ਪਟਿਆਲਾ, 26 ਅਕਤੂਬਰ (ਅ.ਸ. ਆਹਲੂਵਾਲੀਆ)-ਸੂਬੇ ਦੇ ਹਰ ਪਿੰਡ ਨੂੰ ਸ਼ਹਿਰਾਂ ਨਾਲ 24 ਘੰਟੇ ਜੋੜੀ ਰੱਖਣ ਲਈ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪੀ.ਆਰ.ਟੀ.ਸੀ. ਵਲੋਂ ਤਿਆਰ 100 ਨਵੀਂਆਂ ਬੱਸਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਰੀ ਝੰਡੀ ਦਿਖਾਈ ਗਈ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਆਪਣੇ ਕੀਤੇ ਵਾਅਦੇ ਮੁਤਾਬਿਕ ਪਿੰਡ ਦੇ ਹਰ ਖੇਤ ਨੂੰ ਸਰਕਾਰ ਨੇ ਪਾਣੀ ਪਹੁੰਚਦਾ ਕੀਤਾ ਤੇ ਉਸੇ ਤਰ੍ਹਾਂ ਅੱਜ 100 ਬੱਸਾਂ ਦਾ ਨਾਲ ਨਾਲ ਅਗਲੇ ਮਹੀਨੇ 309 ਹੋਰ ਬੱਸਾਂ ਵੀ ਸਰਕਾਰ ਵਲੋਂ ਸੜਕਾਂ ’ਤੇ ਨਾਗਰਿਕਾਂ ਨੂੰ ਚੰਗੀਆਂ ਸਫਰ ਸਹਲੂਤਾਂ ਦੇਣ ਲਈ ਉਤਾਰੀਆਂ ਜਾਣਗੀਆਂ। ਅਜਿਹੇ ਕੰਮ ਨਾਲ ਉਨ੍ਹਾਂ ਨਿੱਜੀ ਬੱਸ ਕੰਪਨੀਆਂ ਨੂੰ ਜ਼ਰੂਰ ਨਮੋਸ਼ੀ ਹੋਵੇਗੀ ਜਿਨ੍ਹਾਂ ਵਲੋਂ ਲੰਘੇ ਸਮੇਂ ਦੌਰਾਨ ਲੋਕਾਂ ਦੀ ਸਹੂਲਤ ਤੋਂ ਜਿਆਦਾ ਨਿੱਜੀ ਮੁਫਾਦਾਂ ਵੱਲ ਧਿਆਨ ਰੱਖਿਆ ਗਿਆ। ਅੱਜ ਚੱਲਣ ਵਾਲੀਆਂ 100 ਬੱਸਾਂ ਜਿੱਥੇ 150 ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣਗੀਆਂ। ਜਨਤਕ ਟਰਾਂਸਪੋਰਟ ਜਿਸ ਨੂੰ ਉਮਦਾ ਕਿਸਮ ਦੀਆਂ ਸਹੂਲਤਾਂ ਪ੍ਰਦਾਨ ਕਰ ਲੋਕਾਂ ਵਿਚ ਲੈ ਕੇ ਜਾਣ ਲਈ ਸਰਕਾਰ ਤਤਪਰ ਹੈ ਇਹ ਜਨਤਕ ਟਰਾਂਸਪੋਰਟ ਸਿਰਫ ਇਕ ਥਾਂ ਤੋਂ ਦੂਜੀ ਥਾਂ ਜਾਣ ਦਾ ਸਾਧਨ ਹੀ ਨਹੀਂ ਸਗੋਂ ਇਹ ਪੇਂਡੂ ਭਾਈਚਾਰੇ ਲਈ ਇਕ ਜੀਵਨ ਰੇਖਾ ਹੈ। ਇਸ ਨਾਲ ਪਰਿਵਾਰਾਂ ਨੂੰ ਰੁਜ਼ਗਾਰ ਮਿਲੇਗਾ ਉਥੇ ਹੀ ਪਿੰਡਾਂ ਦਾ ਆਰਥਿਕ ਤਾਣਾ ਬਾਣਾ ਵੀ ਮਜ਼ਬੂਤ ਹੋਵੇਗਾ। ਮੁੱਖ ਮੰਤਰੀ ਅਨੁਸਾਰ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸ਼ਹਿਰਾਂ ਅੰਦਰ ਸਕੂਲਾਂ, ਕਾਲਜਾਂ ਅਤੇ ਹੋਰ ਕੰਮਾਂ ਲਈ ਰੋਜ਼ਾਨਾ ਆਉਂਦੇ ਵਿਦਿਆਰਥੀਆਂ ਤੇ ਨਾਗਰਿਕਾਂ ਨੂੰ ਇਸ ਟਰਾਂਸਪੋਰਟ ਵਿਵਸਥਾ ਦਾ ਵੱਡਾ ਲਾਭ ਮਿਲੇਗਾ। ਅੱਜ 100 ਬੱਸਾਂ ਤਰਤੀਬ ਅਨੁਸਾਰ 9 ਜ਼ਿਲ੍ਹਿਆਂ ਵਿਚ ਵੰਡੀਆਂ ਗਈਆਂ, ਜਿਨ੍ਹਾਂ ’ਚ 25 ਪਟਿਆਲਾ, 15 ਬਠਿੰਡਾ, 15 ਚੰਡੀਗੜ੍ਹ, 10 ਸੰਗਰੂਰ, 9 ਬੱਸਾਂ ਬਰਨਾਲਾ, 8 ਬੁਢਲਾਡਾ, 7 ਬੱਸਾਂ ਕਪੂਰਥਲਾ, 6 ਫਰੀਦਕੋਟ, 5 ਬੱਸਾਂ ਲੁਧਿਆਣਾ ਵਿਖੇ ਚੱਲਣਗੀਆਂ। ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ 100 ਬੱਸਾਂ ਨੂੰ ਹਰੀ ਝੰਡੀ ਦੇਣ ਲਈ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਸੂਬੇ ਦੇ ਲੋਕਾਂ ਨੂੰ ਮਿਆਰੀ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡਣ ਦਾ ਯਕੀਨ ਦਿਵਾਇਆ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਪ੍ਰਸਿੱਧ ਅਦਾਕਾਰ ਬੀਨੂੰ ਢਿੱਲੋਂ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਐਮ.ਡੀ. ਮਨੀਸ਼ਾ ਰਾਣਾ, ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ, ਏ.ਐਮ.ਡੀ. ਨਵਦੀਪ ਕੁਮਾਰ, ਤੇਜਿੰਦਰ ਮਹਿਤਾ, ਹਰਪਾਲ ਸਿੰਘ ਵਿਰਕ, ਨਵਲਦੀਪ ਸਿੰਘ, ਜਗਦੀਪ ਸਿੰਘ ਜੱਗਾ, ਚੇਅਰਮੈਨ ਪੰਜਾਬ ਐਗਰੋ ਬਲਜਿੰਦਰ ਸਿੰਘ ਢਿੱਲੋਂ, ਰਵਿੰਦਰ ਪਾਲ ਸਿੰਘ ਪ੍ਰਿੰਸ ਲਾਂਬਾ, ਡਾ. ਵਜ਼ੀਰ ਸਿੰਘ, ਬੂਟਾ ਸਿੰਘ ਵਿਰਕ, ਰਾਜਿੰਦਰ ਸਿੰਘ ਰਿਅਲ ਤੇ ਗੁਰਪ੍ਰੀਤ ਸਿੰਘ ਵਿਰਕ, ਭਗਵਾਨ ਦਾਸ ਜੁਨੇਜਾ, ਯੁਵਰਾਜ ਜੁਨੇਜਾ, ਰਾਹੁਲ ਮਹਿਤਾ, ਸਿਮਰਨ ਗਰੇਵਾਲ, ਨਵਨੀਤ ਵਾਲੀਆ ਤੇ ਬਿੰਦਰ ਨਿਕੂ ਵੀ ਮੌਜੂਦ ਸਨ।
100 ਮਿੰਨੀ ਬੱਸਾਂ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ-ਮੁੱਖ ਮੰਤਰੀ
100 ਮਿੰਨੀ ਬੱਸਾਂ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ-ਮੁੱਖ ਮੰਤਰੀ
ਅਜੀਤ ਡੈਸਕ
27-10-2026