ਮੌਤ ਦੇ ਪਹੀਆਂ ਹੇਠਾਂ ਜ਼ਿੰਦਗੀ... ਪਹਿਲਾਂ ਟੱਕਰ, ਫਿਰ ਭੱਜਣ ਦੀ ਕੋਸ਼ਿਸ਼ ’ਚ ਗੱਡੀ ਨੇ ਦਰੜਿਆ
ਹੁਸ਼ਿਆਰਪੁਰ, 5 ਸਤੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਬਹਾਦਰਪੁਰ ਚੌਕ ਨਜ਼ਦੀਕ 2 ਸਤੰਬਰ ਨੂੰ ਵਾਪਰੇ ਇਕ ਦਿਲ ਦਹਿਲਾ ਦੇਣ ਵਾਲੇ ਹਾਦਸੇ ਨੇ ਇਨਸਾਨੀ ਜ਼ਿੰਦਗੀ ਦੀ ਕੀਮਤ ‘ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ, ਕਿ ਕਿਸੇ ਮਨੁੱਖ ਦੀ ਜ਼ਿੰਦਗੀ ਦਾ ਇੰਨਾ ਵੀ ਮੁੱਲ ਨਹੀਂ ਕਿ ਹਾਦਸੇ ਤੋਂ ਬਾਅਦ ਉਸ ਦੀ ਤੁਰੰਤ ਮਦਦ ਕੀਤੀ ਜਾਵੇ। ਗੱਡੀ ਦੀ ਟੱਕਰ ਨਾਲ ਸੜਕ ’ਤੇ ਡਿੱਗੇ ਐਕਟਿਵਾ ਚਾਲਕ ਨੂੰ ਬਚਾਉਣ ਦੀ ਬਜਾਏ ਭੱਜਣ ਦੀ ਕੋਸ਼ਿਸ਼ ‘ਚ ਐਸ.
ਲ
ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਗੰਭੀਰ ਜ਼ਖ਼ਮੀ ਅਸ਼ੋਕ ਕੁਮਾਰ।
06-09-2026
ਹੁਸ਼ਿਆਰਪੁਰ, 5 ਸਤੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਬਹਾਦਰਪੁਰ ਚੌਕ ਨਜ਼ਦੀਕ 2 ਸਤੰਬਰ ਨੂੰ ਵਾਪਰੇ ਇਕ ਦਿਲ ਦਹਿਲਾ ਦੇਣ ਵਾਲੇ ਹਾਦਸੇ ਨੇ ਇਨਸਾਨੀ ਜ਼ਿੰਦਗੀ ਦੀ ਕੀਮਤ ‘ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ, ਕਿ ਕਿਸੇ ਮਨੁੱਖ ਦੀ ਜ਼ਿੰਦਗੀ ਦਾ ਇੰਨਾ ਵੀ ਮੁੱਲ ਨਹੀਂ ਕਿ ਹਾਦਸੇ ਤੋਂ ਬਾਅਦ ਉਸ ਦੀ ਤੁਰੰਤ ਮਦਦ ਕੀਤੀ ਜਾਵੇ। ਗੱਡੀ ਦੀ ਟੱਕਰ ਨਾਲ ਸੜਕ ’ਤੇ ਡਿੱਗੇ ਐਕਟਿਵਾ ਚਾਲਕ ਨੂੰ ਬਚਾਉਣ ਦੀ ਬਜਾਏ ਭੱਜਣ ਦੀ ਕੋਸ਼ਿਸ਼ ‘ਚ ਐਸ. ਯੂ. ਵੀ. ਚਾਲਕ ਨੇ ਉਸ ਨੂੰ ਬੁਰੀ ਤਰ੍ਹਾਂ ਗੱਡੀ ਹੇਠ ਦਰੜ ਦਿੱਤਾ ਅਤੇ ਗੱਡੀ ਹੇਠ ਹੀ ਉਸ ਨੂੰ ਕੁੱਝ ਦੂਰੀ ਤੱਕ ਘਸੀਟਦਾ ਲੈ ਗਿਆ। ਪਿੰਡ ਦੌਲੋਵਾਲ ਦਾ ਰਹਿਣ ਵਾਲਾ ਅਸ਼ੋਕ ਕੁਮਾਰ ਆਪਣੀ ਐਕਟਿਵਾ ‘ਤੇ ਜੀਵਨ ਬੀਮਾ ਨਿਗਮ ਦੇ ਦਫ਼ਤਰ ਵੱਲ ਜਾ ਰਿਹਾ ਸੀ। ਇਸ ਦੌਰਾਨ ਹੁਸ਼ਿਆਰਪੁਰ ਦੇ ਆਰੀਆ ਗਰਲਜ਼ ਸਕੂਲ ਦੇ ਬਾਹਰ ਪਿੱਛੋਂ ਆ ਰਹੀ ਇਨੋਵਾ ਗੱਡੀ ਨੇ ਅਸ਼ੋਕ ਕੁਮਾਰ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਉਹ ਸੜਕ ‘ਤੇ ਡਿਗ ਪਿਆ। ਇਸ ਤੋਂ ਬਾਅਦ ਘਟਨਾ ਹੋਰ ਵੀ ਗੰਭੀਰ ਰੂਪ ਧਾਰ ਲੈਂਦੀ ਹੈ। ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਦ੍ਰਿਸ਼ਾਂ ਮੁਤਾਬਿਕ ਵਾਹਨ ਚਾਲਕ ਜ਼ਖ਼ਮੀ ਦੀ ਮਦਦ ਕਰਨ ਲਈ ਰੁਕਣ ਦੀ ਬਜਾਏ ਕਥਿਤ ਤੌਰ ’ਤੇ ਅੱਗੇ ਵਧਦਾ ਹੈ। ਅਸ਼ੋਕ ਕੁਮਾਰ ਗੱਡੀ ਦੇ ਪਹੀਆਂ ਹੇਠਾਂ ਆ ਜਾਂਦਾ ਹੈ ਅਤੇ ਲਗਪਗ 15 ਤੋਂ 20 ਫੁੱਟ ਤੱਕ ਘਸੀਟਿਆ ਜਾਂਦਾ ਹੈ। ਗੱਡੀ ਦੇ ਅਗਲੇ ਤੇ ਪਿਛਲੇ ਪਹੀਏ ਉਸ ਦੇ ਸਰੀਰ ਉੱਪਰੋਂ ਲੰਘਦੇ ਦਿਖਾਈ ਦਿੰਦੇ ਹਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੌੜ ਕੇ ਗੱਡੀ ਰੋਕੀ। ਚਾਲਕ ਨੂੰ ਅਸ਼ੋਕ ਕੁਮਾਰ ਨੂੰ ਹਸਪਤਾਲ ਲਿਜਾਣ ਲਈ ਕਿਹਾ, ਹਾਲਾਂਕਿ ਜਿਵੇਂ ਹੀ ਲੋਕਾਂ ਨੇ ਅਸ਼ੋਕ ਕੁਮਾਰ ਨੂੰ ਗੱਡੀ ‘ਚੋਂ ਕੱਢ ਕੇ ਹਸਪਤਾਲ ਪਹੁੰਚਾਇਆ, ਚਾਲਕ ਕਥਿਤ ਤੌਰ ‘ਤੇ ਆਪਣੀ ਗੱਡੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਅਸ਼ਵਨੀ ਸ਼ਰਮਾ ਤੇ ਸੁਮੀਰ ਸ਼ਰਮਾ ਵਾਸੀ ਦੌਲੋਵਾਲ ਨੇ ਦੱਸਿਆ ਕਿ ਉਕਤ ਹਾਦਸੇ ਦੀ ਸੀ. ਸੀ. ਟੀ. ਵੀ. ਫੁਟੇਜ਼ ਸਾਰੇ ਸ਼ਹਿਰ ਦੇ ਲੋਕਾਂ ਦੇ ਮੋਬਾਈਲਾਂ ਤੱਕ ਪਹੁੰਚ ਚੁੱਕੀ ਹੈ, ਪਰ ਪੁਲਿਸ ਵਲੋਂ ਅਜੇ ਤੱਕ ਵੀ ਕਥਿਤ ਦੋਸ਼ੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਸ਼ੋਕ ਕੁਮਾਰ ਇਸ ਸਮੇਂ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਜਦਕਿ ਘਟਨਾ ਦੀਆਂ ਸੀ. ਸੀ. ਟੀ. ਵੀ. ਤਸਵੀਰਾਂ ਕਈ ਗੰਭੀਰ ਸਵਾਲ ਖੜ੍ਹੇ ਕਰ ਰਹੀਆਂ ਹਨ। ਅਸ਼ੋਕ ਕੁਮਾਰ ਦਾ ਪਰਿਵਾਰ ਹੁਣ ਸਿਰਫ਼ ਇਨਸਾਫ਼ ਹੀ ਨਹੀਂ, ਸਗੋਂ ਇਸ ਘਟਨਾ ਦੀ ਨਿਰਪੱਖ ਜਾਂਚ ਤੇ ਜਵਾਬਦੇਹੀ ਦੀ ਮੰਗ ਕਰ ਰਿਹਾ ਹੈ । ਇਸ ਮਾਮਲੇ ਸੰਬੰਧੀ ਥਾਣਾ ਸਿਟੀ ਦੇ ਐਸ. ਐਚ. ਓ. ਗਗਨ ਸਿੰਘ ਨੇ ਕਿਹਾ ਕਿ ਇਸ ਮਾਮਲੇ ਦਾ ਆਈ. ਓ. ਡੀ. ਐਮ. ਸੀ. ਲੁਧਿਆਣਾ ਵਿਖੇ ਪੀੜਤ ਵਿਅਕਤੀ ਦੇ ਬਿਆਨ ਲੈਣ ਲਈ ਗਿਆ ਸੀ, ਪਰ ਡਾਕਟਰਾਂ ਵਲੋਂ ਉਸ ਨੂੰ ਅਜੇ ਬਿਆਨ ਦੇਣ ਦੇ ਕਾਬਿਲ ਨਹੀਂ ਦੱਸਿਆ।