13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਖ਼ੈਬਰ ਪਖਤੂਨਖਵਾ ’ਚ ਐਮਰਜੈਂਸੀ ਐਲਾਨਣ ਬਾਅਦ ਹਾਲਾਤ ਹੋਏ ਬਦਤਰ

ਖ਼ੈਬਰ ਪਖਤੂਨਖਵਾ ’ਚ ਐਮਰਜੈਂਸੀ ਐਲਾਨਣ ਬਾਅਦ ਹਾਲਾਤ ਹੋਏ ਬਦਤਰ

ਅਜੀਤ ਡੈਸਕ 13-10-2026

ਪਾਕਿ ਦੇ ਕਈ ਸ਼ਹਿਰਾਂ ’ਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ

ਸੁਰਿੰਦਰ ਕੋਛੜ
ਅੰਮ੍ਰਿਤਸਰ, 12 ਅਕਤੂਬਰ -ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ’ਚ ਪਾਕਿ ਦੀ ਸੰਘੀ ਸਰਕਾਰ ਵਲੋਂ ਸੂਬੇ ’ਚ ਐਮਰਜੈਂਸੀ ਤੇ ਰਾਜਪਾਲ ਰਾਜ ਲਾਗੂ ਕਰਨ ਬਾਅਦ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਸੂਬੇ ਦੇ ਪਿਸ਼ਾਵਰ, ਬਾੜਾ, ਜਮਰੌਦ, ਖ਼ੈਬਰ ਤੇ ਹੋਰ ਸ਼ਹਿਰਾਂ ’ਚ ਧਾਰਾ 144 ਤੇ ਕਰਫ਼ਿਊ ਲਗਾਏ ਜਾਣ ਦੇ ਬਾਵਜੂਦ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ’ਤੇ ਉਤਰੇ ਤੇ ਉਨ੍ਹਾਂ ਦੀਆਂ ਪੁਲਿਸ ਤੇ ਸੁਰੱਖਿਆ ਬਲਾਂ ਨਾਲ ਸਿੱਧੀਆਂ ਝੜਪਾਂ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਸਭ ਦੇ ਚੱਲਦਿਆਂ ਸੂਬੇ ਦੇ ਮੁੱਖ ਮੰਤਰੀ ਸੁਹੇਲ ਅਫ਼ਰੀਦੀ, ਅਸੈਂਬਲੀ ਸਪੀਕਰ ਬਾਬਰ ਸਲੀਮ ਸਵਾਤੀ ਤੇ ਸੂਬਾਈ ਪੀ. ਟੀ. ਆਈ. (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਪ੍ਰਧਾਨ ਜੁਨੈਦ ਅਕਬਰ ਸਮੇਤ 782 ਪਾਰਟੀ ਆਗੂਆਂ ਅਤੇ ਸਮਰਥਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਉੱਧਰ, ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਨੇ ਕਿਹਾ ਕਿ ਸਰਕਾਰ ਕੋਲ ਰਾਜਪਾਲ ਰਾਜ ਲਾਗੂ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਫ਼ੈਸਲਾ ਕਿਸੇ ਸਿਆਸੀ ਬਦਲਾਖੋਰੀ ਜਾਂ ਹਿਤਾਂ ਤੋਂ ਪ੍ਰੇਰਿਤ ਨਹੀਂ ਹੈ, ਸਗੋਂ ਪਿਛਲੇ ਇਕ ਦਹਾਕੇ ਤੋਂ ਸੂਬੇ ਨੂੰ ਆਪਣੀ ਲਪੇਟ ’ਚ ਲੈਣ ਵਾਲੇ ਅੱਤਵਾਦ ਦੇ ਨਾਸੂਰ ਨੂੰ ਖ਼ਤਮ ਕਰਨ ਲਈ ਲਿਆ ਗਿਆ ਹੈ। ਸੂਬੇ ’ਚ ਸੰਵਿਧਾਨਕ ਤੰਤਰ ਪੂਰੀ ਤਰ੍ਹਾਂ ਵਿਗੜ ਚੁੱਕਿਆ ਸੀ ਅਤੇ ਸੂਬਾਈ ਪ੍ਰਸ਼ਾਸਨ ਸੰਵਿਧਾਨ ਅਨੁਸਾਰ ਕੰਮ ਨਹੀਂ ਕਰ ਰਿਹਾ ਸੀ। ਦੂਜੇ ਪਾਸੇ, ਪ੍ਰਧਾਨ ਮੰਤਰੀ ਦੇ ਖ਼ੈਬਰ ਪਖਤੂਨਖਵਾ ਮਾਮਲਿਆਂ ਬਾਰੇ ਸੂਚਨਾ ਕੋਆਰਡੀਨੇਟਰ ਇਖ਼ਤਿਆਰ ਵਲੀ ਖ਼ਾਨ ਨੇ ਕਿਹਾ ਕਿ ਸੂਬੇ ’ਚ ਰਾਜਪਾਲ ਰਾਜ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਨਹੀਂ ਆ ਜਾਂਦੇ। ਜੇਕਰ ਲੋੜ ਪਈ ਤਾਂ ਇਹ ਵਿਵਸਥਾ ਅਗਲੀਆਂ ਆਮ ਚੋਣਾਂ ਤੱਕ ਵੀ ਜਾਰੀ ਰੱਖੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਸੁਰੱਖਿਆ ਹਿਰਾਸਤ ’ਚ ਹਨ ਅਤੇ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਆਤਮ-ਸਮਰਪਣ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਤੇ ਵਿਧਾਨ ਸਭਾ ਮੈਂਬਰ ਅਮਲੀ ਤੌਰ ’ਤੇ ਪਹਿਲਾਂ ਹੀ ਮੁਅੱਤਲ ਹੋ ਚੁੱਕੇ ਸਨ ਕਿਉਂਕਿ ਮੰਤਰੀ ਸਰਕਾਰੀ ਕੰਮਕਾਜ ਸੰਭਾਲਣ ਦੀ ਬਜਾਏ ਵਿਰੋਧ ਪ੍ਰਦਰਸ਼ਨਾਂ ਅਤੇ ਲੌਂਗ ਮਾਰਚ ’ਚ ਰੁੱਝੇ ਹੋਏ ਸਨ। ਇਸ ਦੌਰਾਨ ਪਾਕਿਸਤਾਨ ਦੀ ਕੱਟੜਪੰਥੀ ਸਿਆਸੀ ਪਾਰਟੀ ਜਮੀਅਤ ਉਲੇਮਾ-ਏ-ਇਸਲਾਮ-ਫ਼ਜ਼ਲ ਦੇ ਮੁਖੀ ਮੌਲਾਨਾ ਫ਼ਜ਼ਲੁਰ ਰਹਿਮਾਨ ਨੇ ਖ਼ੈਬਰ ਪਖਤੂਨਖਵਾ ’ਚ ਐਮਰਜੈਂਸੀ ਤੇ ਗਵਰਨਰ ਰਾਜ ਲਗਾਉਣ ਦਾ ਤਿੱਖੇ ਸ਼ਬਦਾਂ ’ਚ ਵਿਰੋਧ ਕੀਤਾ ਹੈ।

ਪਿਛਲੀ ਖ਼ਬਰ ਕੈਂਸਰ ਵਿਰੋਧੀ ਦਵਾਈਆਂ ’ਤੇ ਮਾਰਜਿਨ 30 ਫ਼ੀਸਦੀ ਤੱਕ ਸੀਮਤ-ਕੇਂਦਰ ਅਗਲੀ ਖ਼ਬਰ ਪ੍ਰਚੂਨ ਮਹਿੰਗਾਈ 5.54 ਫ਼ੀਸਦੀ ’ਤੇ ਪਹੁੰਚੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।