ਕੰਟਰੋਲ ਰੇਖਾ ’ਤੇ ਜੰਗਬੰਦੀ ਦੀ ਉਲੰਘਣਾ ਦੇ ਮਾਮਲੇ ਵਧੇ
ਰੱਖਿਆ ਮੰਤਰਾਲੇ ਨੇ ਸਾਲਾਨਾ ਰਿਪੋਰਟ ’ਚ ਦਿੱਤੀ ਜਾਣਕਾਰੀ
ਨਵੀਂ ਦਿੱਲੀ, 14 ਸਤੰਬਰ (ਏਜੰਸੀਆਂ)-ਚੀਨ ਨੇ 2025 ਦੌਰਾਨ ਭਾਰਤ ਦੀ ਉੱਤਰੀ ਸਰਹੱਦ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐਲ.ਏ.ਸੀ) ’ਤੇ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ) ਦੀ ਤਾਇਨਾਤੀ ਵਿਚ ਵੱਡੀ ਕਮੀ ਕੀਤੀ ਹੈ। ਹਾਲਾਂਕਿ, ਭਾਰਤੀ ਫ਼ੌਜ ਨੇ ਚੀਨੀ ਫੌਜ ਦੀ ਘਟੀ ਤਾਇਨਾਤੀ ਦੇ ਬਾਵਜੂਦ ਐਲ.ਏ.ਸੀ. ਦੇ ਸਾਰੇ ਸੈਕਟਰਾਂ ਵਿਚ ਆਪਣੀ ਤਿਆਰੀ ਨੂੰ ਮਜ਼ਬੂਤ ਰੱਖਿਆ ਹੈ। ਰੱਖਿਆ ਮੰਤਰਾਲੇ ਦੀ ਸਾਲਾਨਾ ਰਿਪੋਰਟ 2025-26 ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਿਕ ਐਲ.ਏ.ਸੀ. ਦੇ ਸਾਹਮਣੇ ਅਤੇ ਚੀਨ ਦੇ ਰਵਾਇਤੀ ਸਿਖਲਾਈ ਖੇਤਰਾਂ ’ਚ ਹੁਣ ਲਗਭਗ 10 ਕੰਬਾਈਂਡ ਆਰਮਜ਼ ਬ੍ਰਿਗੇਡਾਂ ਦੇ ਬਰਾਬਰ ਪੀ.ਐਲ.ਏ. ਦੀ ਤਾਇਨਾਤੀ ਰਹਿ ਗਈ ਹੈ। ਫ਼ੌਜ ਨੇ ਇਸ ਦੇ ਬਾਵਜੂਦ ਆਪਣੀ ਸਥਿਤੀ ਨੂੰ ‘ਮਜ਼ਬੂਤ, ਸੁਚੱਜੀ ਅਤੇ ਹਰ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਤਿਆਰ’ ਦੱਸਿਆ ਹੈ। ਰੱਖਿਆ ਮੰਤਰਾਲੇ ਅਨੁਸਾਰ ਭਾਰਤ ਅਤੇ ਚੀਨ ਵਿਚਾਲੇ ਲਗਾਤਾਰ ਸਿਆਸੀ, ਕੂਟਨੀਤਕ ਅਤੇ ਫ਼ੌਜੀ ਗੱਲਬਾਤ ਨਾਲ ਉੱਤਰੀ ਸਰਹੱਦ ’ਤੇ ਹਾਲਾਤ ਵਿਚ ਸੁਧਾਰ ਅਤੇ ਸਥਿਰਤਾ ਆਈ ਹੈ। ਸਰਹੱਦੀ ਮੁਲਾਕਾਤਾਂ ਦੌਰਾਨ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਮਾਹੌਲ ਨੂੰ ‘ਸੁਖਾਵਾਂ ਅਤੇ ਦੋਸਤਾਨਾ’ ਦੱਸਿਆ ਗਿਆ ਹੈ।
ਪਾਕਿਸਤਾਨੀ ਅੱਤਵਾਦ ’ਤੇ ਫ਼ੌਜ ਦਾ ਸਖ਼ਤ ਰੁਖ
ਚੀਨ ਦੇ ਮੋਰਚੇ ਦੇ ਮੁਕਾਬਲੇ ਪੱਛਮੀ ਸਰਹੱਦ ’ਤੇ ਭਾਰਤੀ ਫ਼ੌਜ ਦੀ ਚਿੰਤਾ ਕਾਫ਼ੀ ਵਧੇਰੇ ਗੰਭੀਰ ਬਣੀ ਹੋਈ ਹੈ। ਰਿਪੋਰਟ ਵਿਚ ਪਾਕਿਸਤਾਨ ਨੂੰ ਜੰਮੂ-ਕਸ਼ਮੀਰ ’ਚ ਜਾਰੀ ਅੱਤਵਾਦ ਦੀ ਚੁਣੌਤੀ ਦਾ ਮੁੱਖ ਕਾਰਕ ਦੱਸਿਆ ਗਿਆ ਹੈ। ਫੌਜ ਮੁਤਾਬਿਕ ਸਰਹੱਦ ਪਾਰੋਂ ਘੁਸਪੈਠ, ਦਹਿਸ਼ਤਗਰਦੀ ਅਤੇ ਜੰਗਬੰਦੀ ਦੀ ਉਲੰਘਣਾ ਰਾਹੀਂ ਪਾਕਿਸਤਾਨ ਦੀ ਪ੍ਰੌਕਸੀ ਜੰਗ ਜਾਰੀ ਹੈ। 2025 ਦੌਰਾਨ ਜੰਮੂ-ਕਸ਼ਮੀਰ ਵਿਚ ਅੱਤਵਾਦ ਵਿਰੋਧੀ ਕਾਰਵਾਈਆਂ ਵਿਚ 19 ਅੱਤਵਾਦੀ ਮਾਰੇ ਗਏ, ਜਿਨ੍ਹਾਂ ਵਿਚ 8 ਪਾਕਿਸਤਾਨੀ ਸਨ। ਫ਼ੌਜ ਨੇ ਕਿਹਾ ਕਿ ਇਹ ਅੰਕੜਾ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਪਾਕਿਸਤਾਨ ਦੀ ਪ੍ਰੌਕਸੀ ਜੰਗ ਵਿੱਚ ਭੂਮਿਕਾ ਨੂੰ ਸਪਸ਼ਟ ਕਰਦਾ ਹੈ। ਕੰਟਰੋਲ ਰੇਖਾ (ਐਲ.ਓ.ਸੀ) ’ਤੇ 2025 ਵਿਚ ਘੁਸਪੈਠ ਦੀਆਂ ਛੇ ਕੋਸ਼ਿਸ਼ਾਂ ਨਾਕਾਮ ਕੀਤੀਆਂ ਗਈਆਂ ਅਤੇ 12 ਪਾਕਿਸਤਾਨੀ ਅੱਤਵਾਦੀ ਮਾਰੇ ਗਏ। ਭਾਵੇਂ ਘੁਸਪੈਠ ਦੀਆਂ ਕੋਸ਼ਿਸ਼ਾਂ ਪਿਛਲੇ ਸਾਲਾਂ ਦੇ ਮੁਕਾਬਲੇ ਘਟੀਆਂ ਹਨ, ਪਰ ਫ਼ੌਜ ਦਾ ਕਹਿਣਾ ਹੈ ਕਿ ਅੱਤਵਾਦ ਦਾ ਖ਼ਤਰਾ ਹੁਣ ਨਵਾਂ ਰੂਪ ਧਾਰ ਰਿਹਾ ਹੈ। ਕੌਮਾਂਤਰੀ ਸਰਹੱਦ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਸਮੇਤ ਹੋਰ ਜੰਗੀ ਸਮੱਗਰੀ ਦੀ ਤਸਕਰੀ ਵੱਲ ਅੱਤਵਾਦੀ ਨੈੱਟਵਰਕਾਂ ਦਾ ਰੁਝਾਨ ਵਧਿਆ ਹੈ।
ਜੰਗਬੰਦੀ ਉਲੰਘਣਾ ’ਚ ਭਾਰੀ ਵਾਧਾ
2025 ਵਿਚ ਐਲ.ਓ.ਸੀ. ’ਤੇ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਵਿਚ ਅਚਾਨਕ ਵਾਧਾ ਦਰਜ ਕੀਤਾ ਗਿਆ। ਫ਼ੌਜ ਮੁਤਾਬਿਕ ਪੂਰੇ ਸਾਲ ਦੌਰਾਨ ਜੰਗਬੰਦੀ ਦੀ 163 ਵਾਰ ਉਲੰਘਣਾ ਹੋਈ, ਜਦੋਂਕਿ 2024 ਵਿਚ ਇਹ ਗਿਣਤੀ ਸਿਰਫ਼ ਦੋ ਸੀ। ਇਨ੍ਹਾਂ ’ਚੋਂ 124 ਵਾਰ ਉਲੰਘਣਾ ‘ਆਪ੍ਰੇਸ਼ਨ ਸੰਧੂਰ’ ਦੌਰਾਨ ਹੋਈ।
ਸਥਾਨਕ ਨੌਜਵਾਨਾਂ ਦਾ ਅੱਤਵਾਦ ਤੋਂ ਮੋਹ ਭੰਗ
ਰਿਪੋਰਟ ਵਿਚ ਜੰਮੂ-ਕਸ਼ਮੀਰ ਨਾਲ ਜੁੜੀ ਇੱਕ ਮਹੱਤਵਪੂਰਨ ਤਬਦੀਲੀ ਵੱਲ ਵੀ ਧਿਆਨ ਦਿਵਾਇਆ ਗਿਆ ਹੈ। 2025 ਵਿਚ ਸਿਰਫ਼ ਇੱਕ ਸਥਾਨਕ ਨੌਜਵਾਨ ਦੇ ਅੱਤਵਾਦੀ ਸੰਗਠਨਾਂ ਵਿਚ ਸ਼ਾਮਿਲ ਹੋਣ ਦੀ ਗੱਲ ਸਾਹਮਣੇ ਆਈ। ਫ਼ੌਜ ਮੁਤਾਬਿਕ ਨੌਜਵਾਨਾਂ ਨੇ ਹਿੰਸਾ ਦਾ ਰਾਹ ਛੱਡ ਕੇ ਵਿਕਾਸ ਅਤੇ ਸਰਕਾਰੀ ਯੋਜਨਾਵਾਂ ਵੱਲ ਰੁਝਾਨ ਵਧਾਇਆ ਹੈ।
ਡਰੋਨ ਬਣੇ ਨਵੀਂ ਚੁਣੌਤੀ
ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਡਰੋਨਾਂ ਦੀ ਘੁਸਪੈਠ ਸੁਰੱਖਿਆ ਬਲਾਂ ਲਈ ਨਵੀਂ ਚੁਣੌਤੀ ਬਣ ਕੇ ਉੱਭਰੀ ਹੈ। ਜੰਮੂ-ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਵਿਚ 2025 ਦੌਰਾਨ 863 ਡਰੋਨ ਘੁਸਪੈਠ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਸੁਰੱਖਿਆ ਬਲਾਂ ਨੇ ਇਨ੍ਹਾਂ ’ਚੋਂ 237 ਡਰੋਨ ਡੇਗੇ। ਫੌਜ ਮੁਤਾਬਿਕ ਡਰੋਨਾਂ ਦੀ ਵਰਤੋਂ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਹੋਰ ਜੰਗੀ ਸਮੱਗਰੀ ਨੂੰ ਭਾਰਤੀ ਖੇਤਰ ਵਿਚ ਪਹੁੰਚਾਉਣ ਲਈ ਕੀਤੀ ਜਾ ਰਹੀ ਹੈ। ਇਸ ਨਾਲ ਪਾਕਿਸਤਾਨ-ਆਧਾਰਿਤ ਨੈੱਟਵਰਕਾਂ ਵਲੋਂ ਸਰਹੱਦ ਪਾਰੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦਾ ਰੂਪ ਹੋਰ ਤਕਨੀਕੀ ਅਤੇ ਗੁੰਝਲਦਾਰ ਹੋ ਰਿਹਾ ਹੈ।
ਸੈਰ-ਸਪਾਟੇ ਨੇ ਦਿੱਤਾ ਆਮ ਹਾਲਾਤ ਦਾ ਸੰਕੇਤ
ਪਹਿਲਗਾਮ ਹਮਲੇ ਅਤੇ ‘ਆਪ੍ਰੇਸ਼ਨ ਸੰਧੂਰ’ ਦੌਰਾਨ ਤਣਾਅ ਵਧਣ ਦੇ ਬਾਵਜੂਦ ਜੰਮੂ-ਕਸ਼ਮੀਰ ਵਿਚ ਆਮ ਜਨਜੀਵਨ ਅਤੇ ਸੈਰ-ਸਪਾਟੇ ਵਿਚ ਸੁਧਾਰ ਦੇ ਸੰਕੇਤ ਮਿਲੇ। 2025 ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਲਗਭਗ 2.3 ਕਰੋੜ ਸੈਲਾਨੀ ਪਹੁੰਚੇ, ਜਦਕਿ 4.13 ਲੱਖ ਸ਼ਰਧਾਲੂਆਂ ਨੇ ਸ੍ਰੀ ਅਮਰਨਾਥ ਯਾਤਰਾ ਵਿਚ ਹਿੱਸਾ ਲਿਆ।