ਮਾਨਸਾ, 6 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟਾ ਦਾ ਕੱਲ੍ਹ 1 ਵਜੇ ਚਕੇਰੀਆਂ ਰੋਡ ਮਾਨਸਾ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ। ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦਾ 25 ਦਿਨਾਂ ਬਾਅਦ ਉਨ੍ਹਾਂ ਦੀ ਜੱਦੀ ਜ਼ਮੀਨ ’ਚ ਅੰਤਿਮ ਸਸਕਾਰ ਕੀਤਾ ਜਾਵੇਗਾ। ਸਸਕਾਰ ਤੋਂ ਪਹਿਲਾਂ ਜ਼ਮੀਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦਾ ਸਸਕਾਰ 26ਵੇਂ ਦਿਨ 7 ਨਵੰਬਰ ਨੂੰ ਬਾਅਦ ਦੁਪਹਿਰ ਇੱਥੇ ਚਕੇਰੀਆਂ ਰੋਡ ’ਤੇ ਉਨ੍ਹਾਂ ਦੇ ਖੇਤ ’ਚ ਹੀ ਕੀਤਾ ਜਾਵੇਗਾ। ਸਸਕਾਰ ਕਰਨ ਲਈ ਸੰਬੰਧੀਆਂ ਤੇ ਐਕਸ਼ਨ ਕਮੇਟੀ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ 13 ਅਕਤੂਬਰ ਨੂੰ ਦਿਨ-ਦਿਹਾੜੇ ਇਕ ਮੈਡੀਕਲ ਵਿਕਰੇਤਾ ਵਲੋਂ ਪਰਵਿੰਦਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਉਸ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਮਾਨਸਾ ਦੀ ਮੋਰਚਰੀ ’ਚ ਰੱਖੀ ਗਈ ਸੀ ਅਤੇ ਉਸੇ ਦਿਨ ਤੋਂ ਇਨਸਾਫ਼ ਲੈਣ ਲਈ ਪਰਿਵਾਰ ਤੇ ਐਕਸ਼ਨ ਕਮੇਟੀ ਦੇ ਸੱਦੇ ’ਤੇ ਸਥਾਨਕ ਤਿੰਨਕੋਨੀ ਨਜ਼ਦੀਕ ਧਰਨਾ ਲਗਾਇਆ ਹੋਇਆ ਸੀ, ਜੋ ਅੱਜ ਵੀ ਜਾਰੀ ਰਿਹਾ। ਪੰਜਾਬ ਸਰਕਾਰ ਦੇ 2 ਮੰਤਰੀਆਂ ਅਤੇ ਐਕਸ਼ਨ ਕਮੇਟੀ ’ਚ 2 ਦਿਨ ਪਹਿਲਾਂ ਮੰਗਾਂ ਸੰਬੰਧੀ ਹੋਏ ਸਮਝੌਤੇ ਉਪਰੰਤ ਬੀਤੀ ਰਾਤ ਝੋਟਾ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਪੀ.ਜੀ.ਆਈ. ਚੰਡੀਗੜ੍ਹ ਵਿਖੇ ਲਿਜਾਈ ਗਈ ਸੀ, ਜਿੱਥੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ।
ਸੰਭਾਵਨਾ ਹੈ ਕਿ ਦੇਰ ਰਾਤ ਜਾਂ ਸਵੇਰ ਵੇਲੇ ਮ੍ਰਿਤਕ ਦੇਹ ਮਾਨਸਾ ਪਹੁੰਚ ਜਾਵੇਗੀ। ਝੋਟੇ ਦੇ ਸਾਥੀ ਇੰਦਰਜੀਤ ਸਿੰਘ ਮੁਨਸ਼ੀ ਨੇ ਕਿਹਾ ਕਿ ਪਰਵਿੰਦਰ ਸਿੰਘ ਦੀ ਅੰਤਿਮ ਯਾਤਰਾ ’ਚ ਸ਼ਾਮਿਲ ਹੋਣ ਵਾਲਾ ਪੰਜਾਬ ਦਾ ਹਰ ਨੌਜਵਾਨ ਸੰਕਲਪ ਲੈ ਕੇ ਜਾਵੇ ਕਿ ਜ਼ਿੰਦਗੀ ’ਚ ਨਸ਼ਿਆਂ ਤੋਂ ਪਰਹੇਜ਼ ਕਰੇਗਾ ਅਤੇ ਪੰਜਾਬ ’ਚ ਵਿਕ ਰਹੇ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰੇਗਾ।