ਨਵੀਂ ਦਿੱਲੀ, 27 ਅਕਤੂਬਰ (ਉਪਮਾ ਡਾਗਾ ਪਾਰਥ)- ਸੰਸਦ ਭਵਨ ਦੇ ਕੇਂਦਰੀ ਹਾਲ ’ਚ ਹੋਇਆ ‘12ਵਾਂ ਬ੍ਰਿਕਸ ਸੰਸਦੀ ਫੋਰਮ’ ਮੰਗਲਵਾਰ ਨੂੰ ਸਾਂਝੇ ਘੋਸ਼ਣਾ ਪੱਤਰ ਨੂੰ ਅਪਣਾਉਣ ਤੋਂ ਬਾਅਦ ਸਮਾਪਤ ਹੋਇਆ। ਘੋਸ਼ਣਾ ਪੱਤਰ ’ਚ ਸਾਰੇ ਮੈਂਬਰ ਦੇਸ਼ਾਂ ਨੇ ਅਪ੍ਰੈਲ 2025 ’ਚ ਜੰਮੂ-ਕਸ਼ਮੀਰ ਦੇ ਪਹਿਲਗਾਮ ਹਮਲੇ ਦੀ ਨਿਖੇਧੀ ਕੀਤੀ। ਇਸ ਨਾਲ ਹੀ ਸਰਹੱਦ ਪਾਰੋਂ ਅੱਤਵਾਦ, ਅੱਤਵਾਦ ਨੂੰ ਫੰਡ ਮੁਹੱਈਆ ਕਰਨ ਅਤੇ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਬਣਨ ਦੀ ਨਿਖੇਧੀ ਕੀਤੀ ਗਈ। ਘੋਸ਼ਣਾ ਪੱਤਰ ’ਚ ਅੱਤਵਾਦ ਪ੍ਰਤੀ ਭਾਰਤ ਦੇ ਜ਼ੀਰੋ ਸਹਿਣਸ਼ੀਲਤਾ ਦਾ ਰੁਖ਼ ਅਪਣਾਉਣ ਅਤੇ ਦੋਹਰੇ ਮਾਪਦੰਡ ਅਪਣਾਉਣ ਤੋਂ ਬਚਣ ਦੀ ਵੀ ਗੱਲ ਕਹੀ ਗਈ। ਇਸ ਤੋਂ ਇਲਾਵਾ ਅੱਤਵਾਦ ਨੂੰ ਲੈ ਕੇ ਇਹ ਵਚਨਬੱਧਤਾ ਵੀ ਦੁਹਰਾਈ ਗਈ ਕਿ ਅੱਤਵਾਦ ਨੂੰ ਕੋਈ ਧਰਮ, ਰਾਸ਼ਟਰ, ਸੱਭਿਅਤਾ ਜਾਂ ਜਾਤ ਸਮੂਹ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ। ਘੋਸ਼ਣਾ ਪੱਤਰ ’ਚ ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਈਰਾਨ, ਰੂਸ, ਦੱਖਣੀ ਅਫ਼ਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਦੇ ਨੇਤਾਵਾਂ ਨੇ ਸਰਬਸੰਮਤੀ ਪ੍ਰਗਟਾਈ, ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ, ਬਰਾਬਰੀ, ਆਪਸੀ ਸਨਮਾਨ, ਅੰਦਰੂਨੀ ਮਾਮਲਿਆਂ ’ਚ ਦਖ਼ਲਅੰਦਾਜ਼ੀ ਨਾ ਕਰਨ ਅਤੇ ਅੰਤਰਰਾਸ਼ਟਰੀ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਪ੍ਰਤੀ ਸੰਕਲਪ ਮੈਂਬਰ ਦੇਸ਼ਾਂ ਨੂੰ ਦੁਹਰਾਇਆ ਗਿਆ। ਹਲਕਿਆਂ ਮੁਤਾਬਿਕ ਬ੍ਰਿਕਸ ਸੰਸਦੀ ਫੋਰਮ ’ਚ ਸਾਂਝੇ ਘੋਸ਼ਣਾ ਪੱਤਰ ਲਈ ਰਜ਼ਾਮੰਦੀ ਬਣਾਉਣ ਲਈ ਅਧਿਕਾਰੀਆਂ ਨੂੰ ਮੁਸ਼ੱਕਤ ਕਰਨੀ ਪਈ। ਬ੍ਰਿਕਸ ਸੰਸਦੀ ਫੋਰਮ ’ਚ ਸ਼ਾਮਿਲ ਈਰਾਨ ਨੇ ਸੋਮਵਾਰ ਨੂੰ ਵੀ ਜਾਰੀ ਸੈਸ਼ਨਾਂ ਦਰਮਿਆਨ ਜੰਗ ਨੂੰ ਲੈ ਕੇ ਆਪਣਾ ਭਾਵੁਕ ਪੱਖ ਰੱਖਦਿਆਂ ਕਿਹਾ ਸੀ ਕਿ ਅਸੀਂ ਲੰਬੇ ਚਿਰ ਤੋਂ (ਜੰਗ ਕਾਰਨ) ਦੁੱਖ ਭੋਗ ਰਹੇ ਹਾਂ। ਇਸ ਤੋਂ ਇਲਾਵਾ ਅਮਰੀਕਾ ਦੀਆਂ ਟੈਰਿਫ਼ ਨੀਤੀਆਂ ਦਾ ਵੀ ਅਸਿੱਧੇ ਤੌਰ ’ਤੇ ਜ਼ਿਕਰ ਕਰਦਿਆਂ ਘੋਸ਼ਣਾ ਪੱਤਰ ’ਚ ਕਿਹਾ ਗਿਆ ਕਿ ਇਕਪਾਸੜ ਦਬਾਅਕਾਰੀ ਹੱਲਾਂ ਨੂੰ ਲਾਗੂ ਕਰਨ ਦੀ ਨਿਖੇਧੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਘੋਸ਼ਣਾ ਪੱਤਰ ’ਚ ਇਜ਼ਰਾਈਲ-ਫਿਲਸਤੀਨ ਸੰਘਰਸ਼ ਨੂੰ ਦੋ ਦੇਸ਼ਾਂ ਦਾ ਅੰਦਰੂਨੀ ਮਾਮਲਾ ਦੱਸਦਿਆਂ ਇਸ ਦੇ ਸ਼ਾਂਤੀਪੂਰਨ ਹੱਲ ਪ੍ਰਤੀ ਮੈਂਬਰ ਦੇਸ਼ਾਂ ਨੇ ਸਮਰਥਨ ਪ੍ਰਗਟਾਇਆ ਅਤੇ ਮੱਧ ਪੂਰਬੀ ਏਸ਼ੀਆ ’ਚ ਤਣਾਅ ਵਧਣ ’ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ। ਘੋਸ਼ਣਾ ਪੱਤਰ ’ਚ ਭਾਰਤ ਦੀ ਅਗਵਾਈ ਵਾਲੇ ਵਿਕਾਸ ਆਧਾਰਿਤ ਅਤੇ ਜਲਵਾਯੂ ਏਜੰਡੇ ਨੂੰ ਵੀ ਸ਼ਾਮਿਲ ਕੀਤਾ ਗਿਆ, ਜਿਸ ’ਚ ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ’ਚ ਸੁਰੱਖਿਆ ਦੇ ਪੱਖ ਨੂੰ ਧਿਆਨ ’ਚ ਰੱਖਣਾ, ਬਰਾਬਰ ਪਰ ਵੱਖ-ਵੱਖ ਜ਼ਿੰਮੇਵਾਰੀਆਂ ਦਾ ਪਾਲਣ ਕਰਨਾ ਅਤੇ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲਈ ਸਰਬਸੰਮਤੀ ਨਾਲ ਸਮਰਥਨ ਸ਼ਾਮਿਲ ਹੈ। ਬ੍ਰਿਕਸ਼ ਸੰਸਦੀ ਫੋਰਮ ਦੇ ਸਮਾਪਤੀ ਭਾਸ਼ਨ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਆਲਮੀ ਅਸਥਿਰਤਾ, ਆਰਥਿਕ ਅਨਿਸਚਿਤਤਾ ਅਤੇ ਖੇਤਰੀ ਸੰਘਰਸ਼ਾਂ ਦੇ ਮੌਜੂਦਾ ਆਲਮੀ ਮਾਹੌਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦਾ ਵਿਸ਼ਵਾਸ ਰਿਹਾ ਹੈ ਕਿ ਵਿਸ਼ਵ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਸੰਘਰਸ਼ ’ਚ ਨਹੀਂ ਸੰਵਾਦ ’ਚ ਹੈ, ਜੰਗ ’ਚ ਨਹੀਂ, ਸ਼ਾਂਤੀ ’ਚ ਹੈ ਅਤੇ ਮੁਕਾਬਲੇ ਤੋਂ ਵੱਧ ਸਹਿਯੋਗ ’ਚ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਮੌਜੂਦਾ ਨੇਤਾਵਾਂ ਦਾ ਮੁਲਾਂਕਣ ਉਸੇ ਸੁਰੱਖਿਆ ਅਤੇ ਵਿਕਾਸ ਦੇ ਆਧਾਰ ’ਤੇ ਕਰਨਗੀਆਂ ਜੋ ਉਹ ਪਿੱਛੇ ਛੱਡ ਕੇ ਜਾਣਗੇ। ਬਿਰਲਾ ਨੇ 12ਵੇਂ ਬ੍ਰਿਕਸ ਸੰਸਦੀ ਫੋਰਮ ਦੇ ਸਮਾਪਨ ਮੌਕੇ ਬ੍ਰਿਕਸ ਦੀ ਪ੍ਰਧਾਨਗੀ ਸਾਲ 2027 ਲਈ ਮੇਜ਼ਬਾਨ ਚੀਨ ਨੂੰ ਸੌਂਪਦਿਆਂ, ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਸਾਂਝੇ ਘੋਸ਼ਣਾ ਪੱਤਰ ’ਚ ਪਹਿਲਗਾਮ ਹਮਲੇ ਦੀ ਨਿੰਦਾ ਸਾਂਝੇ ਘੋਸ਼ਣਾ ਪੱਤਰ ਨੂੰ ਲਾਗੂ ਕਰਨ ਦੇ ਨਾਲ ਹੀ ਸੰਪੰਨ ਹੋਇਆ 12ਵਾਂ ਬ੍ਰਿਕਸ ਸੰਸਦੀ ਫੋਰਮ
ਸਾਂਝੇ ਘੋਸ਼ਣਾ ਪੱਤਰ ’ਚ ਪਹਿਲਗਾਮ ਹਮਲੇ ਦੀ ਨਿੰਦਾ ਸਾਂਝੇ ਘੋਸ਼ਣਾ ਪੱਤਰ ਨੂੰ ਲਾਗੂ ਕਰਨ ਦੇ ਨਾਲ ਹੀ ਸੰਪੰਨ ਹੋਇਆ 12ਵਾਂ ਬ੍ਰਿਕਸ ਸੰਸਦੀ ਫੋਰਮ
ਅਜੀਤ ਡੈਸਕ
28-10-2026