ਅਜਨਾਲਾ (ਅੰਮ੍ਰਿਤਸਰ), 4 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ ਤੋਂ ਥੋੜੀ ਦੂਰ ਵੱਸਦੇ ਪਿੰਡ ਜਗਦੇਵ ਖੁਰਦ ਨਜ਼ਦੀਕ ਹੁਣ ਤੋਂ ਕੁਝ ਸਮਾਂ ਪਹਿਲਾਂ ਰੇਲਵੇ ਪੁਲਿਸ ਵਿਚ ਤਾਇਨਾਤ ਇਕ ਪੁਲਿਸ ਕਰਮਚਾਰੀ 'ਤੇ ਅਣਪਛਾਤਿਆਂ ਵਲੋਂ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ, ਜਖ਼ਮੀ ਹਾਲਤ ਵਿਚ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਅਜਨਾਲਾ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਕਰਮਚਾਰੀ ਸੁਖਚੈਨ ਸਿੰਘ ਵਾਸੀ ਪਿੰਡ ਜਗਦੇਵ ਖੁਰਦ ਨੇ ਦੱਸਿਆ ਕਿ ਮੈਂ ਜਦ ਆਪਣੀ ਡਿਊਟੀ ਖ਼ਤਮ ਕਰਕੇ ਅੰਮ੍ਰਿਤਸਰ ਤੋਂ ਆਪਣੇ ਪਿੰਡ ਜਗਦੇਵ ਖੁਰਦ ਨਜ਼ਦੀਕ ਪੁੱਜਾ ਤਾਂ ਮੋਟਰਸਾਈਕਲ 'ਤੇ ਆਏ ਅਣਪਛਾਤੇ ਵਿਅਕਤੀਆਂ ਵਲੋਂ ਮੇਰੇ ਉੱਪਰ ਗੋਲੀ ਚਲਾ ਦਿੱਤੀ ਜੋ ਮੇਰੀ ਬਾਂਹ ਦੇ ਵਿਚੋਂ ਆਰ ਪਾਰ ਹੋ ਗਈ I ਉਨ੍ਹਾਂ ਦੱਸਿਆ ਕਿ ਮੇਰਾ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਹੈ ਪਰ ਮੇਰੇ ਭਰਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਤੇ ਮੈਨੂੰ ਸ਼ੱਕ ਹੈ ਕਿ ਮੇਰੀ ਭਰਜਾਈ ਵਲੋਂ ਅੱਜ ਮੇਰੇ ਉੱਪਰ ਗੋਲੀ ਚਲਵਾਈ ਗਈ ਹੈ।
ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਮੇਰੇ ਉੱਪਰ ਗੋਲੀ ਚਲਾਉਣ ਵਾਲੇ ਵਿਅਕਤੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇI ਉਧਰ ਇਹ ਸੂਚਨਾ ਮਿਲਦਿਆਂ ਹੀ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਕੰਵਲਪ੍ਰੀਤ ਸਿੰਘ ਚਾਹਲ, ਐਸ.ਪੀ ਰਮਨਦੀਪ ਸਿੰਘ, ਡੀ.ਐਸ.ਪੀ ਧਰਮਿੰਦਰ ਕਲਿਆਣ, ਡੀ.ਐਸ.ਪੀ ਗੁਰਿੰਦਰਪਾਲ ਸਿੰਘ ਨਾਗਰਾ ਅਤੇ ਐਸ.ਐਚ.ਓ ਨਰਿੰਦਰ ਸਿੰਘ ਮੌਕੇ ਤੇ ਪਹੁੰਚੇ ਹੋਏ ਹਨ। ਉਨ੍ਹਾਂ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।