28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਇਜਲਾਸ ਦੇ ਆਖ਼ਰੀ ਦਿਨ ਭਾਰੀ ਹੰਗਾਮਾ ਸਦਨ ਦੇ ਬਾਹਰ ਭਿੜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ

ਇਜਲਾਸ ਦੇ ਆਖ਼ਰੀ ਦਿਨ ਭਾਰੀ ਹੰਗਾਮਾ ਸਦਨ ਦੇ ਬਾਹਰ ਭਿੜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ

ਅਜੀਤ ਡੈਸਕ 28-10-2026

ਚੰਡੀਗੜ੍ਹ, 27 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ ਇਜਲਾਸ ਦੇ ਆਖ਼ਰੀ ਦਿਨ ਅੱਜ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਮੁਅੱਤਲ ਚੱਲ ਰਹੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਾਲ ਕਾਂਗਰਸੀ ਵਿਧਾਇਕ ਬਾਂਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਦਨ ਪਹੁੰਚੇ ਸਨ, ਜਿਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਵੀ ਆਪਣੇ ਨਾਲ ਸਦਨ ਦੇ ਅੰਦਰ ਲੈ ਕੇ ਜਾਣ ਦੀ ਗੱਲ ਕਰ ਰਹੇ ਸਨ, ਪਰ ਪਿਛਲੇ ਇਜਲਾਸ ਦੌਰਾਨ ਹੋਈ ਮੁਅੱਤਲੀ ਕਾਰਨ ਸੁਰੱਖਿਆ ਕਰਮੀਆਂ ਵਲੋਂ ਖਹਿਰਾ ਨੂੰ ਅੰਦਰ ਜਾਣ ਰੋਕ ਦਿੱਤਾ ਗਿਆ, ਜਿਸ ਦੇ ਚਲਦੇ ਸਦਨ ਦੀ ਸ਼ੁਰੂਆਤ ਮੌਕੇ ਹੀ ਕਾਂਗਰਸੀ ਵਿਧਾਇਕਾਂ ਨੇ ਸਦਨ ਦੇ ਅੰਦਰ ਜਾਣ ਨੂੰ ਲੈ ਕੇ ਭਾਰੀ ਹੰਗਾਮਾ ਕਰ ਦਿੱਤਾ। ਇਸ ਦੌਰਾਨ ਸਦਨ ਦੇ ਬਾਹਰ ਪ੍ਰੈੱਸ ਕਾਨਫ਼ਰੰਸ ਵਾਲੀ ਜਗ੍ਹਾ ਨੂੰ ਲੈ ਕੇ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਦੇ ਆਗੂਆਂ ਵਿਚਾਲੇ ਜ਼ਬਰਦਸਤ ਝੜਪਾਂ ਗਰਮਾ-ਗਰਮੀ ਤੇ ਬਹਿਸਬਾਜ਼ੀ ਹੁੰਦੀ ਵੀ ਦੇਖੀ ਗਈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ’ਤੇ ਧੱਕੇਸ਼ਾਹੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਮੀਡੀਆ ਪੋਡੀਅਮ ’ਤੇ ਸੱਤਾਧਾਰੀ ਆਗੂਆਂ ਦੇ ਕਬਜ਼ੇ ਦਾ ਵਿਰੋਧ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿੱਜੀ ਤੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਹੈ ਪਰ ਉਨ੍ਹਾਂ ਨੂੰ ਨਾ ਸਦਨ ਦੇ ਅੰਦਰ ਬੋਲਣ ਦਿੱਤਾ ਜਾਂਦਾ ਹੈ ਨਾ ਹੀ ਸਦਨ ਦੇ ਬਾਹਰ। ਉਨ੍ਹਾਂ ਕਿਹਾ ਕਿ ਸੱਤਾਧਾਰੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵਿਰੋਧੀ ਧਿਰ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਜਦੋਂ ਅਸੀਂ ਬਾਹਰ ਆ ਕੇ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸੱਤਾਧਾਰੀ ਪਾਰਟੀ ਦੇ ਵਿਧਾਇਕ ਆ ਕੇ ਉਨ੍ਹਾਂ ਦਾ ਇਹ ਹੱਕ ਵੀ ਖੋਹਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਵਿਧਾਨ ਸਭਾ ਦੇ ਅੰਦਰ ਬੋਲਣ ਦੌਰਾਨ ਬਿਨਾਂ ਦਸਤਖ਼ਤ ਵਾਲਾ ਨੋਟਿਸ ਦੇ ਕੇ ਰੋਕਿਆ ਗਿਆ। ਕਾਂਗਰਸ ਦੇ ਪੰਜਾਬ ਪ੍ਰਧਾਨ ਤੇ ਵਿਧਾਇਕ ਪਰਗਟ ਸਿੰਘ ਨੇ ਸੁਰੱਖਿਆ ਕਰਮੀਆਂ ਵਲੋਂ ਰਸਤਾ ਰੋਕੇ ਜਾਣ ’ਤੇ ਕਿਹਾ ਕਿ, ਬਦਕਿਸਮਤੀ ਇਹ ਹੈ ਕਿ ਜਿੱਥੇ ਲੋਕਾਂ ਦੇ ਮਸਲੇ ਵਿਚਾਰੇ ਜਾਣੇ ਚਾਹੀਦੇ ਹਨ, ਉੱਥੇ ਅਜਿਹਾ ਅਖਾੜਾ ਬਣਾ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਤੇ ਸਾਡੇ ਸਵਾਲ ਲੱਗੇ ਹੋਣ ਦੇ ਬਾਵਜੂਦ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰਨਾਂ ਨਾਲ ਵੀ ਧੱਕਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਾਣ ਬੁੱਝ ਕੇ ਪੁਲਿਸ ਦੀਆਂ ਮਹਿਲਾ ਮੁਲਾਜ਼ਮਾਂ ਦੀ ਚੇਨ ਬਣਾ ਕੇ ਸਾਨੂੰ ਰੋਕਿਆ, ਜਿਸ ਕਾਰਨ ਅਸੀਂ ਅੱਗੇ ਨਹੀਂ ਵਧ ਸਕੇ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦਾ ਕਤਲ ਹੈ। ਇਸ ਮੌਕੇ ਜਦੋਂ ਕਾਂਗਰਸੀ ਵਿਧਾਇਕ ਪੋਡੀਅਮ ਉੱਤੇ ਮੀਡੀਆ ਸਾਹਮਣੇ ਆਪਣੀ ਗੱਲ ਰੱਖ ਰਹੇ ਸਨ, ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕੁੱਝ ਵਿਧਾਇਕ ਵੀ ਇੱਥੇ ਆ ਪਹੁੰਚੇ ਜਿਨ੍ਹਾਂ ਵਿਚ ਮਹਿਲਾ ਵਿਧਾਇਕ ਸਰਵਜੀਤ ਕੌਰ ਮਾਣੂਕੇ ਚੱਲਦੀ ਪ੍ਰੈੱਸ ਕਾਨਫ਼ਰੰਸ ਵਿਚ ਕੈਮਰਿਆਂ ਦੇ ਅੱਗੇ ਆ ਕੇ ਕਾਂਗਰਸ ਵਿਧਾਇਕਾਂ ਖ਼ਿਲਾਫ਼ ਬੋਲਣ ਲੱਗੇ। ਜਿਸ ’ਤੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸਰਵਜੀਤ ਕੌਰ ਮਾਣੂਕੇ ਵਿਚਾਲੇ ਤਿੱਖੀ ਝੜਪ ਤੇ ਬਹਿਸਬਾਜ਼ੀ ਦੇਖਣ ਨੂੰ ਮਿਲੀ, ਦੋਵੇਂ ਇਕ ਦੂਜੇ ਉੱਤੇ ਚੱਲਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਕੈਮਰਿਆਂ ਦੇ ਸਾਹਮਣੇ ਦੂਸ਼ਣਬਾਜ਼ੀ ਤੇ ਗੰਭੀਰ ਦੋਸ਼ ਲਾਉਂਦੇ ਰਹੇ। ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਬੀਬੀ ਮਾਣੂਕੇ ਉੱਤੇ ਕਈ ਪੁਰਾਣੇ ਮਾਮਲਿਆਂ ਨੂੰ ਲੈ ਕੇ ਦੋਸ਼ ਲਾਏ, ਉੱਥੇ ਬੀਬੀ ਮਾਣੂਕੇ ਨੇ ਕਿਹਾ ਕਿ ਉਹ ਅਦਾਲਤ ਦੇ ਜ਼ਰੀਏ ਸੁਖਪਾਲ ਸਿੰਘ ਖਹਿਰਾ ਉੱਤੇ ਮਾਣਹਾਨੀ ਦਾ ਕੇਸ ਕਰਨਗੇ ਤੇ ਮਾਫ਼ੀ ਮੰਗਵਾਉਣਗੇ। ਇਸੇ ਦੌਰਾਨ ਕਾਂਗਰਸ ਵਿਧਾਇਕਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਿਚਾਲੇ ਵੀ ਤਿੱਖੀ ਬਹਿਸ ਅਤੇ ਤਕਰਾਰਬਾਜ਼ੀ ਦੇਖਣ ਨੂੰ ਮਿਲੀ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸੀ ਆਗੂਆਂ ਦੇ ਵਿਹਾਰ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਾਂਗਰਸ ਦੇ ਵਿਰੋਧ ਪ੍ਰਦਰਸ਼ਨ ਨੂੰ ਹੰਗਾਮਾ ਖੜ੍ਹਾ ਕਰਨ ਦੀ ਕੋਸ਼ਿਸ਼ ਦੱਸਦਿਆਂ ਕਿਹਾ ਕਿ, ਅਸੀਂ ਸੁਖਪਾਲ ਸਿੰਘ ਖਹਿਰਾ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਵਿਧਾਨ ਸਭਾ ਦੇ ਅੰਦਰ ਜਾਂ ਬਾਹਰ ਗੁੰਡਾਗਰਦੀ ਨਹੀਂ ਕਰਨ ਦੇਵਾਂਗੇ। ਉਨ੍ਹਾਂ ਕਿਹਾ ਕਿ ਇਹ ਆਗੂ ਸਦਨ ਦੇ ਅੰਦਰ ਅਤੇ ਬਾਹਰ ਸਿਰਫ਼ ਹੰਗਾਮਾ ਖੜ੍ਹਾ ਕਰਦੇ ਹਨ, ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉੱਧਰ ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਸੱਤਾਧਾਰੀਆਂ ਆਮ ਆਦਮੀ ਪਾਰਟੀ ਦਾ ਵਿਧਾਨ ਸਭਾ ਵਿਚ ਅੱਜ ਆਖ਼ਰੀ ਦਿਨ ਸੀ ਇਸ ਲਈ ਸਰਕਾਰ ਬੁਖਲਾ ਕੇ ਵਿਰੋਧੀ ਧਿਰ ਨੂੰ ਬੋਲਣ ਹੀ ਨਹੀਂ ਦੇਣਾ ਚਾਹੁੰਦੀ ਸੀ, ਤਾਂ ਜੋ ਵਿਰੋਧੀ ਧਿਰ ਦੀ ਗੱਲ ਲੋਕਾਂ ਤੱਕ ਨਾ ਜਾ ਸਕੇ। ਸਦਨ ਦੇ ਅੰਦਰ ਜਾ ਕੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸਪੀਕਰ ਅੱਗੇ ਸ਼ਿਕਾਇਤ ਕਰਦਿਆਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਵਲੋਂ ਉਨ੍ਹਾਂ ਨੂੰ ਧੱਕੇ ਮਾਰੇ ਗਏ ਸਪੀਕਰ ਦੱਸਣ ਕਿ ਕੀ ਉਹ ਸਦਨ ਵਿਚ ਨਾ ਆਇਆ ਕਰਨ? ਇਸ ਤਰ੍ਹਾਂ ਪੰਜਾਬ ਵਿਧਾਨ ਸਭਾ ਇਜਲਾਸ ਦਾ ਅਖੀਰੀ ਦਿਨ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਤਿੱਖੀਆਂ ਝੜਪਾਂ, ਬਹਿਸਬਾਜੀ ਅਤੇ ਤਕਰਾਰਬਾਜ਼ੀ ਵਿਚਾਲੇ ਨਿਕਲਿਆ ਹੀ ਦੇਖਿਆ ਗਿਆ।

ਪਿਛਲੀ ਖ਼ਬਰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੁੱਲ੍ਹਣਾ ਚਾਹੀਦਾ ਹੈ-ਮੁੱਖ ਮੰਤਰੀ ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਵਲੋਂ ਸਰਬਸੰਮਤੀ ਨਾਲ 8 ਮਤੇ ਪਾਸ ਦਰਿਆਈ ਪਾਣੀਆਂ ਸੰਬੰਧੀ ਸੂਬੇ ਨਾਲ ਹੋ ਰਹੇ ਧੱਕਿਆਂ ਸੰਬੰਧੀ 5 ਮਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।