ਮੱਤੇਵਾਲ (ਅੰਮ੍ਰਿਤਸਰ), 2 ਸਤੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਸਥਾਨਕ ਕਸਬਾ ਮੱਤੇਵਾਲ ’ਚ ਇਕ ਵਿਅਕਤੀ ਵਲੋਂ ਆਪਣੀ ਧੀ ਦਾ ਅਣਖ਼ ਦੀ ਖਾਤਰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਵਲੋਂ ਕਤਲ ਕਰਨ ਤੋਂ ਬਾਅਦ ਧੀ ਦੀ ਲਾਸ਼ ਨੂੰ ਘਰ ਦੇ ਪਿਛਲੇ ਹਿੱਸੇ ਵਿਚ ਜ਼ਮੀਨ ’ਚ ਦਫਨਾਇਆ ਗਿਆ ਸੀ। ਲੜਕੀ ਦੀ ਮਾਤਾ ਸਰਬਜੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀਆਂ ਤਿੰਨ ਲੜਕੀਆਂ ਅਤੇ ਇਕ ਲੜਕਾ ਹੈ। ਜਿਨ੍ਹਾਂ ’ਚੋਂ ਉਸ ਦੀ ਸਭ ਤੋਂ ਛੋਟੀ ਲੜਕੀ ਨੇ ਪ੍ਰੇਮ ਵਿਆਹ ਕਰਵਾ ਲਿਆ ਸੀ, ਜਿਸ ਨੂੰ ਲੈ ਕੇ ਘਰ ਵਿਚ ਕਲੇਸ਼ ਚੱਲ ਰਿਹਾ ਸੀ ਅਤੇ ਸਰਬਜੀਤ ਕੌਰ ਪਿਛਲੇ ਕੁਝ ਦਿਨਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ।
ਉਸ ਨੇ ਦੱਸਿਆ ਕਿ ਉਸ ਦੀ ਵਿਚਕਾਰਲੀ ਲੜਕੀ ਨਵਨੀਤ ਕੌਰ ਆਪਣੇ ਪਿਤਾ ਕੋਲ ਰਹਿ ਰਹੀ ਸੀ। ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੀ ਆਪਣੀ ਲੜਕੀ ਨਵਨੀਤ ਕੌਰ ਨਾਲ ਆਖਰੀ ਵਾਰ ਸੋਮਵਾਰ ਸਵੇਰੇ ਗੱਲ ਹੋਈ ਸੀ। ਜਿਸ ਦੌਰਾਨ ਉਸ ਨੇ ਦੱਸਿਆ ਕਿ ਉਸ ਦਾ ਪਿਤਾ ਹਰਦਿਆਲ ਸਿੰਘ ਘਰ ਦੇ ਪਿਛਲੇ ਪਾਸੇ ਇਕ ਟੋਇਆ ਪੁੱਟ ਰਿਹਾ ਹੈ ਅਤੇ ਉਸ ਤੋਂ ਬਾਅਦ ਉਸ ਦਾ ਫ਼ੋਨ ਬੰਦ ਹੋ ਗਿਆ। ਜਿਸ ਤੋਂ ਬਾਅਦ ਉਸ ਨੇ ਆਪਣੇ ਪਤੀ ਨੂੰ ਨਵਨੀਤ ਬਾਰੇ ਪੁੱਛਿਆ ਤਾਂ ਹਰਦਿਆਲ ਸਿੰਘ ਨੇ ਦੱਸਿਆ ਕਿ ਉਸ ਨੂੰ ਮੈਂ ਕਿਸੇ ਰਿਸ਼ਤੇਦਾਰ ਕੋਲ ਭੇਜ ਦਿੱਤਾ ਹੈ, ਪਰ ਉਸ ਨੂੰ ਸ਼ੱਕ ਸੀ ਕਿ ਉਸ ਦੇ ਪਤੀ ਨੇ ਨਵਨੀਤ ਕੌਰ ਨੂੰ ਮਾਰ ਦਿੱਤਾ ਹੈ
ਅਤੇ ਇਸ ਦੀ ਇਤਲਾਹ ਉਸ ਨੇ ਪੁਲਿਸ ਨੂੰ ਦਿੱਤੀ। ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਸ਼ੱਕ ਸੀ ਕਿ ਉਸ ਦੀ ਲੜਕੀ ਨਵਨੀਤ ਕੌਰ ਦੀ ਬਾਹਰ ਕਿਸੇ ਲੜਕੇ ਨਾਲ ਗੱਲਬਾਤ ਸੀ, ਜਿਸ ਕਰਕੇ ਉਸ ਨੇ ਆਪਣੀ ਹੀ ਲੜਕੀ ਦਾ ਕਤਲ ਕਰ ਦਿੱਤਾ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਘਰੋਂ ਫਰਾਰ ਸੀ। ਥਾਣਾ ਮੱਤੇਵਾਲ ਦੇ ਮੁਖੀ ਸਬ ਇੰਸਪੈਕਟਰ ਦਲਜੀਤ ਸਿੰਘ ਦੀ ਅਗਵਾਈ ਹੇਠ ਫੋਰੈਂਸਿਕ ਟੀਮ ਵਾਰਦਾਤ ਵਾਲੀ ਜਗ੍ਹਾ ਪਹੁੰਚੀ ਅਤੇ ਪੁਲਿਸ ਨੇ ਕਾਰਵਾਈ ਕਰਦਿਆਂ ਅੱਜ ਲੜਕੀ ਨਵਨੀਤ ਕੌਰ ਦੀ ਲਾਸ਼ ਨੂੰ ਘਰ ਦੇ ਪਿਛਲੇ ਪਾਸਿਓ ਜੇ.ਸੀ.ਬੀ ਦੀ ਮਦਦ ਦੇ ਨਾਲ ਬਾਹਰ ਕੱਢਿਆ। ਥਾਣਾ ਮੁਖੀ ਨੇ ਦੱਸਿਆ ਕਿ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਪਰਚਾ ਦਰਜ ਕਰਕੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।