15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਸਕੂਲ ਹਾਦਸੇ 'ਤੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 15 ਅਕਤੂਬਰ (ਸੁਰਿੰਦਰ ਕੋਛੜ) - ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਦੀ ਦਿਰ ਕਾਲੋਨੀ 'ਚ ਅੱਜ ਸਵੇਰੇ ਇਕ ਦਰਦਨਾਕ ਹਾਦਸੇ ਦੌਰਾਨ...

ਅਜੀਤ ਡੈਸਕ 15-10-2026

ਅੰਮ੍ਰਿਤਸਰ, 15 ਅਕਤੂਬਰ (ਸੁਰਿੰਦਰ ਕੋਛੜ) - ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਦੀ ਦਿਰ ਕਾਲੋਨੀ 'ਚ ਅੱਜ ਸਵੇਰੇ ਇਕ ਦਰਦਨਾਕ ਹਾਦਸੇ ਦੌਰਾਨ ਅਲ-ਖੈਰ ਨਾਮੀ ਮਦਰਸਾ/ਸਕੂਲ ਦੀ ਛੱਤ ਡਿੱਗਣ ਕਾਰਨ ਇਕ ਮਹਿਲਾ ਅਧਿਆਪਕਾ ਸਮੇਤ ਘੱਟੋ-ਘੱਟ 35 ਬੱਚਿਆਂ ਦੀ ਮੌਤ ਹੋ ਗਈ, ਜਦਕਿ 50 ਤੋਂ ਵੱਧ ਬੱਚੇ ਜ਼ਖ਼ਮੀ ਹੋ ਗਏ। ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਬੱਚਿਆਂ ਦੀ ਉਮਰ 7 ਤੋਂ 13 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਹਾਦਸੇ ਵੇਲੇ ਤਿੰਨ ਜਮਾਤਾਂ 'ਚ ਲਗਭਗ 100 ਬੱਚੇ ਮੌਜੂਦ ਸਨ। ਇਲਾਕੇ ਦੀਆਂ ਤੰਗ ਗਲੀਆਂ ਕਾਰਨ ਰਾਹਤ ਅਤੇ ਬਚਾਅ ਕਾਰਜਾਂ 'ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਬਚਾਅ ਟੀਮਾਂ ਅਤੇ ਫ਼ੌਜ ਵਲੋਂ ਸਾਂਝੇ ਤੌਰ 'ਤੇ ਮਲਬੇ ਹੇਠ ਦੱਬੇ ਬੱਚਿਆਂ ਨੂੰ ਕੱਢਣ ਲਈ ਲਗਾਤਾਰ ਚਲਾਈ ਮੁਹਿੰਮ ਦੁਪਹਿਰ ਤੋਂ ਬਾਅਦ ਮੁਕੰਮਲ ਕਰ ਲਈ ਗਈ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ।
ਕੈਪੀਟਲ ਸਿਟੀ ਪੁਲਿਸ ਅਫ਼ਸਰ ਮੀਆਂ ਸਈਦ ਅਨੁਸਾਰ ਘਟਨਾ ਤੋਂ ਤੁਰੰਤ ਬਾਅਦ ਨਿੱਜੀ ਸਕੂਲ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹਾਦਸੇ ਦੇ ਕਾਰਨਾਂ ਤੇ ਲਾਪਰਵਾਹੀ ਦੀ ਜਾਂਚ ਕੀਤੀ ਜਾ ਰਹੀ ਹੈ। ਲੇਡੀ ਰੀਡਿੰਗ ਹਸਪਤਾਲ ਪ੍ਰਸ਼ਾਸਨ ਨੇ 30 ਤੋਂ ਵੱਧ ਬੱਚਿਆਂ ਅਤੇ ਇਕ ਅਧਿਆਪਕਾ ਦੀਆਂ ਮ੍ਰਿਤਕ ਦੇਹਾਂ ਮਿਲਣ ਦੀ ਪੁਸ਼ਟੀ ਕੀਤੀ ਹੈ।
ਪਿਸ਼ਾਵਰ ਦੇ ਡਿਪਟੀ ਕਮਿਸ਼ਨਰ ਆਫਾਕ ਵਜ਼ੀਰ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਵੇਲੇ ਸਕੂਲ 'ਚ 100 ਤੋਂ ਵੱਧ ਵਿਦਿਆਰਥੀ ਮੌਜੂਦ ਸਨ ਅਤੇ ਕਲਾਸਾਂ ਚੱਲ ਰਹੀਆਂ ਸਨ। ਉਨ੍ਹਾਂ ਐਲਾਨ ਕੀਤਾ ਕਿ ਇਮਾਰਤਾਂ ਦੀ ਸੁਰੱਖਿਆ ਜਾਂਚ ਲਈ ਸਾਰੇ ਨਿੱਜੀ ਸਕੂਲਾਂ ਦਾ ਸਰਵੇਖਣ ਕਰਵਾਇਆ ਜਾਵੇਗਾ। ਸੂਬਾਈ ਸਿੱਖਿਆ ਸਕੱਤਰ ਇਨਾਇਤੁੱਲਾ ਵਸੀਮ ਨੇ ਪ੍ਰਾਈਵੇਟ ਸਕੂਲਜ਼ ਰੈਗੂਲੇਟਰੀ ਅਥਾਰਿਟੀ ਨੂੰ 24 ਘੰਟਿਆਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਪਾਕਿ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਦਰਦਨਾਕ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਦੇਸ਼ ਲਈ ਵੱਡਾ ਸਦਮਾ ਦੱਸਿਆ। ਉਨ੍ਹਾਂ ਨੇ ਜ਼ਖ਼ਮੀ ਬੱਚਿਆਂ ਨੂੰ ਬਿਹਤਰੀਨ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। 

ਪਿਛਲੀ ਖ਼ਬਰ ਦਿੱਲੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਵਲੋਂ ਬੈਂਕਾਕ ਤੋਂ ਆਇਆ 150 ਕਰੋੜ ਦਾ ਨਸ਼ੀਲਾ ਪਦਾਰਥ ਬਰਾਮਦ ਅਗਲੀ ਖ਼ਬਰ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਟੋਲ ਕਰਮਚਾਰੀਆਂ ਨੇ ਰੋਸ ਵਜੋਂ ਕੀਤਾ ਟੋਲ ਮੁਕਤ