ਛਪਾਰ (ਹਲਕਾ ਦਾਖਾ, ਜਗਰਾਓਂ), 26 ਸਤੰਬਰ (ਰਵਿੰਦਰ ਪੁਰੀ/ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਪੰਜਾਬ ’ਚ ਪ੍ਰਸਿੱਧ ਮੇਲਾ ਛਪਾਰ ’ਤੇ ਕਾਨਫਰੰਸ ਪ੍ਰਮੁੱਖ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਪੁਰਜ਼ੋਰ ਸਫ਼ਲ ਰਹੀ। ਪੰਡਾਲ ’ਚ ਲੋਕਾਂ ਦੇ ਬੇਤਹਾਸ਼ਾ ਇਕੱਠ ਅੱਗੇ ਪ੍ਰਬੰਧਕਾਂ ਦੇ ਸਾਰੇ ਵੱਡੇ ਪ੍ਰਬੰਧ ਫਿੱਕੇ ਪੈ ਗਏ। ਕੇਸਰੀ ਝੰਡਿਆਂ ਨਾਲ ਸ਼ਿੰਗਾਰੇ ਮੰਚ ’ਤੇ ਮਨਪ੍ਰੀਤ ਸਿੰਘ ਇਯਾਲੀ ਨਾਲ ਪ੍ਰਮੁੱਖ ਆਗੂ ਤਰਸੇਮ ਸਿੰਘ ਖ਼ਾਲਸਾ, ਹਲਕਾ ਗਿੱਲ ਦੇ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ, ਦੀਪ ਸਿੱਧੂ ਦੇ ਭਰਾਤਾ ਮਨਦੀਪ ਸਿੰਘ ਸਿੱਧੂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਹੋਰ ਮੌਜੂਦ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਇਯਾਲੀ ਨੇ ਕਿਹਾ ਕਿ ਆਗਾਮੀ ਚੋਣਾਂ ’ਚ ਸਾਡੀ ਪਾਰਟੀ ਦਾ ਮੁੱਖ ਏਜੰਡਾ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਰੋਕਣਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢ ਨੌਕਰੀਆਂ, ਨਿੱਜੀ ਕਾਰੋਬਾਰਾਂ ਨਾਲ ਜੋੜਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੀਪ ਸਿੱਧੂ ਦਾ ਜ਼ਜ਼ਬਾ ਨੌਜਵਾਨ ਪੀੜ੍ਹੀ ’ਚ ਲਿਜਾਣ ਦੀ ਗੱਲ ਹੋਵੇਗੀ, ਜੋ ਨਸ਼ਿਆਂ ਨੂੰ ਰੋਕਣ ਲਈ ਇਕ ਸ਼ਾਨਦਾਰ ਸਬਕ ਹੈ। ਇਯਾਲੀ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਸੂਬੇ ਦੀ ਬਿਹਤਰੀ ਲਈ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਲਾਜ਼ਮੀ ਹੈ, ‘ਵਾਰਿਸ ਪੰਜਾਬ ਦੇ’ ਹੀ ਸੂਬੇ ਦੇ ਪਾਣੀਆਂ, ਬਿਜਲੀ ਸੰਕਟ ਆਦਿ ਸਮੱਸਿਆਵਾਂ ਦੀ ਹੋਰ ਬਿਹਤਰੀ ਲਈ ਸੰਜੀਦਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਗਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਤੋਂ ਬਾਅਦ ਇਕੋ ਪੰਥਕ ਪਾਰਟੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹੋਵੇਗੀ। ਉਨ੍ਹਾਂ ਕਿਹਾ ਕਿ ਛਪਾਰ ਮੇਲਾ ਕਾਨਫਰੰਸ ਮੌਕੇ ਪਹਿਲੀ ਵਾਰ ਹੋਈ ‘ਵਾਰਿਸ ਪੰਜਾਬ ਦੇ’ ਦੀ ਪੰਥਕ ਸਿਆਸੀ ਕਾਨਫਰੰਸ ’ਚ ਉਮੜੇ ਵੱਡੇ ਇਕੱਠ ਨੇ 2027 ਦੀਆਂ ਚੋਣਾਂ ਲਈ ਵੱਡਾ ਸਿਆਸੀ ਸੰਕੇਤ ਦੇ ਦਿੱਤਾ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਸਮੇਂ ਪਾਰਟੀ ਆਗੂ ਤਰਸੇਮ ਸਿੰਘ ਖ਼ਾਲਸਾ ਨੇ ਕਿਹਾ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਿਥੇ ਨਸ਼ਿਆਂ ਦੇ ਖਾਤਮੇ ਲਈ ਦ੍ਰਿੜ ਹੈ, ਉਥੇ ਉਦਯੋਗਿਕ ਵਿਕਾਸ, ਰੁਜ਼ਗਾਰ ਅਤੇ ਪੰਥਕ ਮਸਲਿਆਂ ਨੂੰ ਆਪਣੀ ਸਿਆਸੀ ਜੰਗ ਵਿਚ ਅੱਗੇ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਏਜੰਡਾ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਰੋਕਣਾ ਹੈ। ਮਾਲਵੇ ਦੀ ਧਰਤੀ ’ਤੇ ਹਲਕਾ ਦਾਖਾ ਅੰਦਰ ਮੇਲਾ ਛਪਾਰ ਕਾਨਫਰੰਸ ਵਾਲੇ ਪੰਡਾਲ ’ਚ ਲਾਮਿਸਾਲ ਇਕੱਠ ਵੇਖ ਕੇ ਤਰਸੇਮ ਸਿੰਘ ਨੇ ਦ੍ਰਿੜਤਾ ਨਾਲ ਕਿਹਾ ਕਿ ਦਾਖਾ ਪੰਥਕ ਹਲਕੇ ਦੇ ਲੋਕਾਂ ਨੇ ਮਨਪ੍ਰੀਤ ਸਿੰਘ ਇਯਾਲੀ ਨੂੰ ਚੌਥੀ ਵਾਰ ਵਿਧਾਇਕ ਬਣਾਉਣ ਦਾ ਸੰਕਲਪ ਲੈ ਲਿਆ। ਦੀਪ ਸਿੱਧੂ ਦੇ ਭਰਾਤਾ ਮਨਦੀਪ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦੇ ਸੱਤਾ ਵਿਚ ਆਉਣ ’ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਮਹਿੰਗਾਈ ’ਤੇ ਕਾਬੂ ਪਾਉਣਾ ਤੇ ਆਮ ਲੋਕਾਂ ਨਾਲ ਜੁੜੇ ਕੰਮਾਂ ਨੂੰ ਪਹਿਲ ਦਿਆਂਗੇ। ਮਨਦੀਪ ਸਿੰਘ ਵਲੋਂ ਲਾਮਿਸਾਲ ਇਕੱਠ ਲਈ ਮਨਪ੍ਰੀਤ ਸਿੰਘ ਇਯਾਲੀ, ਹਰਬੀਰ ਸਿੰਘ ਇਯਾਲੀ, ਹਲਕਾ ਦਾਖਾ ਦੇ ਸਮੂਹ ਪੰਥਕ ਲੋਕਾਂ ਨੂੰ ਵਧਾਈ ਦਿੱਤੀ। ਪਾਰਟੀ ਵਲੋਂ ਰਿਜ਼ਰਵ ਹਲਕਾ ਗਿੱਲ ਲਈ ਇੰਚਾਰਜ, ਸਾਬਕਾ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਵੀ ਕਾਨਫ਼ਰੰਸ ਨੂੰ ਸੰਬੋਧਨ ਹੁੰਦਿਆਂ ਪੰਜਾਬ ਦੇ ਹੱਕ ਬਚਾਉਣ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ‘ਵਾਰਿਸ ਪੰਜਾਬ ਦੇ’ ਪਾਰਟੀ ਦਾ ਮਜ਼ਬੂਤ ਹੋ ਕੇ ਸਰਕਾਰ ਵਿਚ ਆਉਣਾ ਯਕੀਨੀ ਹੈ। ਇਸ ਮੌਕੇ ਪ੍ਰਮੁੱਖ ਆਗੂ ਇਕਬਾਲ ਸਿੰਘ ਝੂੰਦਾਂ, ‘ਸੱਥ’ ਜਥੇਬੰਦੀ ਵਲੋਂ ਦਰਸ਼ਪ੍ਰੀਤ ਸਿੰਘ, ਨਿਹੰਗ ਬਾਬਾ ਰਾਜਾ ਰਾਜ ਸਿੰਘ, ਸਾਬਕਾ ਡੀ.ਐੱਸ.ਪੀ. ਬਲਵਿੰਦਰ ਸਿੰਘ ਸੇਖੋਂ, ਬਰਜਿੰਦਰ ਸਿੰਘ ਬਬਲੂ, ਸੰਦੀਪ ਸਿੰਘ ਰੁਪਾਲੋਂ, ਬੀਬੀ ਹਰਪ੍ਰੀਤ ਕੌਰ, ਨਵਜੋਤ ਕੌਰ ਲੰਬੀ, ਜਗਰੂਪ ਸਿੰਘ ਖਾਲਸਾ, ਲੱਖਾ ਸਿੰਘ ਸਿਧਾਣਾ, ਗੁਰਦੀਪ ਸਿੰਘ ਬਾਠ, ਬਲਜਿੰਦਰ ਸਿੰਘ ਸਮਰਾਲਾ, ਇੰਦਰਜੀਤ ਸਿੰਘ ਦੁਲੇਰ, ਰਸ਼ਪਾਲ ਸਿੰਘ ਸੋਸਨ, ਦਲੇਰ ਸਿੰਘ ਡੋਡ, ਮਨਪ੍ਰੀਤ ਸਿੰਘ ਭੋਲੂਵਾਲ, ਪ੍ਰਿਥੀਪਾਲ ਸਿੰਘ ਬਟਾਲਾ, ਮਹਿਲਾ ਵਿੰਗ ਪ੍ਰਧਾਨ ਹਰਪ੍ਰੀਤ ਕੌਰ, ਜਗਰੂਪ ਸਿੰਘ ਰਾਏਕੋਟ, ਜਥੇਦਾਰ ਜਗਤਾਰ ਸਿੰਘ ਲਤਾਲਾ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਅਮਰਜੀਤ ਸਿੰਘ ਜੌਹਲ, ਲੁਧਿਆਣਾ ਦਿਹਾਤੀ ਪ੍ਰਧਾਨ ਅਮਨਦੀਪ ਸਿੰਘ ਹਸਨਪੁਰ, ਯੂਥ ਵਿੰਗ ਦੇ ਹਲਕਾ ਦਾਖਾ ਪ੍ਰਧਾਨ ਅਵਨਿੰਦਰ ਸਿੰਘ ਗੋਲਡੀ ਆਦਿ ਨੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ।
ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਖਾਤਮਾ ਮੁੱਖ ਏਜੰਡਾ-ਮਨਪ੍ਰੀਤ ਸਿੰਘ ਇਯਾਲੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੇਲਾ ਛਪਾਰ ’ਚ ਕਾਨਫ਼ਰੰਸ
ਛਪਾਰ (ਹਲਕਾ ਦਾਖਾ, ਜਗਰਾਓਂ), 26 ਸਤੰਬਰ (ਰਵਿੰਦਰ ਪੁਰੀ/ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਪੰਜਾਬ ’ਚ ਪ੍ਰਸਿੱਧ ਮੇਲਾ ਛਪਾਰ ’ਤੇ ਕਾਨਫਰੰਸ ਪ੍ਰਮੁੱਖ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ....
ਅਜੀਤ ਡੈਸਕ
27-09-2026