ਨਵਾਂਸ਼ਹਿਰ, 15 ਸਤੰਬਰ (ਜਸਬੀਰ ਸਿੰਘ ਨੂਰਪੁਰ)- ਨਵਾਂਸ਼ਹਿਰ ਹਲਕੇ ਦੇ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਨਵਾਂਸ਼ਹਿਰ ਹਲਕੇ ਵਿਚ ਸਤਲੁਜ ਦਰਿਆ ਵਿਚ ਡੀ ਸਿਲਟਿੰਗ ਦੇ ਨਾਂ ਤੇ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਰਕਾਰ ਵਲੋਂ ਤੁਰੰਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਆਖਿਆ ਕਿ ਮੇਰੇ ਹਲਕੇ ਵਿਚ ਸਤਲੁਜ ਦਰਿਆ ਤੇ ਸ਼ਰੇਆਮ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਅਤੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਿਰਧਾਰਤ ਡੂੰਘਾਈ ਅਤੇ ਕਈ ਖੇਤਰਾਂ ਤੋਂ ਕਿਤੇ ਵੱਧ ਜਾ ਕੇ ਭਾਰੀ ਮਸ਼ੀਨਰੀ ਨਾਲ ਰੇਤ ਕੱਢੀ ਕੀਤੀ ਜਾ ਰਹੀ ਹੈ। ਇਹ ਸਿੱਧੀ ਉਲੰਘਣਾ ਹੀ ਨਹੀਂ ਸਿਰਫ ਕੁਦਰਤੀ ਸਰੋਤਾਂ ਦੀ ਲੁੱਟ ਹੈ। ਉਨ੍ਹਾਂ ਆਖਿਆ ਕਿ ਦਰਿਆ ਅਤੇ ਵਾਤਾਵਰਨ ਦੀ ਬੁਰੀ ਤਰਾਂ ਬਰਬਾਦੀ ਕੀਤੀ ਜਾ ਰਹੀ ਹੈ।
ਨਵਾਂਸ਼ਹਿਰ ਹਲਕੇ ਵਿਚ ਹੋ ਰਹੀ ਨਜਾਇਜ਼ ਮਾਈਨਿੰਗ ਸਭ ਤੋਂ ਵੱਧ ਚਿੰਤਾਜਨਕ ਹੈ। ਸਭ ਤੋਂ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਇਸ ਸਮੇਂ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਇਸ ਗੈਰ ਵਿਗਿਆਨਕ ਅਤੇ ਅੰਨ੍ਹੇ ਵਾਹ ਖੁਦਾਈ ਕਾਰਨ ਸਤਲੁਜ ਦਰਿਆ ਦੇ ਕੁਦਰਤੀ ਕਿਨਾਰਿਆਂ ਅਤੇ ਧੁੱਸੀਂ ਬੰਨ੍ਹ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।