ਮਗਰਲੇ ਸਮੇਂ ਦੌਰਾਨ ਪੁਲਿਸ ਨੂੰ ਮਿਲੀਆਂ ਸਫਲਤਾਵਾਂ ਦੇ ਅੰਕੜੇ ਵੀ ਕੀਤੇ ਪੇਸ਼
ਕੋਲੇ ਦੀ ਸਪਲਾਈ ਦਾ ਮਸਲਾ ਹੱਲ ਹੋ ਗਿਆ ਹੈ
79784 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ- ਡੀ.ਜੀ.ਪੀ
ਹਰਕਵਲਜੀਤ ਸਿੰਘ
ਚੰਡੀਗੜ੍ਹ, 14 ਸਤੰਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਥੇ ਆਪਣੇ ਨਿਵਾਸ ਅਸਥਾਨ ’ਤੇ ਇਕ ਪੱਤਰਕਾਰ ਸੰਮੇਲਨ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਵਲੋਂ ਮਗਰਲੇ ਸਮੇਂ ਦੌਰਾਨ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸੂਬੇ ’ਚੋਂ ਗੈਂਗਸਟਰਵਾਦ ਅਤੇ ਨਸ਼ਿਆਂ ਦੇ ਵਪਾਰ ਦੇ ਖਾਤਮੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ 532 ਕਿਲੋਮੀਟਰ ਦੀ ਕੌਮਾਂਤਰੀ ਸਰਹੱਦ ’ਤੇ ਪੰਜਾਬ ਪੁਲਿਸ, ਸੀਮਾ ਸੁਰੱਖਿਆ ਬਲਾਂ ਨਾਲ ਮਿਲ ਕੇ ਬਾਹਰੋਂ ਨਸ਼ਾ ਤਸਕਰੀ ਦੀਆਂ ਕੋਸ਼ਿਸ਼ਾਂ ’ਤੇ ਨਜ਼ਰ ਰੱਖਦੀ ਹੈ ਪ੍ਰੰਤੂ ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦ ’ਤੇ ਤਾਂ ਹੁਣ ਨਸ਼ਾ ਡਰੋਨਾਂ ਰਾਹੀਂ ਕਿੱਲੋ-ਕਿੱਲੋ ਦੇ ਪੈਕਟਾਂ ਵਿਚ ਆ ਰਿਹਾ ਹੈ ਲੇਕਿਨ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਜੋ ਕੁਇੰਟਲਾਂ ਵਿਚ ਹੁੰਦੀਆਂ ਹਨ ਉਹ ਗੁਜਰਾਤ ਦੀ ਬੰਦਰਗਾਹ ਰਾਹੀਂ ਦੇਸ਼ ਦੇ ਰਾਜਾਂ ਤਕ ਪੁੱਜ ਰਹੀਆਂ ਹਨ, ਜਿਨ੍ਹਾਂ ਨੂੰ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ ਰੋਕਣਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਰਾਹੀਂ ਸਾਲਾਨਾ ਕੋਈ 3 ਹਜ਼ਾਰ ਕਿੱਲੋ ਹੈਰੋਇਨ ਆਉਣ ਦੀਆਂ ਰਿਪੋਰਟਾਂ ਹਨ ਅਤੇ ਗੁਜਰਾਤ ਤੇ ਮੱਧ ਪ੍ਰਦੇਸ਼ ਸਮੇਤ ਦੂਜੇ ਰਾਜਾਂ ’ਚ ਨਸ਼ਿਆਂ ਦੇ ਵਪਾਰ ਬਾਰੇ ਕੋਈ ਬੋਲ ਨਹੀਂ ਰਿਹਾ ਜਦੋਂ ਕਿ ਪੰਜਾਬ ਉਨ੍ਹਾਂ ਰਾਜਾਂ ਤੋਂ ਵੀ ਤਸਕਰਾਂ ਤੇ ਹਥਿਆਰਾਂ ਦੇ ਵਪਾਰੀਆਂ ਨੂੰ ਫੜ ਰਹੀ ਹੈ। ਪੰਜਾਬ ਭਾਜਪਾ ਜਿਸ ਵਲੋਂ ਸੂਬੇ ਵਿਚ ਨਸ਼ਿਆਂ ਅਤੇ ਅਮਨ ਕਾਨੂੰਨ ਦੀ ਸਥਿਤੀ ਸੰਬੰਧੀ ਯਾਤਰਾ ਕੱਢੀ ਜਾ ਰਹੀ ਹੈ ’ਤੇ ਸਿੱਧੇ ਤੌਰ ’ਤੇ ਟਿੱਪਣੀ ਕੀਤੇ ਬਿਨਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਕੱਲਾ ਪੰਜਾਬ ਦੇਸ਼ ’ਚ ਆ ਰਹੀ ਹੈਰੋਇਨ ਦਾ 60 ਪ੍ਰਤੀਸ਼ਤ ਫੜ ਰਿਹਾ ਹੈ ਅਤੇ ਕੌਮੀ ਪੱਧਰ ਦੀਆਂ ਸਾਰੀਆਂ ਮੀਟਿੰਗਾਂ ਦੌਰਾਨ ਰਾਜ 532 ਕਿੱਲੋਮੀਟਰ ਦੀ ਸਰਹੱਦ ਕਾਰਨ ਰਾਜ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕਰਦਾ ਰਿਹਾ ਹੈ ਲੇਕਿਨ ਕੇਂਦਰ ਨੇ ਹਮੇਸ਼ਾ ਪੰਜਾਬ ਨਾਲ ਰੱਫੜ ਪਾ ਕੇ ਰੱਖਣ ਅਤੇ ਪੰਜਾਬ ਨਾਲ ਧੱਕੇ ਕਰਨ ਦੀ ਨੀਤੀ ’ਤੇ ਹੀ ਕੰਮ ਕੀਤਾ ਹੈ। ਕਦੇ ਸਾਡੀ ਰਾਜਧਾਨੀ ਚੰਡੀਗੜ੍ਹ ’ਤੇ ਅਧਿਕਾਰ ਬਣਾਉਣ, ਕਦੇ ਪੰਜਾਬ ਯੂਨੀਵਰਸਿਟੀ ’ਚੋਂ ਪੰਜਾਬੀਆਂ ਨੂੰ ਕੱਢਣ, ਕਦੇ ਦਰਿਆਈ ਪਾਣੀਆਂ ਤੇ ਡੈਮਾਂ ਦੇ ਮੁੱਦੇ ’ਤੇ ਧੱਕੇ ਕਰਨ ਅਤੇ ਕਦੇ ਖੇਤੀ ਖੇਤਰ ਨਾਲ ਟਕਰਾਅ ਕਾਰਨ ਪੰਜਾਬ ਨੂੰ ਹਮੇਸ਼ਾ ਉਲਝਾਈ ਰੱਖਿਆ ਹੈ। ਉਨ੍ਹਾਂ ਕਿਹਾ ਪੰਜਾਬ ਦੇਸ਼ ’ਚੋਂ ਬੀਜਾਂ ਦਾ ਸਭ ਤੋਂ ਵੱਡਾ ਖ਼ਪਤਕਾਰ ਹੈ। ਲੇਕਿਨ ਹੁਣ ਬੀਜ ਐਕਟ ਲਈ ਬਣਾਈ ਕਮੇਟੀ ’ਚ ਪੰਜਾਬ ਨੂੰ ਕੋਈ ਨੁਮਾਇੰਦਗੀ ਨਹੀਂ ਦਿੱਤੀ ਗਈ। ਮੁੱਖ ਮੰਤਰੀ ਕਿਹਾ ਕਿ ਸਾਨੂੰ ਕੇਵਲ ਹਿੰਦ-ਪਾਕਿ ਸਰਹੱਦ ’ਤੇ ਹੀ ਪੁਲਿਸ ਦੀ ਤਾਇਨਾਤੀ ਨਹੀਂ ਕਰਨੀ ਪੈਂਦੀ ਬਲਕਿ ਦੂਜੇ ਰਾਜਾਂ ਤੋਂ ਪੰਜਾਬ ਵਿਚ ਵਿਕਣ ਲਈ ਆਉਣ ਵਾਲੀ ਕਣਕ ਤੇ ਝੋਨੇ ਨੂੰ ਰੋਕਣ ਲਈ ਦੂਜੇ ਪਾਸੇ ਦੀਆਂ ਸਰਹੱਦਾਂ ਵੀ ਸੀਲ ਰੱਖਣੀਆਂ ਪੈਂਦੀਆਂ ਹਨ। ਮੁੱਖ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਗੱਡੀ ਵਿਚ ਹੀ ਇਕ ਪੱਗ ਰੱਖੀ ਹੋਈ ਹੈ ਅਤੇ ਸਿਰ ’ਤੇ ਪੱਗ ਰੱਖ ਕੇ ਪੰਜਾਬ ਵਿਚ ਆ ਕੇ ਉਹ ਪੰਜਾਬ ਪ੍ਰਸਤ ਹੋਣ ਦੇ ਡਰਾਮੇ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਉਨ੍ਹਾਂ ਦੀ ਪੱਗ ਵੇਖ ਕੇ ਗੁੰਮਰਾਹ ਹੋਣ ਵਾਲੇ ਨਹੀਂ ਹਨ। ਪੰਜਾਬ ਵਿਚ ਬੀਤੇ ਦਿਨੀਂ ਆਏ ਬਿਜਲੀ ਸੰਕਟ ਸੰਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਸੰਕਟ ਦਾ ਕਾਰਨ ਰਾਜ ਨੂੰ ਕੋਲੇ ਦੀ ਸਪਲਾਈ ਦਾ ਬੰਦ ਹੋਣਾ ਸੀ,ਜੋ ਕਿ ਕੋਲਾ ਖਾਣਾਂ ’ਚ ਹੜ੍ਹਾਂ ਦਾ ਪਾਣੀ ਆਉਣ ਕਾਰਨ ਕੁੱਝ ਦਿਨ ਸਪਲਾਈ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨਾਲ ਉਨ੍ਹਾਂ ਗੱਲ ਕੀਤੀ ਹੈ ਤੇ ਸਪਲਾਈ ਬਹਾਲ ਹੋ ਗਈ ਅਤੇ ਆਉਂਦੇ ਦਿਨਾਂ ਦੌਰਾਨ ਹੁਣ ਮੁਸ਼ਕਿਲ ਨਹੀਂ ਆਵੇਗੀ। ਲੇਕਿਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ੀ ਵਾਲੀ ਗੱਲ ਇਹ ਹੈ ਕਿ ਨਹਿਰੀ ਪਾਣੀ ਦੀ ਸਪਲਾਈ ਹੁਣ 22 ਪ੍ਰਤੀਸ਼ਤ ਤੋਂ ਵੱਧ ਕੇ 88 ਪ੍ਰਤੀਸ਼ਤ ਹੋ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਰੇ ਕੰਮ ਚੁਟਕਲੇ ਸੁਣਾ ਕੇ ਤਾਂ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਮਾਲਵੇ ਤੋਂ ਕੈਂਸਰ ਦੇ ਮਰੀਜ਼ ਜੋ ਇਲਾਜ ਲਈ ਬੀਕਾਨੇਰ ਰਾਜਸਥਾਨ ਗੱਡੀ ’ਤੇ ਜਾਂਦੇ ਸਨ ਹੁਣ ਰਾਜਸਥਾਨ ਦੇ ਕੈਂਸਰ ਦੇ ਮਰੀਜ਼ ਇਲਾਜ ਲਈ ਪੰਜਾਬ ਆ ਰਹੇ ਹਨ। ਇਹ ਬਿਹਤਰ ਸਹੂਲਤਾਂ ਕਾਰਨ ਹੀ ਸੰਭਵ ਹੋ ਰਿਹਾ ਹੈ। ਪੱਤਰਕਾਰ ਸੰਮੇਲਨ ਵਿਚ ਹਾਜ਼ਰ ਰਾਜ ਦੇ ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਰਾਜ ਦੀ ਪੁਲਿਸ ਵਲੋਂ ਇਕ ਸਾਲ ਵਿਚ 10 ਗੈਂਗਸਟਰ ਵਿਦੇਸ਼ਾਂ ਤੋਂ ਫੜ੍ਹ ਕੇ ਲਿਆਂਦੇ ਹਨ ਅਤੇ ਗੈਂਗਸਟਰਾਂ ਨੂੰ ਸਪਸ਼ਟ ਹੋ ਗਿਆ ਹੈ ਕਿ ਉਹ ਦੁਨੀਆਂ ਦੇ ਕਿਸੇ ਕੋਨੇ ਵਿਚ ਵੀ ਲੁੱਕ ਨਹੀਂ ਸਕਦੇ । ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ 60,582 ਪੁਲਿਸ ਕੇਸ ਦਰਜ ਕੀਤੇ ਗਏ ਹਨ ਅਤੇ ਉਨ੍ਹਾਂ ਦੀਆਂ 366 ਕਰੋੜ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 102 ਹਵਾਲਾ ਕਾਰੋਬਾਰੀਆਂ ਨੂੰ ਗ੍ਰਿਫ਼ਤਾਰ ਕਰਕੇ 11 ਕਰੋੜ ਰੁਪਏ ਫੜੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਹੱਦ ਤੋਂ 952 ਡਰੋਨ ਵੀ ਫੜੇ ਗਏ ਹਨ ਅਤੇ ਹੁਣ ਤੱਕ 686 ਅੱਤਵਾਦੀ ਵੀ ਗ੍ਰਿਫ਼ਤਾਰ ਹੋਏ ਹਨ। ਉਨ੍ਹਾਂ ਦੱਸਿਆ ਕਿ ਮਾਰਚ 2025 ਤੋਂ ਨਵੰਬਰ 2026 ਤੱਕ 3803 ਕਿਲੋ ਹੈਰੋਇਨ ਵੀ ਫੜੀ ਗਈ ਹੈ ਜੋ ਕਿ ਰਿਕਾਰਡ ਹੈ। ਡੀ.ਜੀ.ਪੀ ਨੇ ਦੱਸਿਆ ਕਿ ਨਸ਼ਾ ਤਸਕਰਾਂ ਸੰਬੰਧੀ ਅਦਾਲਤਾਂ ’ਚ ਗਏ 11981 ਕੇਸਾਂ ’ਚੋਂ 89 ਪ੍ਰਤੀਸ਼ਤ ਕੇਸਾਂ ਵਿਚ ਸਜ਼ਾਵਾਂ ਸੁਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੋ 79,784 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਉਨ੍ਹਾਂ ’ਚ 708 ਵੱਡੀਆਂ ਮੱਛੀਆਂ ਹਨ।