03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮੁਹਾਲੀ ’ਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਸੈਮੀਫਾਈਨਲ ਅੱਜ

ਭਾਰਤ ਤੇ ਦੱਖਣੀ ਕੋਰੀਆ ਅਤੇ ਜਪਾਨ ਤੇ ਮਲੇਸ਼ੀਆ ਵਿਚਾਲੇ ਹੋਵੇਗਾ ਸਖ਼ਤ ਮੁਕਾਬਲਾ ਐੱਸ.ਏ.ਐੱਸ. ਨਗਰ, 3 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਦੀ ਧਰਤੀ ’ਤੇ ਪਹਿਲੀ ਵਾਰ ਖੇਡੇ ਜਾ ਰਹੇ ਕੌਮਾਂਤਰੀ ਹਾਕੀ ਟੂਰਨਾਮੈਂਟ ‘ਏਸ਼ੀਅਨ ਚੈਂਪੀਅਨਜ਼ ਟਰਾਫ਼ੀ’ ਦੇ ਜਲੰਧਰ ਵਿਖੇ ਲੀਗ ਮੈਚਾਂ ਦੇ ਸਫ਼ਲ ਪ੍ਰਬੰਧਨ ਤੋਂ ਬਾਅਦ ਹੁਣ ਇਸ ਟੂਰਨਾਮੈਂਟ ਦਾ ਦੂਜਾ ਮੇਜ਼ਬਾਨ ਸ਼ਹਿਰ ਮੁਹਾਲੀ ਨਾਕ ਆਊਟ ਮੁਕਾਬਲਿਆਂ ਲਈ ਪੂਰੀ ਤਰ੍ਹਾਂ ਤਿਆਰ ਹੈ। 4 ਨਵੰਬਰ ਨੂੰ ਸੈਮੀਫਾਈਨਲ ਤੇ 5ਵੀਂ ਪੁਜ਼ੀਸ਼ਨ ਦੇ ਮੈਚ ਨਾਲ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਕੌਮਾਂਤਰੀ ਹਾਕੀ ਨਕਸ਼ੇ ...

ਅਜੀਤ ਡੈਸਕ 03-11-2026

ਐੱਸ.ਏ.ਐੱਸ. ਨਗਰ, 3 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਦੀ ਧਰਤੀ ’ਤੇ ਪਹਿਲੀ ਵਾਰ ਖੇਡੇ ਜਾ ਰਹੇ ਕੌਮਾਂਤਰੀ ਹਾਕੀ ਟੂਰਨਾਮੈਂਟ ‘ਏਸ਼ੀਅਨ ਚੈਂਪੀਅਨਜ਼ ਟਰਾਫ਼ੀ’ ਦੇ ਜਲੰਧਰ ਵਿਖੇ ਲੀਗ ਮੈਚਾਂ ਦੇ ਸਫ਼ਲ ਪ੍ਰਬੰਧਨ ਤੋਂ ਬਾਅਦ ਹੁਣ ਇਸ ਟੂਰਨਾਮੈਂਟ ਦਾ ਦੂਜਾ ਮੇਜ਼ਬਾਨ ਸ਼ਹਿਰ ਮੁਹਾਲੀ ਨਾਕ ਆਊਟ ਮੁਕਾਬਲਿਆਂ ਲਈ ਪੂਰੀ ਤਰ੍ਹਾਂ ਤਿਆਰ ਹੈ। 4 ਨਵੰਬਰ ਨੂੰ ਸੈਮੀਫਾਈਨਲ ਤੇ 5ਵੀਂ ਪੁਜ਼ੀਸ਼ਨ ਦੇ ਮੈਚ ਨਾਲ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਕੌਮਾਂਤਰੀ ਹਾਕੀ ਨਕਸ਼ੇ ’ਤੇ ਆਪਣੀ ਹਾਜ਼ਰੀ ਦਰਜ ਕਰਾਏਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਵਿਚ ਜਿਥੇ ਪਹਿਲੀ ਵਾਰ ਕੋਈ ਕੌਮਾਂਤਰੀ ਹਾਕੀ ਟੂਰਨਾਮੈਂਟ ਹੋ ਰਿਹਾ ਹੈ, ਉਥੇ ਮੁਹਾਲੀ ਦੇ ਇਸ ਸਟੇਡੀਅਮ ਵਿਚ ਪਹਿਲੀ ਵਾਰ ਕੋਈ ਕੌਮਾਂਤਰੀ ਹਾਕੀ ਮੈਚ ਖੇਡਿਆ ਜਾ ਰਿਹਾ ਹੈ।

ਜਲੰਧਰ ਵਿਖੇ ਲੀਗ ਸਟੇਜ ਵਿਚ ਭਾਰਤ ਪਹਿਲੇ, ਜਪਾਨ ਦੂਜੇ, ਮਲੇਸ਼ੀਆ ਤੀਜੇ, ਦੱਖਣੀ ਕੋਰੀਆ ਚੌਥੇ, ਚੀਨ ਪੰਜਵੇਂ ਤੇ ਬੰਗਲਾਦੇਸ਼ ਛੇਵੇਂ ਸਥਾਨ ’ਤੇ ਰਿਹਾ ਸੀ। 4 ਨਵੰਬਰ ਨੂੰ ਨਾਕ ਆਊਟ ਸਟੇਜ ਦੇ ਤਿੰਨ ਮੈਚ ਖੇਡੇ ਜਾਣਗੇ, ਜਿਨ੍ਹਾਂ ’ਚੋਂ 2 ਸੈਮੀ ਫਾਈਨਲ ਅਤੇ ਇਕ ਕਲਾਸੀਫਿਕੇਸ਼ਨ ਮੈਚ ਸ਼ਾਮਿਲ ਹੈ। ਦਿਨ ਦਾ ਪਹਿਲਾ ਮੈਚ ਦੁਪਹਿਰ 2 ਵਜੇ ਚੀਨ ਤੇ ਬੰਗਲਾਦੇਸ਼ ਵਿਚਾਲੇ 5ਵੀਂ ਪੁਜ਼ੀਸ਼ਨ ਲਈ ਖੇਡਿਆ ਜਾਵੇਗਾ, ਜਦਕਿ ਸ਼ਾਮ ਦੇ 4.30 ਵਜੇ ਖੇਡੇ ਜਾਣ ਵਾਲੇ ਪਹਿਲੇ ਸੈਮੀਫਾਈਨਲ ਵਿਚ ਜਾਪਾਨ ਤੇ ਮਲੇਸ਼ੀਆ ਤੇ ਸ਼ਾਮ ਦੇ 7 ਵਜੇ ਖੇਡੇ ਜਾਣ ਵਾਲੇ ਦੂਜੇ ਸੈਮੀ ਫਾਈਨਲ ਲਈ ਭਾਰਤ ਤੇ ਦੱਖਣੀ ਕੋਰੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਚਾਰੋਂ ਟੀਮਾਂ 5 ਨਵੰਬਰ ਨੂੰ ਮੁਹਾਲੀ ਵਿਖੇ ਹੀ ਹੋਣ ਵਾਲੇ ਫਾਈਨਲ ਮੁਕਾਬਲੇ ਵਿਚ ਪੁੱਜਣ ਲਈ ਪੂਰਾ ਜ਼ੋਰ ਲਗਾਉਣਗੀਆਂ। ਸੈਮੀਫਾਈਨਲ ਵਿਚ ਹਾਰਨ ਵਾਲੀਆਂ ਦੋਵੇਂ ਟੀਮਾਂ ਕਾਂਸੀ ਦੇ ਤਗ਼ਮੇ ਲਈ ਖੇਡਣਗੀਆਂ।

ਜ਼ਿਕਰਯੋਗ ਹੈ ਕਿ ਹੁਣ ਤੱਕ 8 ਚੈਂਪੀਅਨਜ਼ ਟਰਾਫ਼ੀ ਮੁਕਾਬਲੇ ਹੋਏ ਹਨ, ਜਿਨ੍ਹਾਂ ਵਿਚ ਸਭ ਤੋਂ ਵੱਧ ਵਾਰ ਭਾਰਤ ਨੇ 6 ਵਾਰ ਫਾਈਨਲ ਖੇਡਿਆ ਹੈ। ਭਾਰਤ ਇਕ ਵਾਰ ਸਾਂਝੇ ਤੌਰ ’ਤੇ ਜੇਤੂ ਰਹਿਣ ਸਮੇਤ 5 ਵਾਰ ਜੇਤੂ ਬਣਿਆ ਹੈ ਤੇ ਇਕ ਵਾਰ ਉਪ ਜੇਤੂ ਬਣਿਆ ਹੈ। ਦੱਖਣੀ ਕੋਰੀਆ ਨੇ ਇਕ ਵਾਰ ਟਰਾਫ਼ੀ ਆਪਣੇ ਨਾਂਅ ਕੀਤੀ ਹੈ। ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਵਿਚ ਭਾਰਤ ਤੋਂ ਬਾਅਦ ਜਪਾਨ 2 ਵਾਰ ਤੇ ਦੱਖਣੀ ਕੋਰੀਆ, ਮਲੇਸ਼ੀਆ ਤੇ ਚੀਨ ਇਕ-ਇਕ ਵਾਰ ਫਾਈਨਲ ਵਿਚ ਪੁੱਜੇ ਹਨ। ਭਾਰਤ 7ਵੀਂ ਵਾਰ, ਜਾਪਾਨ ਤੀਜੀ ਵਾਰ ਤੇ ਦੱਖਣੀ ਕੋਰੀਆ, ਮਲੇਸ਼ੀਆ ਤੇ ਚੀਨ ਦੂਜੀ ਵਾਰ ਫਾਈਨਲ ਖੇਡਣ ਲਈ ਪੂਰੀ ਵਾਹ ਲਗਾਉਣਗੇ।

ਇਸ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਵਿਚ ਭਾਰਤ ਹੁਣ ਤੱਕ ਅਜੇਤੂ ਰਿਹਾ ਹੈ ਅਤੇ ਉਸ ਨੇ ਖੇਡੇ ਗਏ ਸਾਰੇ 5 ਮੈਚ ਜਿੱਤੇ ਹਨ। ਭਾਰਤ ਤੋਂ ਬਾਅਦ ਜਪਾਨ ਨੇ ਤਿੰਨ ਮੈਚ ਜਿੱਤੇ ਹਨ ਤੇ ਇਕ ਮੈਚ ਡਰਾਅ ਰਿਹਾ। ਇਸੇ ਤਰ੍ਹਾਂ ਮਲੇਸ਼ੀਆ ਨੇ ਤਿੰਨ ਤੇ ਦੱਖਣੀ ਕੋਰੀਆ ਨੇ ਦੋ ਮੈਚ ਜਿੱਤੇ ਹਨ। ਚੀਨ ਨੇ 2 ਡਰਾਅ ਤੇ ਬੰਗਲਾਦੇਸ਼ ਨੇ ਇਕ ਡਰਾਅ ਖੇਡਿਆ ਹੈ। ਭਾਰਤ ਨੇ ਕੁੱਲ ਸਭ ਤੋਂ ਵੱਧ 34 ਗੋਲ ਕੀਤੇ ਹਨ। ਮਲੇਸ਼ੀਆ ਨੇ ਕੁੱਲ 17 ਗੋਲ, ਦੱਖਣੀ ਕੋਰੀਆ ਤੇ ਚੀਨ ਨੇ 10-10, ਜਾਪਾਨ ਨੇ 9 ਗੋਲ ਅਤੇ ਬੰਗਲਾਦੇਸ਼ ਨੇ 2 ਗੋਲ ਕੀਤੇ ਹਨ। ਭਾਰਤ ਦਾ ਕਪਤਾਨ ਹਰਮਨਪ੍ਰੀਤ ਸਿੰਘ 9 ਗੋਲਾਂ ਨਾਲ ਟਾਪ ਸਕੋਰਰ ਚੱਲ ਰਿਹਾ ਹੈ।

ਪਿਛਲੀ ਖ਼ਬਰ ਨਿਊਯਾਰਕ ’ਚ ਤਿੰਨ ਦਹਾਕਿਆਂ ਮਗਰੋਂ ਖਸਰੇ ਨਾਲ ਜੁੜੀ ਪਹਿਲੀ ਮੌਤ ਅਗਲੀ ਖ਼ਬਰ ਗੁਰੂਹਰਸਹਾਏ ਦੇ ਰੇਲਵੇ ਪਾਰਕ ’ਚੋਂ 28 ਸਾਲਾ ਨੌਜਵਾਨ ਦੀ ਲਾਸ਼ ਬਰਾਮਦ