ਨਵੀਂ ਦਿੱਲੀ, 9 ਅਕਤੂਬਰ - ਚੋਣ ਕਮਿਸ਼ਨ ਵਿਰੁੱਧ ਵਿਰੋਧੀ ਪਾਰਟੀਆਂ ਦੇ ਪ੍ਰਦਰਸ਼ਨ 'ਤੇ ਕਾਂਗਰਸੀ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਚੋਣ ਕਮਿਸ਼ਨ ਦਾ ਵਤੀਰਾ ਅਣਉਚਿਤ, ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਹੈ, ਖ਼ਾਸ ਕਰਕੇ ਮੁੱਖ ਚੋਣ ਕਮਿਸ਼ਨਰ ਦਾ ਵਤੀਰਾ, ਜੋ ਇਕਪਾਸੜ ਫ਼ੈਸਲੇ ਲੈ ਰਹੇ ਹਨ। ਸਾਨੂੰ ਲੱਗਦਾ ਹੈ ਕਿ ਐਸ.ਆਈ.ਆਰ. ਨੂੰ ਲਾਗੂ ਕਰਨ ਦੀ ਪ੍ਰਕਿਰਿਆ ਬਹੁਤ ਗਲਤ ਹੈ ਅਤੇ ਫਾਰਮ 6 ਵਿਚ ਗੰਭੀਰ ਬੇਨਿਯਮੀਆਂ ਅਤੇ ਫਾਰਮ 7 ਦੀ ਭਾਰੀ ਦੁਰਵਰਤੋਂ ਹੋਈ ਹੈ। ਅਸੀਂ ਇਸ ਮੁੱਦੇ ਨੂੰ ਉਠਾਉਂਦੇ ਰਹਾਂਗੇ; ਇਸ ਮੁੱਖ ਚੋਣ ਕਮਿਸ਼ਨਰ ਦੀ ਨਿਗਰਾਨੀ ਹੇਠ ਕਰਵਾਈ ਜਾਣ ਵਾਲੀ ਇਹ ਚੋਣ ਸ਼ੱਕ ਦੇ ਘੇਰੇ ਵਿਚ ਰਹੇਗੀ।"
ਦਿੱਲੀ ਪੁਲਿਸ ਵਲੋਂ 10 ਅਕਤੂਬਰ ਦੇ ਕਾਕਰੋਚ ਜਨਤਾ ਪਾਰਟੀ (ਕੇ.ਜੀ.ਪੀ.) ਪ੍ਰਦਰਸ਼ਨ ਨੂੰ "ਗੈਰ-ਕਾਨੂੰਨੀ" ਕਰਾਰ ਦਿੱਤੇ ਜਾਣ 'ਤੇ ਕਾਰਤੀ ਚਿਦੰਬਰਮ ਨੇ ਕਿਹਾ, "ਮੈਨੂੰ ਸਮਝ ਨਹੀਂ ਆਉਂਦੀ ਕਿ ਡੀ.ਸੀ.ਪੀ. ਕੋਲ ਭਾਰਤ ਦੇ ਕਿਸੇ ਨਾਗਰਿਕ ਦਾ ਮੌਲਿਕ ਅਧਿਕਾਰ ਖੋਹਣ ਦਾ ਅਧਿਕਾਰ ਕਿਵੇਂ ਹੈ। ਸਰਕਾਰ ਕਿਸੇ ਪ੍ਰਦਰਸ਼ਨ 'ਤੇ ਰੋਕ ਲਗਾ ਸਕਦੀ ਹੈ, ਪਰ ਉਹ ਭਾਰਤ ਦੇ ਨੌਜਵਾਨਾਂ ਦੇ ਮੂਡ ਅਤੇ ਉਨ੍ਹਾਂ ਦੇ ਰੋਹ ਨੂੰ ਨਹੀਂ ਦਬਾ ਸਕਦੀ।"