54,000 ਕਰੋੜ ਰੁਪਏ ਦੇ 6 ‘ਬ੍ਰਾਊਨਫੀਲਡ’ ਗੈਸ ਆਧਾਰਿਤ ਯੂਰੀਆ ਪ੍ਰਾਜੈਕਟਾਂ ਨੂੰ ਮਨਜ਼ੂਰੀ
ਨਵੀਂ ਦਿੱਲੀ, 25 ਨਵੰਬਰ (ਏਜੰਸੀ)-ਕੇਂਦਰ ਸਰਕਾਰ ਨੇ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐੱਨ.ਐੱਫ.ਐੱਲ.) ਦੇ ਪੰਜਾਬ ਵਿਚਲੀ ਨੰਗਲ ਇਕਾਈ ਵਿਖੇ 12.7 ਲੱਖ ਮੀਟ੍ਰਿਕ ਟਨ ਦੀ ਸਾਲਾਨਾ ਸਥਾਪਿਤ ਸਮਰੱਥਾ ਵਾਲਾ ਨਵਾਂ ਯੂਰੀਆ ਨਿਰਮਾਣ ਪਲਾਂਟ ਲਗਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਇਸ ਨਾਲ ਐੱਨ.ਐੱਫ.ਐੱਲ. ਦੀ ਨੰਗਲ ਸਥਿਤ ਇਕਾਈ ਦੀ ਉਤਪਾਦਨ ਸਮਰੱਥਾ ਮੌਜੂਦਾ 4.8 ਲੱਖ ਮੀਟ੍ਰਿਕ ਟਨ ਤੋਂ ਵਧ ਕੇ 12.7 ਲੱਖ ਮੀਟ੍ਰਿਕ ਟਨ ਹੋ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਨੇ ਦੇਸ਼ ਵਿਚ ਖਾਦਾਂ ਦੀ ਦਰਾਮਦ ’ਤੇ ਨਿਰਭਰਤਾ ਘਟਾਉਣ ਅਤੇ ਯੂਰੀਆ ਉਤਪਾਦਨ ਵਿਚ ਆਤਮਨਿਰਭਰਤਾ ਵਧਾਉਣ ਲਈ 54,000 ਕਰੋੜ ਰੁਪਏ ਦੇ 6 ‘ਬ੍ਰਾਊਨਫੀਲਡ’ ਗੈਸ ਆਧਾਰਿਤ ਯੂਰੀਆ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨੰਗਲ ਇਕਾਈ ਨੂੰ ਉਕਤ ਮਨਜ਼ੂਰੀ ਰਸਾਇਣ ਅਤੇ ਖਾਦ ਮੰਤਰਾਲੇ ਦੇ ਖਾਦ ਵਿਭਾਗ ਵਲੋਂ 25 ਨਵੰਬਰ ਦੇ ਅਧਿਕਾਰਤ ਪੱਤਰ ਰਾਹੀਂ ਐੱਨ.ਐੱਫ.ਐੱਲ. ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨੂੰ ਭੇਜੀ ਗਈ ਹੈ। ਇਸ ਪ੍ਰਸਤਾਵ ਨੂੰ ਯੂਰੀਆ ਲਈ ਰਾਸ਼ਟਰੀ ਨਿਵੇਸ਼ ਨੀਤੀ-2026 ਤਹਿਤ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨੂੰ ਕੇਂਦਰ ਸਰਕਾਰ ਵਲੋਂ ਖਾਦ ਖੇਤਰ ’ਚ ਆਤਮਨਿਰਭਰ ਭਾਰਤ ਨੂੰ ਉਤਸ਼ਾਹਿਤ ਕਰਨ ਦੀ ਪਹਿਲਕਦਮੀ ਦੇ ਹਿੱਸੇ ਵਜੋਂ 30 ਜੁਲਾਈ, 2026 ਨੂੰ ਨੋਟੀਫਾਈ ਕੀਤਾ ਗਿਆ ਸੀ। ਇਹ ਪੱਤਰ ਅੱਜ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਵਲੋਂ ਮੀਡੀਆ ਨੂੰ ਜਾਰੀ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿਸਤਾਰ ਨਾਲ ਨੰਗਲ ਖੇਤਰ ’ਚ ਲਗਭਗ 3,000 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਤੇ ਪੰਜਾਬ ’ਚ ਯੂਰੀਆ ਦੀ ਕਿੱਲਤ ਦੀ ਸਮੱਸਿਆ ਹੱਲ ਹੋਵੇਗੀ। ਹਾਲਾਂਕਿ, ਇਹ ਮਨਜ਼ੂਰੀ ਮਹੱਤਵਪੂਰਨ ਸ਼ਰਤ ਨਾਲ ਆਈ ਹੈ ਕਿ ਪ੍ਰਸਤਾਵਿਤ ਨਵਾਂ ਨਿਰਮਾਣ ਪਲਾਂਟ ਨੰਗਲ ਵਿਖੇ ਮੌਜੂਦਾ ਪੁਰਾਣੇ ਯੂਰੀਆ ਨਿਰਮਾਣ ਪਲਾਂਟ ਦੀ ਥਾਂ ਲਵੇਗਾ। ਇਸ ਪ੍ਰਾਜੈਕਟ ਨੂੰ ਬ੍ਰਾਊਨਫੀਲਡ ਸ਼੍ਰੇਣੀ ਤਹਿਤ ਮਨਜ਼ੂਰੀ ਦਿੱਤੀ ਗਈ ਹੈ, ਜੋ ਕਿ ਕਿਸੇ ਵੱਖਰੀ ਥਾਂ ’ਤੇ ਪੂਰੀ ਤਰ੍ਹਾਂ ਨਵੀਂ ਸਹੂਲਤ ਸਥਾਪਤ ਕਰਨ ਦੀ ਬਜਾਏ ਮੌਜੂਦਾ ਉਦਯੋਗਿਕ ਢਾਂਚੇ ਦੇ ਆਧੁਨਿਕੀਕਰਨ ਅਤੇ ਬਦਲਾਅ ਨੂੰ ਦਰਸਾਉਂਦਾ ਹੈ। ਖਾਦ ਵਿਭਾਗ ਦੇ ਡਾਇਰੈਕਟਰ (ਯੂ.ਪੀ.ਪੀ.) ਅਮਰ ਕੁਸ਼ਵਾਹਾ ਵਲੋਂ ਜਾਰੀ ਕੀਤੇ ਗਏ ਪੱਤਰ ’ਚ ਕਿਹਾ ਗਿਆ ਹੈ ਕਿ ਪ੍ਰਸਤਾਵ ਦੀ ਨਵੀਂ ਨਿਵੇਸ਼ ਨੀਤੀ ਦੀਆਂ ਵਿਵਸਥਾਵਾਂ ਤਹਿਤ ਜਾਂਚ ਕੀਤੀ ਗਈ ਸੀ ਅਤੇ ਬਾਅਦ ’ਚ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਦੀ ਪ੍ਰਵਾਨਗੀ ਨਾਲ ਇਸ ਨੂੰ ਮਨਜ਼ੂਰੀ ਦਿੱਤੀ ਗਈ। ਇਸ ਫ਼ੈਸਲੇ ਨੂੰ ਨੰਗਲ ਲਈ ਅਹਿਮ ਵਿਕਾਸ ਵਜੋਂ ਦੇਖਿਆ ਜਾ ਰਿਹਾ ਹੈ। ਆਜ਼ਾਦੀ ਤੋਂ ਬਾਅਦ ਦੇ ਸਮੇਂ ’ਚ ਭਾਖੜਾ-ਨੰਗਲ ਖੇਤਰ ਵਿੱਚ ਸਥਾਪਤ ਕੀਤੇ ਗਏ ਐੱਨ.ਐੱਫ.ਐੱਲ. ਯੂਨਿਟ ਨੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਦੀਆਂ ਖਾਦ ਸੰਬੰਧੀ ਲੋੜਾਂ ਪੂਰੀਆਂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹਾਲਾਂਕਿ, ਮਨਜ਼ੂਰੀ ਪੱਤਰ ’ਚ ਪ੍ਰਾਜੈਕਟ ਨੂੰ ਲਾਗੂ ਕਰਨ ਦੀ ਅਸਲ ਸਮਾਂ-ਸੀਮਾ, ਨਿਵੇਸ਼ ਅਤੇ ਉਸਾਰੀ ਸ਼ੁਰੂ ਹੋਣ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ।
54,000 ਕਰੋੜ ਰੁਪਏ ਦੇ 6 ਯੂਰੀਆ ਪ੍ਰਾਜੈਕਟਾਂ ਨੂੰ ਮਨਜ਼ੂਰੀ
ਦੇਸ਼ ਵਿਚ ਖਾਦਾਂ ਦੀ ਦਰਾਮਦ ’ਤੇ ਨਿਰਭਰਤਾ ਘਟਾਉਣ ਅਤੇ ਯੂਰੀਆ ਉਤਪਾਦਨ ਵਿਚ ਆਤਮਨਿਰਭਰਤਾ ਵਧਾਉਣ ਲਈ ਕੇਂਦਰ ਸਰਕਾਰ ਨੇ 54,000 ਕਰੋੜ ਰੁਪਏ ਦੇ ਛੇ ਬ੍ਰਾਊਨਫੀਲਡ ਗੈਸ ਆਧਾਰਿਤ ਯੂਰੀਆ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਾਜੈਕਟ ਜੁਲਾਈ ਵਿਚ ਮਨਜ਼ੂਰ ਕੀਤੀ ਗਈ ਨਵੀਂ ਨਿਵੇਸ਼ ਨੀਤੀ (ਐਨ.ਆਈ.ਪੀ.ਯੂ.-2026) ਤਹਿਤ ਅੱਗੇ ਵਧਾਏ ਗਏ ਹਨ । ਖਾਦ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਨੀਤੀ ਤਹਿਤ ਕੁੱਲ 18 ਪ੍ਰਸਤਾਵ ਪ੍ਰਾਪਤ ਹੋਏ ਸਨ, ਜਿਨ੍ਹਾਂ ਵਿਚੋਂ ਜਨਤਕ ਖੇਤਰ, ਨਿੱਜੀ ਖੇਤਰ ਤੇ ਸਹਿਕਾਰੀ ਸੰਸਥਾਵਾਂ ਦੇ 6 ਪ੍ਰਮੁੱਖ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਲਈ ਚੁਣਿਆ ਗਿਆ ਹੈ। ਇਹ ਨੀਤੀ 30 ਜੁਲਾਈ ਨੂੰ ਨੋਟੀਫਾਈ ਕੀਤੀ ਗਈ ਸੀ । ਮਨਜ਼ੂਰ ਕੀਤੇ ਗਏ ਪ੍ਰਾਜੈਕਟਾਂ ਵਿਚ ਚੇਨਈ ਸਥਿਤ ਐਮ.ਐਫ.ਐਲ.-ਮਦਰਾਸ, ਪੰਜਾਬ ਦਾ ਐਨ.ਐਫ.ਐਲ.-ਨੰਗਲ, ਉੱਤਰ ਪ੍ਰਦੇਸ਼ ਦਾ ਕੇ.ਐਫ.ਐਲ.-ਸ਼ਾਹਜਹਾਂਪੁਰ, ਪੱਛਮੀ ਬੰਗਾਲ ਦਾ ਮੈਟਿਕਸ-ਪਾਨਾਗੜ੍ਹ, ਰਾਜਸਥਾਨ ਦੇ ਕੋਟਾ ਵਿਚ ਸੀ.ਐਫ.ਸੀ.ਐਲ.-ਗਡੇਪਨ ਅਤੇ ਉੱਤਰ ਪ੍ਰਦੇਸ਼ ਦਾ ਆਈ.ਆਈ.ਪੀ.ਐਲ.-ਜਗਦੀਸ਼ਪੁਰ ਸ਼ਾਮਿਲ ਹਨ । ਇਨ੍ਹਾਂ ਵਿਚੋਂ ਐਮ.ਐਫ.ਐਲ.-ਮਦਰਾਸ ਪ੍ਰਾਜੈਕਟ ਤਹਿਤ 60 ਸਾਲ ਤੋਂ ਵੱਧ ਪੁਰਾਣੀ ਯੂਨਿਟ ਨੂੰ ਬਦਲਿਆ ਜਾਵੇਗਾ । ਇਸੇ ਤਰ੍ਹਾਂ ਪੰਜਾਬ ਦੇ ਨੰਗਲ ਵਿਚ 1978 ਵਿਚ ਸਥਾਪਤ ਪੁਰਾਣੇ ਪਲਾਂਟ ਦੀ ਥਾਂ 12.7 ਲੱਖ ਟਨ ਸਾਲਾਨਾ ਸਮਰਥਾ ਵਾਲਾ ਆਧੁਨਿਕ ਯੂਨਿਟ ਲਗਾਇਆ ਜਾਵੇਗਾ । ਮੌਜੂਦਾ ਸਮੇਂ ਨੰਗਲ ਪਲਾਂਟ ਦੀ ਉਤਪਾਦਨ ਸਮਰਥਾ 4.73 ਲੱਖ ਟਨ ਸਾਲਾਨਾ ਹੈ । ਸ਼ਾਹਜਹਾਂਪੁਰ ਵਿਚ ਕੇ.ਆਰ.ਆਈ.ਬੀ.ਐਚ.ਸੀ.ਓ. ਵਲੋਂ 1995 ਵਿਚ ਸ਼ੁਰੂ ਕੀਤੀ ਗਈ ਯੂਨਿਟ ਦਾ ਵਿਸਥਾਰ ਕੀਤਾ ਜਾਵੇਗਾ । ਪੱਛਮੀ ਬੰਗਾਲ ਦੇ ਪਾਨਾਗੜ੍ਹ ਵਿਚ ਮੈਟਿਕਸ ਦੇ ਮੌਜੂਦਾ ਪਲਾਂਟ ਦੀ ਸਮਰੱਥਾ ਵਧਾਈ ਜਾਵੇਗੀ। ਇਸ ਤੋਂ ਇਲਾਵਾ ਕੋਟਾ ਸਥਿਤ ਸੀ.ਐਫ.ਸੀ.ਐਲ.-ਗਡੇਪਨ ਕੰਪਲੈਕਸ ਦਾ ਵਿਸਥਾਰ ਅਤੇ ਜਗਦੀਸ਼ਪੁਰ ਵਿਚ ਆਈ.ਆਈ.ਪੀ.ਐਲ. ਵਲੋਂ 12.7 ਲੱਖ ਟਨ ਸਾਲਾਨਾ ਸਮਰਥਾ ਜੋੜਨ ਦੀ ਯੋਜਨਾ ਹੈ । ਅਧਿਕਾਰੀ ਅਨੁਸਾਰ ਬ੍ਰਾਊਨਫੀਲਡ ਪ੍ਰਾਜੈਕਟਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਨ੍ਹਾਂ ਲਈ ਪਹਿਲਾਂ ਤੋਂ ਮੌਜੂਦ ਜ਼ਮੀਨ, ਬਿਜਲੀ, ਪਾਣੀ, ਆਵਾਜਾਈ ਤੇ ਹੋਰ ਬੁਨਿਆਦੀ ਢਾਂਚੇ ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਨਾਲ ਪ੍ਰਾਜੈਕਟਾਂ ਨੂੰ ਘੱਟ ਸਮੇਂ ਅਤੇ ਘੱਟ ਲਾਗਤ ਵਿਚ ਪੂਰਾ ਕਰਨ ਵਿਚ ਮਦਦ ਮਿਲਦੀ ਹੈ ।