ਖਮਾਣੋਂ, (ਫਤਹਿਗੜ੍ਹ ਸਾਹਿਬ), 2 ਨਵੰਬਰ (ਮਨਮੋਹਣ ਸਿੰਘ ਕਲੇਰ)- ਸਿਹਤ ਵਿਭਾਗ ਵਲੋਂ ਬੀਤੀ ਰਾਤ ਵੱਡੀ ਕਾਰਵਾਈ ਕਰਦਿਆਂ ਖਮਾਣੋਂ ਦੇ ਬਿਲਾਸਪੁਰ ਰੋਡ ਸਥਿਤ ਇਕ ਨਕਲੀ ਦੇਸੀ ਘਿਓ ਤਿਆਰ ਕਰਨ ਵਾਲੀ ਫੈਕਟਰੀ ’ਤੇ ਛਾਪਾਮਾਰੀ ਕਰਕੇ ਉਥੋਂ ਨਕਲੀ ਦੇਸੀ ਘਿਓ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ ਸਥਾਨਕ ਪੁਲਿਸ ਨੂੰ ਮੁੱਖਬਰ ਖਾਸ ਨੇ ਉਕਤ ਫੈਕਟਰੀ ਦੇ ਚਲਦੇ ਹੋਣ ਸੰਬੰਧੀ ਸੂਚਨਾ ਦਿੱਤੀ ਸੀ, ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਸਿਹਤ ਵਿਭਾਗ ਨੂੰ ਅੱਗੇ ਜਾਣਕਾਰੀ ਦਿੰਦਿਆਂ ਸਾਂਝੇ ਤੌਰ ’ਤੇ ਕਾਰਵਾਈ ਕਰਕੇ ਉਕਤ ਬਰਾਮਦਗੀਆਂ ਕੀਤੀਆਂ ਹਨ।
ਪੁਲਿਸ ਵਲੋਂ ਸਿਹਤ ਵਿਭਾਗ ਦੀ ਟੀਮ ਦੀ ਹਾਜ਼ਰੀ ਵਿਚ ਬਰਾਮਦ ਕੀਤੇ ਗਏ ਰਿਫਾਇੰਡ ਤੇਲ ,ਬਨਸਪਤੀ ਘਿਓ, ਨਕਲੀ ਮਾਰਕਾ ਸਟਿਕਰ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਨਕਲੀ ਦੇਸੀ ਘਿਓ ਦੋ ਕੁਇੰਟਲ 86 ਕਿਲੋ ਦੱਸਿਆ ਜਾ ਰਿਹਾ ਹੈ। ਉਕਤ ਫੈਕਟਰੀ ਨੂੰ ਚਲਾਉਣ ਵਾਲੇ ਦੋ ਵਿਅਕਤੀਆਂ ਖਿਲਾਫ਼ ਪੁਲਿਸ ਵਲੋਂ ਮੁਕਦਮਾ ਦਰਜ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿਹਤ ਵਿਭਾਗ ਵਲੋਂ ਸੰਬੰਧਿਤ ਬਰਾਮਦ ਕੀਤੇ ਗਏ ਸਮਾਨ ਨੂੰ ਸੀਲ ਬੰਦ ਕਰਕੇ ਜਾਂਚ ਲਈ ਲੈਬੋਰਟਰੀ ਵਿਚ ਭੇਜਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਕਤ ਫੈਕਟਰੀ ਲਗਭਗ ਦੋ ਮਹੀਨੇ ਪਹਿਲਾਂ ਤੋਂ ਚੱਲ ਰਹੀ ਸੀ। ਸਿਹਤ ਵਿਭਾਗ ਦੀ ਇਸ ਕਾਰਵਾਈ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਲੋ ਸ਼ਲਾਘਾਯੋਗ ਕਾਰਵਾਈ ਦੱਸਿਆ ਜਾ ਰਿਹਾ ਕਿਉਂਕਿ ਤਿਉਹਾਰੀ ਸੀਜ਼ਨ ਦੇ ਚੱਲਦਿਆਂ ਅਜਿਹਾ ਨਕਲੀ ਘਿਓ ਖਾਣ ਨਾਲ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੋ ਸਕਦਾ ਸੀ।