ਰੁਦਰਪੁਰ, 10 ਸਤੰਬਰ (ਪੀ.ਟੀ.ਆਈ.)-ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਨਬੀਨ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ 1984 ਦੇ ਦੰਗਿਆਂ ਨੂੰ ਕਦੇ ਨਹੀਂ ਭੁੱਲੇਗਾ ਜਿਨ੍ਹਾਂ ’ਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ, ਅਤੇ ਨਾ ਹੀ ਭਾਜਪਾ ਦੰਗਾਕਾਰੀਆਂ ਨੂੰ ਕਦੇ ਮੁਆਫ਼ ਕਰੇਗੀ। ਉੱਤਰਾਖੰਡ ਦੇ ਰੁਦਰਪੁਰ ਵਿਖੇ ‘ਪੰਜਾਬੀ ਗੌਰਵ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਨਬੀਨ ਨੇ 1984 ਦੀ ਤ੍ਰਾਸਦੀ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਉਸ ਦੌਰ ਦੇ ਦਰਦ ਨੂੰ ਬਿਆਨ ਕਰਨ ਲਈ ਸ਼ਬਦ ਘੱਟ ਪੈ ਜਾਂਦੇ ਹਨ, ਪਰ “ਅਸੀਂ ਉਸ ਪੀੜਾ ਦਾ ਅਹਿਸਾਸ ਤੁਹਾਡੇ ਸਾਰਿਆਂ ਦੇ ਚਿਹਰਿਆਂ ’ਤੇ ਦੇਖਿਆ ਹੈ। ਰਾਜ ਸਭਾ ਮੈਂਬਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਿਰਦੋਸ਼ ਸਿੱਖਾਂ ਨਾਲ ਹੋਏ ਭਾਰੀ ਅਨਿਆਂ ਦੇ ਬਾਵਜੂਦ, ਲਗਭਗ ਤਿੰਨ ਦਹਾਕਿਆਂ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਤੇ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ ਗਈ। ਨਬੀਨ ਨੇ ਭਾਈਚਾਰੇ ਦੇ ਹੌਂਸਲੇ ਅਤੇ ਸਬਰ ਦੀ ਵੀ ਸ਼ਲਾਘਾ ਕੀਤੀ ਤੇ ਮੰਨਿਆ ਕਿ ਵੰਡ ਦੌਰਾਨ ਪੰਜਾਬੀ ਅਤੇ ਸਿੱਖ ਸਮਾਜ ਨੇ ਸਭ ਤੋਂ ਵੱਡਾ ਦਰਦ ਝੱਲਿਆ ਸੀ।