ਨਾਗੋਆ, 26 ਸਤੰਬਰ (ਪੀ. ਟੀ. ਆਈ.)-ਜਪਾਨ ਦੇ ਨਿਸ਼ਿਨ-ਨਾਗੋਆ ’ਚ ਚਲ ਰਹੀਆਂ 20ਵੀਆਂ ਏਸ਼ਿਆਈ ਖੇਡਾਂ ਦੇ ਕਬੱਡੀ ਮੁਕਾਬਲੇ ਵਿਚ ਭਾਰਤ ਨੇ ਆਪਣੀ ਸਰਦਾਰੀ ਕਾਇਮ ਰੱਖਦਿਆਂ ਖ਼ਿਤਾਬ ਬਰਕਰਾਰ ਰੱਖੇ। ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਵਲੋਂ ਫਾਈਨਲ ਮੁਕਾਬਲਿਆਂ ਵਿਚ ਆਪਣੇ ਰਵਾਇਤੀ ਵਿਰੋਧੀ ਈਰਾਨ ਨੂੰ ਹਰਾ ਕੇ ਸੋਨ ਤਗ਼ਮੇ ਦੇਸ਼ ਦੀ ਝੋਲੀ ਪਾਏ ਗਏ। ਪੁਰਸ਼ ਟੀਮ ਨੇ 40-34 ਨਾਲ ਜਿੱਤ ਦਰਜ ਕੀਤੀ, ਜਦਕਿ ਮਹਿਲਾ ਟੀਮ ਨੇ 37-34 ਨਾਲ ਜਿੱਤ ਹਾਸਿਲ ਕਰਕੇ ਆਪਣਾ ਦਬਦਬਾ ਬਰਕਰਾਰ ਰੱਖਿਆ। ਇਹ ਪੁਰਸ਼ਾਂ ਲਈ 9ਵਾਂ ਅਤੇ ਔਰਤਾਂ ਲਈ ਚੌਥਾ ਸੋਨ ਤਗ਼ਮਾ ਸੀ। ਪੁਰਸ਼ ਟੀਮ ਦੀ ਇਹ ਜਿੱਤ ਉਨ੍ਹਾਂ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਪਵਨ ਸਹਿਰਾਵਤ ਦੇ ਮੈਟ ‘ਤੇ ਉਤਰੇ ਬਿਨਾਂ ਹੀ ਹਾਸਿਲ ਹੋਈ। ਮੁਕਾਬਲੇ ਦੇ ਅੱਧ ਵਿਚਕਾਰ ਜਦੋਂ ਮੌਜੂਦਾ ਚੈਂਪੀਅਨ (ਭਾਰਤ) ਨੂੰ ਆਪਣੀ ਪਕੜ ਬਣਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਸੀ ਤਾਂ ਫੈਸਲਾਕੁੰਨ ਪੜਾਅ ’ਤੇ ਰੇਡਰ ਅਰਜੁਨ ਦੇਸਵਾਲ ਅਤੇ ਦੇਵਾਂਕ ਦੀ ਸੰਜਮ ਭਰੀ ਖੇਡ ਨੇ ਰੋਮਾਂਚਕ ਫਾਈਨਲ ਨੂੰ ਭਾਰਤ ਦੇ ਹੱਕ ਵਿਚ ਮੋੜ ਦਿੱਤਾ। ਦੂਜੇ ਪਾਸੇ, ਈਰਾਨ ਨੇ ਹਰ ਅੰਕ ਲਈ ਇਸ ਤਰ੍ਹਾਂ ਸੰਘਰਸ਼ ਕੀਤਾ, ਜਿਵੇਂ ਉਹ ਆਖਰੀ ਅੰਕ ਹੋਵੇ। ਉਨ੍ਹਾਂ ਭਾਰਤ ਦੀ ਸਰੀਰਕ ਤਾਕਤ ਦਾ ਬਰਾਬਰ ਮੁਕਾਬਲਾ ਕੀਤਾ ਅਤੇ ਕਈ ਵਾਰ ਉਸ ਤੋਂ ਅੱਗੇ ਵੀ ਨਿਕਲੇ ਅਤੇ ਮੌਜੂਦਾ ਚੈਂਪੀਅਨਾਂ ਨੂੰ ਆਪਣੀ ਲੈਅ ਵਿਚ ਆਉਣ ਤੋਂ ਰੋਕੀ ਰੱਖਿਆ। ਅੱਧੇ ਸਮੇਂ ਤੱਕ ਈਰਾਨ ਕੋਲ 18-17 ਦੀ ਮਾਮੂਲੀ ਬੜ੍ਹਤ ਸੀ, ਜੋ ਭਾਰਤ ਲਈ ਚਿੰਤਾ ਦਾ ਵਿਸ਼ਾ ਸੀ ਪਰ ਭਾਰਤ ਨੇ ਘਬਰਾਹਟ ਨਹੀਂ ਦਿਖਾਈ। ਇਸ ਦੀ ਬਜਾਏ, ਉਨ੍ਹਾਂ ਨੇ ਖੇਡ ਦੀ ਰਫ਼ਤਾਰ ਬਦਲੀ ਅਤੇ ਆਪਣੇ ਰੇਡਰਾਂ ‘ਤੇ ਲਗਾਤਾਰ ਭਰੋਸਾ ਕੀਤਾ। ਅਰਜੁਨ ਅਤੇ ਦੇਵਾਂਕ ਵਾਰ-ਵਾਰ ਈਰਾਨੀ ਖੇਮੇ ਵਿਚ ਗਏ, ਸਹੀ ਮੌਕੇ ਚੁਣੇ ਅਤੇ ਅਹਿਮ ਅੰਕ ਹਾਸਿਲ ਕਰਕੇ ਵਾਪਸ ਪਰਤੇ, ਜਿਸ ਨਾਲ ਹੌਲੀ-ਹੌਲੀ ਈਰਾਨ ਰੱਖਿਆਤਮਕ ਸਥਿਤੀ ’ਤੇ ਆ ਗਿਆ। ਦੂਜੇ ਪਾਸੇ, ਮਹਿਲਾ ਟੀਮ ਨੇ ਵੀ ਮੁਕਾਬਲੇ ਦੌਰਾਨ ਸੰਜਮ ਬਣਾਈ ਰੱਖਿਆ ਅਤੇ ਰਿਕਾਰਡ ਚੌਥਾ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ।ਭਾਰਤ ਨੇ ਗਰੁੱਪ ਪੜਾਅ ਵਿਚ ਈਰਾਨ ਨੂੰ ਪਹਿਲਾਂ ਹੀ ਹਰਾ ਦਿੱਤਾ ਸੀ ਅਤੇ ਉਸ ਮੁਕਾਬਲੇ ਦੌਰਾਨ ਉਨ੍ਹਾਂ ਨੇ ਵਿਰੋਧੀ ਟੀਮ ਦੀ ਇਕ ਅਜਿਹੀ ਕਮਜ਼ੋਰੀ ਦੀ ਪਛਾਣ ਕੀਤੀ ਸੀ, ਜਿਸ ਦਾ ਫਾਇਦਾ ਉਹ ਅਹਿਮ ਮੌਕੇ ‘ਤੇ ਉਠਾ ਸਕਦੇ ਸਨ, ਉਹ ਸੀ ਖੱਬਾ ਪਾਸਾ। ਰੇਡਰ ਨਿਕਿਤਾ, ਕਪਤਾਨ ਪੂਜਾ ਅਤੇ ਸੰਜੂ ਦੇਵੀ ਨੇ ਵਾਰ-ਵਾਰ ਉਸ ਪਾਸੇ ਤੋਂ ਹਮਲੇ ਕੀਤੇ ਅਤੇ ਇਸ ਰਣਨੀਤੀ ਦਾ ਉਨ੍ਹਾਂ ਨੂੰ ਭਰਪੂਰ ਲਾਭ ਮਿਲਿਆ।ਲੰਬੇ ਕੱਦ ਅਤੇ ਮਜ਼ਬੂਤ ਸਰੀਰਕ ਬਣਤਰ ਵਾਲੀਆਂ ਈਰਾਨੀ ਖਿਡਾਰਨਾਂ ਕੋਲ ਭਾਰਤ ਨੂੰ ਮੁਸ਼ਕਲ ਵਿਚ ਪਾਉਣ ਲਈ ਲੋੜੀਂਦੀ ਤਕਨੀਕ ਅਤੇ ਸਰੀਰਕ ਤਾਕਤ ਸੀ ਪਰ ਇਸ ਪੱਧਰ ‘ਤੇ ਤਜਰਬੇ ਦੀ ਘਾਟ ਉਦੋਂ ਸਾਫ਼ ਦਿਖਾਈ ਦਿੱਤੀ, ਜਦੋਂ ਭਾਰਤ ਨੇ ਲਗਾਤਾਰ ਖੱਬੇ ਪਾਸੇ ਖਾਲੀ ਥਾਂਵਾਂ ਲੱਭ ਕੇ ਅੰਕ ਬਣਾਏ।