26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਡੱਬਾ ਬੰਦ ਭੋਜਨ ’ਤੇ ਹੁਣ ਲਾਉਣੇ ਪੈਣਗੇ ਜ਼ਿਆਦਾ ਫੈਟ, ਮਿੱਠਾ ਜਾਂ ਨਮਕ ਦੇ ਚਿਤਾਵਨੀ ਲੇਬਲ-ਸੁਪਰੀਮ ਕੋਰਟ

ਡੱਬਾ ਬੰਦ ਭੋਜਨ ’ਤੇ ਹੁਣ ਲਾਉਣੇ ਪੈਣਗੇ ਜ਼ਿਆਦਾ ਫੈਟ, ਮਿੱਠਾ ਜਾਂ ਨਮਕ ਦੇ ਚਿਤਾਵਨੀ ਲੇਬਲ-ਸੁਪਰੀਮ ਕੋਰਟ

ਅਜੀਤ ਡੈਸਕ 27-11-2026

ਨਵੀਂ ਦਿੱਲੀ, 26 ਨਵੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ (ਐਫ.ਐਸ.ਐਸ.ਏ.ਆਈ.) ਨੂੰ ਪੈਕ ਕੀਤੇ ਭੋਜਨ ਦੇ ਪੈਕਟਾਂ ਦੇ ਅਗਲੇ ਹਿੱਸੇ ’ਤੇ ਵੱਖਰੇ ਚਿਤਾਵਨੀ ਲੇਬਲ ਲਾਜ਼ਮੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੀ ਬੈਂਚ ਨੇ ਇਹ ਹੁਕਮ ਖਪਤਕਾਰਾਂ ਦੀ ਸਿਹਤ ਅਤੇ ਜਾਗਰੂਕਤਾ ਨੂੰ ਧਿਆਨ ’ਚ ਰੱਖਦਿਆਂ ਜਾਰੀ ਕੀਤੇ ਹਨ। ਹਰੇਕ ਨੁਕਸਾਨਦੇਹ ਤੱਤ (ਫੈਟ, ਖੰਡ ਅਤੇ ਨਮਕ) ਲਈ ਇਕੋ ਸਾਂਝੇ ਲੇਬਲ ਦੀ ਬਜਾਏ ਵੱਖਰਾ ਛੇ-ਕੋਨਾ ਚਿਤਾਵਨੀ ਚਿੰਨ੍ਹ ਲਗਾਉਣਾ ਲਾਜ਼ਮੀ ਹੋਵੇਗਾ। ਅਦਾਲਤ ਨੇ ਐਫ.ਐਸ.ਐਸ.ਏ.ਆਈ. ਨੂੰ ਨਿਰਦੇਸ਼ ਦਿੱਤਾ ਹੈ ਕਿ ਪੈਕ ਕੀਤੇ ਭੋਜਨ ਦੇ ਅਗਲੇ ਹਿੱਸੇ ’ਤੇ ‘ਹਾਈ ਫੈਟ’, ‘ਹਾਈ ਸ਼ੂਗਰ’ ਅਤੇ ‘ਹਾਈ ਸਾਲਟ’ ਲਈ ਵੱਖਰੇ-ਵੱਖਰੇ ਚਿਤਾਵਨੀ ਲੇਬਲ ਲਗਾਉਣੇ ਲਾਜ਼ਮੀ ਕੀਤੇ ਜਾਣ। ਪਹਿਲਾਂ ਪ੍ਰਸਤਾਵਿਤ ਇਕ ਸਾਂਝੇ ਲੇਬਲ ਦੀ ਬਜਾਏ, ਹੁਣ ਫੈਟ, ਖੰਡ ਅਤੇ ਨਮਕ ਦੀ ਜ਼ਿਆਦਾ ਮਾਤਰਾ ਲਈ ਹਰੇਕ ਵਾਸਤੇ ਵੱਖਰਾ ਛੇ-ਕੋਣਾਂ ਚਿਤਾਵਨੀ ਨਿਸ਼ਾਨ ਲਗਾਉਣਾ ਹੋਵੇਗਾ। ਉਦਾਹਰਨ ਲਈ, ਜੇ ਕਿਸੇ ਉਤਪਾਦ ’ਚ ਖੰਡ ਅਤੇ ਨਮਕ ਦੋਵੇਂ ਜ਼ਿਆਦਾ ਹਨ, ਤਾਂ ਪੈਕਟ ’ਤੇ ਦੋ ਵੱਖਰੇ ਚਿਤਾਵਨੀ ਚਿੰਨ੍ਹ ਹੋਣਗੇ। ਹਰੇਕ ਚਿਤਾਵਨੀ ਚਿੰਨ੍ਹ ਪੈਕਟ ਦੇ ਅਗਲੇ ਮੁੱਖ ਹਿੱਸੇ ਦੇ ਘੱਟੋ-ਘੱਟ 4 ਤੋਂ 5 ਫ਼ੀਸਦੀ ਹਿੱਸੇ ਨੂੰ ਕਵਰ ਕਰੇਗਾ, ਤਾਂ ਜੋ ਖ਼ਰੀਦਦਾਰਾਂ ਨੂੰ ਇਹ ਆਸਾਨੀ ਨਾਲ ਦਿਖਾਈ ਦੇ ਸਕੇ। ਅਦਾਲਤ ਨੇ ਐਫ.ਐਸ.ਐਸ.ਏ.ਆਈ. ਨੂੰ ਲਗਭਗ 4 ਮਹੀਨਿਆਂ ਦੇ ਅੰਦਰ ਇਸ ਸੰਬੰਧੀ ਨਵੇਂ ਨਿਯਮਾਂ ਨੂੰ ਅੰਤਿਮ ਰੂਪ ਦੇ ਕੇ ਲਾਗੂ ਕਰਨ ਦੀ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਹੈ। 10 ਹਫ਼ਤਿਆਂ ਬਾਅਦ ਅਥਾਰਿਟੀ ਨੂੰ ਅਦਾਲਤ ’ਚ ਪ੍ਰਗਤੀ ਰਿਪੋਰਟ ਵੀ ਪੇਸ਼ ਕਰਨੀ ਹੋਵੇਗੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਗਈ ਹੈ ਕਿ ਬੱਚਿਆਂ ਨੂੰ ਸਿਹਤਮੰਦ ਖ਼ੁਰਾਕ ਪ੍ਰਤੀ ਜਾਗਰੂਕ ਕਰਨ ਲਈ ਸਕੂਲੀ ਪਾਠਕ੍ਰਮ ’ਚ ਬਦਲਾਅ ਕੀਤੇ ਜਾਣ ਤੇ ਵਰਕਸ਼ਾਪਾਂ ਰਾਹੀਂ ਪੌਸ਼ਟਿਕ ਸਾਖ਼ਰਤਾ ਨੂੰ ਉਤਸ਼ਾਹਿਤ ਕੀਤਾ ਜਾਵੇ।

ਪਿਛਲੀ ਖ਼ਬਰ ਪੰਜਾਬ ਦੇ ਲੋਕ ਇਸ ਵਾਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣਗੇ-ਆਕਾਸ਼ ਆਨੰਦ ਅਗਲੀ ਖ਼ਬਰ 26/11 ਮੁੰਬਈ ਅੱਤਵਾਦੀ ਹਮਲੇ ਦੀ 18ਵੀਂ ਬਰਸੀ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।