ ਤਾਂ ਜ਼ਰੂਰ ਚਲਾਇਆ ਜਾ ਰਿਹਾ ਹੈ, ਪਰ ਜਿਸ ਮਕਸਦ ਨਾਲ ਇਹ ਕਾਰਜ ਸ਼ੁਰੂ ਹੋਇਆ ਸੀ, ਉਹ ਮਕਸਦ ਹਾਲੇ ਪੂਰਾ ਹੁੰਦਾ ਨਹੀਂ ਜਾਪ ਰਿਹਾ। ਮੌਜੂਦਾ ਸਰਕਾਰ ਦੇ ਕੁੱਝ ਮਹੀਨੇ ਬਾਕੀ ਬਚੇ ਹਨ ਤੇ ਇਲਾਕੇ ਵਿਚ ਕੋਈ ਵੱਡਾ ਪ੍ਰਾਜੈਕਟ ਮੁਕੰਮਲ ਹੋਣ ਜਾਂ ਸ਼ੁਰੂ ਹੋਣ ਬਾਰੇ ਕੁੱਝ ਵੀ ਨਜ਼ਰ ਨਹੀਂ ਆ ਰਿਹਾ। ਭਾਜਪਾ ਦੇ ਸਾਬਕਾ ਐੱਮ. ਪੀ. ਵਲੋਂ ਯਤਨ ਕਰਕੇ ਸ਼ੁਰੂ ਕਰਵਾਈ ਗਈ ਜੇਜੋਂ-ਨਵਾਂਸ਼ਹਿਰ ਰੇਲ ਗੱਡੀ ਭਾਵੇਂ ਹਾਲੇ ਰੁਟੀਨ ਵਿਚ ਨਹੀਂ ਆ ਰਹੀ, ਪਰ ਰੇਲ ਗੱਡੀ ਨੂੰ ਮੁੜ ਤੋਂ ਚਾਲੂ ਕਰਵਾਉਣਾ ਟ੍ਰੈਫਿਕ ਸਮੱਸਿਆ ਨੂੰ ਬੜਾਵਾਂ ਦੇਣ ਵਾਲਾ ਹੀ ਜਾਪ ਰਿਹਾ ਹੈ। ਓਵਰਲੋਡ ਟਿੱਪਰਾਂ ਤੇ ਹੋਰ ਵੱਡੇ ਵਾਹਨਾਂ ਦੇ ਪਰਛਾਵੇਂ ਹੇਠ ਗੜ੍ਹਸ਼ੰਕਰ ਇਲਾਕੇ ਦੇ ਲੋਕ ਰੋਜ਼ਾਨਾ ਗੰਭੀਰ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਸ਼ਹਿਰ ਦੇ ਨਾਜਾਇਜ਼ ਕਬਜ਼ਿਆਂ, ਟ੍ਰੈਫਿਕ ਨਿਯਮਾਂ ਦੀ ਉਲੰਘਣਾ, ਟ੍ਰੈਫਿਕ ਮੁਲਾਜ਼ਮਾਂ ਦੀ ਘਾਟ ਸਮੇਤ ਅਨੇਕਾਂ ਕਾਰਨਾਂ ਕਰਕੇ ਗੜ੍ਹਸ਼ੰਕਰ ਸ਼ਹਿਰ ਦੀ ਮਸ਼ਹੂਰ ਤੇ ਗੰਭੀਰ ਟ੍ਰੈਫਿਕ ਸਮੱਸਿਆ ਦਾ ਕਿਧਰੇ ਵੀ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਵਿਰੋਧੀ ਧਿਰਾਂ ਵੀ ਸਿਰਫ਼ ਤੇ ਸਿਰਫ਼ ਸਿਆਸੀ ਰੋਟੀਆਂ ਸੇਕਣ ਤੱਕ ਸੀਮਤ ਜਾਪ ਰਹੀਆਂ ਹਨ।

ਪਿਛਲੀ ਖ਼ਬਰ ਜ਼ਿਲ੍ਹੇ ’ਚ ਸਾਈਬਰ ਠੱਗੀ ਦੇ 3 ਮਾਮਲਿਆਂ ਸਮੇਤ ਧੋਖਾਧੜੀ ਕਰਨ ਦੇ 4 ਮਾਮਲੇ ਦਰਜ ਅਗਲੀ ਖ਼ਬਰ ਵਿਅਕਤੀ ’ਤੇ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।