23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਗਰ ਕੌਂਸਲ ਦੇ ਕੌਂਸਲਰਾਂ ਨੇ ਕਾਰਜ ਸਾਧਕ ਖਿਲਾਫ਼ ਖੋਲਿਆ ਬਗਾ਼ਵਤ ਦਾ ਮੋਰਚਾ

ਤਪਾ ਮੰਡੀ (ਬਰਨਾਲਾ), 23 ਸਤੰਬਰ (ਵਿਜੇ ਸ਼ਰਮਾ)- ਸਥਾਨਕ ਨਗਰ ਕੌਂਸਲ ਦੇ 15 ਵਾਰਡਾਂ ਦੇ ਕੌਂਸਲਰਾਂ ਨੇ...

ਅਜੀਤ ਡੈਸਕ 23-09-2026

ਤਪਾ ਮੰਡੀ (ਬਰਨਾਲਾ), 23 ਸਤੰਬਰ (ਵਿਜੇ ਸ਼ਰਮਾ)- ਸਥਾਨਕ ਨਗਰ ਕੌਂਸਲ ਦੇ 15 ਵਾਰਡਾਂ ਦੇ ਕੌਂਸਲਰਾਂ ਨੇ ਨਗਰ ਕੌਂਸਲ ਤਪਾ ਦੇ ਕਾਰਜ ਸਾਧਕ ਅਫ਼ਸਰ ਖਿਲਾਫ਼ ਬਗਾਵਤ ਦਾ ਮੋਰਚਾ ਖੋਲ੍ਹਦਿਆਂ ਕੌਂਸਲਰ ਅਤੇ ਕਾਰਜ ਸਾਧਕ ਅਫ਼ਸਰ ਆਹਮੋ ਸਾਹਮਣੇ ਹੋ ਗਏ ਹਨ ਜਿਸ ਨੂੰ ਲੈ ਕੇ ਕੌਂਸਲਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲ ਕੇ ਤੁਰੰਤ ਪ੍ਰਭਾਵ ਨਾਲ ਬਦਲੀ ਦੀ ਮੰਗ ਨੂੰ ਲੈ ਕੇ ਪੱਤਰ ਦਿੱਤਾ ਗਿਆ ਅਤੇ ਦੋਹਾਂ ਧਿਰਾਂ ਵਲੋਂ ਇਕ ਦੂਜੇ ਤੇ ਦੋਸ਼ ਵੀ ਮੜ ਦਿਤੇ।‌

ਇਸ ਬਗਾਵਤ ਵਿਚ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਸਮੇਤ ਕੌਂਸਲਰ ਨੇ ਕਾਰਜ ਸਾਧਕ ਅਫ਼ਸਰ ਖਿਲਾਫ਼ ਮੀਟਿੰਗ ਦੌਰਾਨ ਮਤਾ ਪਾਸ ਕਰਕੇ ਇਕ ਮਤੇ ਦੀ ਕਾਪੀ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਸੋਂਪੀ ਗਈ। ਇਸ ਮੌਕੇ ਕੌਂਸਲਰਾਂ ਨੇ ਕਿਹਾ ਕਿ ਨਗਰ ਕੌਂਸਲ ਤਪਾ ਦੇ ਕਾਰਜ ਸਾਧਕ ਅਫ਼ਸਰ ਕੋਲ ਤਪਾ ਨਗਰ ਕੌਂਸਲ ਦਾ ਚਾਰਜ ਤੋਂ ਇਲਾਵਾ ਕਈ ਹੋਰ ਨਗਰ ਕੌਂਸਲਾਂ ਦਾ ਚਾਰਜ ਹੈ ਪਰ ਨਗਰ ਕੌਂਸਲ ਤਪਾ ਵਿਖੇ ਕਾਰਜ ਸਾਧਕ ਅਫ਼ਸਰ ਦੀ ਹਾਜ਼ਰੀ ਬਹੁਤ ਘੱਟ ਹੈ, ਜਿਸ ਕਰਕੇ ਸ਼ਹਿਰ ਅਤੇ ਕੌਂਸਲਰਾਂ ਦੇ ਕੋਈ ਵੀ ਕੰਮ ਨਹੀਂ ਹੋ ਰਹੇ, ਜਦ ਵਾਰਡ ਦੇ ਕੌਂਸਲਰ ਵਲੋਂ ਸ਼ਹਿਰ ਦੇ ਕੰਮ ਸਬੰਧੀ ਪੁੱਛਿਆ ਜਾਂਦਾ ਹੈ ਤਾਂ ਕਾਰਜ ਸਾਧਕ ਅਫ਼ਸਰ ਦਾ ਵਤੀਰਾ ਕੋਂਸਲਰਾਂ ਪ੍ਰਤੀ ਠੀਕ ਨਹੀਂ ਹੈ ਅਤੇ ਨਗਰ ਕੌਂਸਲ ਵਿਚ ਉਹ ਆਪਣੀ ਮਨ ਮਰਜ਼ੀ ਕਰ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਕੌਂਸਲਰਾਂ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕੌਂਸਲਰਾਂ ਨੇ ਕਿਹਾ ਕਿ ਕਾਰਜ ਸਾਧਕ ਅਫ਼ਸਰ ਵਲੋਂ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਕਰਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਕਾਰਜ ਸਾਧਕ ਅਫ਼ਸਰ ਵਲੋਂ ਕੌਂਸਲਰਾਂ ਅਤੇ ਸ਼ਹਿਰ ਦਾ ਕੋਈ ਵੀ ਕੰਮ ਜਾਣ ਬੁੱਝ ਕੇ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਬ ਡਿਵੀਜ਼ਨ ਤਪਾ ਦੇ ਐਸ.ਡੀ.ਐਮ. ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂੰ ਕਰਵਾਇਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਕੰਮਾਂ ਲਈ ਕੌਂਸਲਰ ਬਚਨਵੱਧ ਹਨ ਜਿਸ ਕਰਕੇ ਸ਼ਹਿਰ ਦਾ ਵਿਕਾਸ ਹੋਣਾ ਲਾਜ਼ਮੀ ਹੈ। ਇਸ ਸਬੰਧੀ ਜਦੋਂ ਨਗਰ ਕੌਂਸਲ ਤਪਾ ਦੇ ਕਾਰਜ ਸਾਧਕ ਅਫ਼ਸਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਕਿਹਾ ਕਿ ਮੈਨੂੰ ਕੁੱਝ ਕੋਂਸਲਰਾਂ ਦੇ ਫੋਨ ਆ ਚੁੱਕੇ ਹਨ ਕਿ ਸਾਨੂੰ ਤਾਂ ਮਜ਼ਬੂਰੀ ਬੱਸ ਇਨ੍ਹਾਂ ਨਾਲ ਖੜਨਾ ਪੈ ਰਿਹਾ ਹੈ, ਉਨ੍ਹਾਂ ਕਿਹਾ ਕਿ ਜੋ ਵੀ ਕੰਮ ਹੋ ਰਿਹਾ ਹੈ ਉਹ ਕਾਨੂੰਨ ਮੁਤਾਬਿਕ ਕੀਤਾ ਗਿਆ ਅਤੇ ਕਰ ਰਿਹਾ ਹਾਂ, ਪਰ ਕੁੱਝ ਕੌਂਸਲਰ ਜਾਣ ਬੁੱਝ ਕੇ ਨਗਰ ਕੌਂਸਲ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਗਰ ਕਿਸੇ ਨੂੰ ਮੇਰੇ ਵਲੋਂ ਕੀਤੇ ਕੰਮ ਪ੍ਰਤੀ ਕੋਈ ਸ਼ੱਕ ਹੈ ਤਾਂ ਉਹ ਕਿਸੇ ਵੇਲੇ ਵੀ ਦਫ਼ਤਰ ਵਿਚ ਕੰਮਾਂ ਦੀ ਜਾਂਚ ਪੜਤਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪ੍ਰੋਪਰਟੀ ਦਾ ਨਕਸ਼ਾ ਬਣਾਉਣ ਲਈ ਨੋਟਿਸ ਭੇਜਿਆ ਜਾਂਦਾ ਹੈ ਤਾਂ ਕੁਝ ਕੌਂਸਲਰ ਆਪਣੀ ਪਹੁੰਚ ਦਿਖਾਉਂਦੇ ਹੋਏ ਉਸ ਨੂੰ ਬਗੈਰ ਨਕਸ਼ੇ ਤੋਂ ਮਕਾਨ ਜਾਂ ਦੁਕਾਨ ਬਣਾਉਣ ਲਈ ਆਪਣਾ ਰੋਹਬ ਮਾਰਨਾ ਚਾਹੁੰਦੇ ਹਨ, ਕਿਉਂਕਿ ਨਗਰ ਕੌਂਸਲ ਕੋਲ ਪਹਿਲਾਂ ਹੀ ਫੰਡਾਂ ਦੀ ਕਾਫੀ ਘਾਟ ਹੈ। 

ਉਨ੍ਹਾਂ ਕਿਹਾ ਕਿ ਅਗਰ ਕੋਈ ਨਕਸ਼ਾ ਬਣਾਉਂਦਾ ਹੈ ਤਾਂ ਉਸ ਦੇ ਪੈਸੇ ਨਗਰ ਕੌਂਸਲ ਨੂੰ ਹੀ ਆਉਂਦੇ ਹਨ ਜਿਸ ਕਰਕੇ ਨਗਰ ਕੌਂਸਲ ਦੀ ਆਮਦਨ ਵਿਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰਾ ਕੰਮ ਦਰੁਸਤ ਹੈ ਇਸ ਲਈ ਮੈਨੂੰ ਕੋਈ ਵੀ ਡਰ ਨਹੀਂ ਹੈ ਅਤੇ ਮੈਂ ਹਰ ਜਾਂਚ ਲਈ ਤਿਆਰ ਹਾਂ।

ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਵਾਸੀ, ਮੀਤ ਪ੍ਰਧਾਨ ਮਨੀਸ਼ ਕੁਮਾਰ ਗਰਗ, ਅਰਵਿੰਦਰ ਰੰਗੀ, ਮੇਲਾ ਕਾਲੀਆ, ਗੁਰਮੀਤ ਸਿੰਘ ਰੋਡ, ਅੰਕਿਤ ਸਿੰਗਲਾ, ਰਣਜੀਤ ਸਿੰਘ ਲਾਡੀ, ਧਰਮਪਾਲ ਸ਼ਰਮਾ, ਦੀਪਕ ਗੱਗ, ਹੈਪੀ ਸਿੰਘ, ਵਿਨੋਦ ਕੁਮਾਰ ਕਾਲਾ, ਜੋਨੀ ਕੁਮਾਰ ਆਦਿ ਹਾਜ਼ਰ ਸਨ। 

ਪਿਛਲੀ ਖ਼ਬਰ ਜਥੇਦਾਰ ਬ੍ਰਹਮਪੁਰਾ ਦੀ ਬੇਟੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਰ ਫੈਸਲੇ ਨਾਲ ਡਟ ਕੇ ਖੜ੍ਹਾ ਹੋਣ ਦਾ ਐਲਾਨ ਅਗਲੀ ਖ਼ਬਰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਘਰ ਈ.ਡੀ. ਵਲੋਂ ਕੀਤੀ ਗਈ ਛਾਪੇਮਾਰੀ