ਨਿਊਯਾਰਕ/ਵਾਸ਼ਿੰਗਟਨ, 24 ਸਤੰਬਰ (ਰਾਜੂ ਸ਼ਹਿਬਾਜ਼ਪੁਰਾ, ਏਜੰਸੀਆਂ)-ਅਮਰੀਕੀ ਦੌਰੇ ’ਤੇ ਪੁੱਜੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵਾਈਟ ਹਾਊਸ ’ਚ ਮੁਲਾਕਾਤ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਲੋਕਾਂ ਲਈ ਬਿਹਤਰ ਭਵਿੱਖ ਬਣਾਉਣ ਵਾਸਤੇ ਉਹ ਮਿਲ ਕੇ ਕੰਮ ਕਰਨਗੇ। ਇਸ ਮੌਕੇ ਟਰੰਪ ਨੇ ਸ਼ੀ ਜਿਨਪਿੰਗ ਦੇ ਨਾਲ ਆਪਣੇ ਰਿਸ਼ਤੇ ਨੂੰ ਬਹੁਤ ਵਧੀਆ ਦੋਸਤੀ ਦੱਸਿਆ। ਉਨ੍ਹਾਂ ਕਿਹਾ ਕਿ 2016 ’ਚ ਪਹਿਲੀ ਵਾਰ ਰਾਸ਼ਟਰਪਤੀ ਚੁਣੇ ਜਾਣ ਦੇ ਸਮੇਂ ਤੋਂ ਦੋਵਾਂ ਆਗੂਆਂ ਦਰਮਿਆਨ ਆਪਸੀ ਸਨਮਾਨ ਅਤੇ ਦੋਵਾਂ ਦੇਸ਼ਾਂ ਦੇ ਹਿੱਤਾਂ ’ਤੇ ਆਧਾਰਿਤ ਸੰਬੰਧ ਰਹੇ ਹਨ। ਇਸ ਮੌਕੇ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਸ਼ਾਂਤੀਪੂਰਨ ਸਹਿ-ਹੋਂਦ ਨਾਲ ਅੱਗੇ ਵਧਣਾ ਚਾਹੀਦਾ ਹੈ। ਦੋਵਾਂ ਦੇਸ਼ਾਂ ’ਚ ਮੁਕਾਬਲਾ ਹੋਣਾ ਚਾਹੀਦਾ ਹੈ ਅਤੇ ਇਸ ਦੀ ਇਕ ਹੱਦ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਮੁਕਾਬਲਾ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਰਗਾ ਹੋਵੇ, ਨਾ ਕਿ ਕੁਸ਼ਤੀ ਵਰਗਾ, ਜਿਸ ਵਿਚ ਇੱਕ ਦੀ ਜਿੱਤ ਦੂਜੇ ਦੀ ਹਾਰ ਹੋਵੇ। ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਦੇ ਹਿੱਤ ਇਕ ਦੂਸਰੇ ਨਾਲ ਜੁੜੇ ਹੋਏ ਹਨ ਅਤੇ ਦੋਵੇਂ ਦੇਸ਼ਾਂ ਦਰਮਿਆਨ ਸਹਿਯੋਗ ਦੀ ਬਹੁਤ ਗੁੰਜਾਇਸ਼ ਹੈ। ਉਨ੍ਹਾਂ ਦੋਵਾਂ ਦੇਸ਼ਾਂ ਨੂੰ ਇਮਾਨਦਾਰੀ ਨਾਲ ਸਹਿਯੋਗ ਕਰਨ ਅਤੇ ਗੱਲਬਾਤ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਕਈ ਸਮੱਸਿਆਵਾਂ ਨੂੰ ਅਮਰੀਕਾ ਅਤੇ ਚੀਨ ਦੇ ਇਕੱਠੇ ਆਏ ਬਿਨ੍ਹਾਂ ਹੱਲ ਕਰਨਾ ਮੁਸ਼ਕਿਲ ਹੋਵੇਗਾ। ਸ਼ੀ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਸਹਿਯੋਗ ਤੋਂ ਲਾਭ ਲੈ ਸਕਦੇ ਹਨ, ਜਦਕਿ ਟਕਰਾਅ ਦੋਵਾਂ ਲਈ ਨੁਕਸਾਨਦਾਇਕ ਹੋਵੇਗਾ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਅਤੇ ਮੇਲਾਨੀਆ ਟਰੰਪ ਨੇ ਵ੍ਹਾਈਟ ਹਾਊਸ ਦੇ ਸਾਊਥ ਪੋਰਟੀਕੋ ’ਤੇ ਸ਼ੀ ਅਤੇ ਉਨ੍ਹਾਂ ਦੀ ਪਤਨੀ ਪੇਂਗ ਲਿਯੁਆਨ ਦਾ ਰਸਮੀ ਸਵਾਗਤ ਕੀਤਾ।
ਅਮਰੀਕੀ ਵਿੱਤ ਮੰਤਰੀ ਸਕਾਟ ਬੈਸੈਂਟ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਨੇ ਆਪਣੀ ਵਪਾਰ ਜੰਗਬੰਦੀ ਨੂੰ ਦੋ ਮਹੀਨੇ ਹੋਰ ਵਧਾਉਣ ’ਤੇ ਸਹਿਮਤੀ ਪ੍ਰਗਟਾਈ ਹੈ। ਇਸ ਨਾਲ ਦੋਵੇਂ ਦੇਸ਼ ਵੱਡੇ ਅਤੇ ਵਧੇਰੇ ਵਿਆਪਕ ਆਰਥਿਕ ਸਮਝੌਤੇ ’ਤੇ ਗੱਲਬਾਤ ਲਈ ਹੋਰ ਸਮਾਂ ਪ੍ਰਾਪਤ ਕਰ ਸਕਣਗੇ। ਜੰਗਬੰਦੀ ਦੀ ਮੌਜੂਦਾ ਮਿਆਦ 10 ਨਵੰਬਰ ਨੂੰ ਖ਼ਤਮ ਹੋਣੀ ਸੀ, ਜਿਸ ਨੂੰ ਹੁਣ 10 ਜਨਵਰੀ ਤੱਕ ਵਧਾਇਆ ਗਿਆ ਹੈ। ਬੈਸੈਂਟ ਨੇ ਦੱਸਿਆ ਕਿ ਦੋਵੇਂ ਦੇਸ਼ ਅਜੇ ਇਹ ਤੈਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੌਜੂਦਾ ਸਮਝੌਤੇ ਨੂੰ ਸਿਰਫ਼ ਅੱਗੇ ਵਧਾਇਆ ਜਾਵੇ ਜਾਂ ਇਸ ਦੀ ਥਾਂ ਇੱਕ ਵੱਡਾ ਆਰਥਿਕ ਪੈਕੇਜ ਤਿਆਰ ਕੀਤਾ ਜਾਵੇ। ਬੈਸੈਂਟ ਨੇ ਕਿਹਾ ਕਿ ਜਨਵਰੀ ਤੱਕ ਵੱਡਾ ਸਮਝੌਤਾ ਹੋਣ ਦੀ ਸੰਭਾਵਨਾ ’ਤੇ ਕੰਮ ਜਾਰੀ ਰਹੇਗਾ, ਪਰ ਜੇਕਰ ਦੋਵੇਂ ਪੱਖ ਇਸ ’ਤੇ ਸਹਿਮਤ ਨਾ ਹੋਏ ਤਾਂ ਮੌਜੂਦਾ ਵਿਵਸਥਾ ਨੂੰ ਮੁੜ ਅੱਗੇ ਵਧਾਇਆ ਜਾ ਸਕਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਮਰੀਕਾ ਪਹੁੰਚਣ ’ਤੇ ਖੁਦ ਹਵਾਈ ਅੱਡੇ ’ਤੇ ਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸ਼ੀ ਆਪਣੀ ਪਤਨੀ ਪੇਂਗ ਲਿਯੁਆਨ ਨਾਲ ਮੈਰੀਲੈਂਡ ਸਥਿਤ ਜੁਆਇੰਟ ਬੇਸ ਐਂਡਰਿਊਜ਼ ’ਤੇ ਜਹਾਜ਼ ਤੋਂ ਉਤਰੇ, ਜਿੱਥੇ ਟਰੰਪ ਅਤੇ ਮੇਲਾਨੀਆ ਟਰੰਪ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸ਼ੀ ਜਿਨਪਿੰਗ ਦੇ ਸਵਾਗਤ ਲਈ ਰੈੱਡ ਕਾਰਪਿਟ ਵਿਛਾਇਆ ਗਿਆ ਅਤੇ ਅਮਰੀਕੀ ਫੌਜ ਵਲੋਂ ਉਨ੍ਹਾਂ ਨੂੰ ਰਸਮੀ ਸਨਮਾਨ ਦਿੱਤਾ ਗਿਆ। ਇਸ ਮੌਕੇ ਦੋਵਾਂ ਰਾਸ਼ਟਰਪਤੀਆਂ ਨੇ ਹੱਥ ਮਿਲਾਇਆ ਅਤੇ ਕੁਝ ਸਮਾਂ ਆਪਸ ’ਚ ਗੱਲਬਾਤ ਕੀਤੀ। ਇਸ ਤੋਂ ਬਾਅਦ ਸ਼ੀ ਜਿਨਪਿੰਗ ਦੇ ਸਨਮਾਨ ’ਚ ਵ੍ਹਾਈਟ ਹਾਊਸ ਵਿਖੇ ਸਰਕਾਰੀ ਸਮਾਰੋਹ ਅਤੇ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ। ਇਹ 1962 ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਹਵਾਈ ਅੱਡੇ ’ਤੇ ਖੁਦ ਕਿਸੇ ਵਿਦੇਸ਼ੀ ਆਗੂ ਦਾ ਸਵਾਗਤ ਕੀਤਾ।